ਪੇਂਡੂ ਖੇਤਰ ਕੋਰੋਨਾ ਦੀ ਲਪੇਟ ‘ਚ – ਜ਼ਮੀਨੀ ਹਕੀਕਤਾਂ ਜਾਣਨ ਦਾ ਵੇਲਾ !

TeamGlobalPunjab
4 Min Read

-ਜਗਤਾਰ ਸਿੰਘ ਸਿੱਧੂ, ਸੀਨੀਅਰ ਪੱਤਰਕਾਰ: 

ਕਰੋਨਾ ਦੀ ਖਤਰਨਾਕ ਦੂਜੀ ਲਹਿਰ ਨੇ ਜਿਥੇ ਪਹਿਲਾਂ ਸ਼ਹਿਰਾਂ ਨੂੰ ਲਪੇਟ ਵਿਚ ਲਿਆ ਸੀ, ਉਥੇ ਹੀ ਪੇਂਡੂ ਖੇਤਰ ਕੋਰੋਨਾ ਦੀ ਮਾਰ ਹੇਠ ਆ ਗਏ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਅੰਦਰ ਬਹੁਤ ਦਰਦਨਾਕ ਤਸਵੀਰਾਂ ਉੱਭਰ ਕੇ ਸਾਹਮਣੇ ਆ ਰਹੀਆਂ ਹਨ। ਪੰਜਾਬ ਦੇ ਪੇਂਡੂ ਖੇਤਰਾਂ ਦੀ ਗੱਲ ਕਰੀ ਜਾਵੇ ਤਾਂ ਇਸ ਵੇਲੇ ਬਿਮਾਰੀ ਦੇ ਟਾਕਰੇ ਲਈ ਸਰਕਾਰ ਦੇ ਦਾਅਵੇ ਧਰੇ ਦੇ ਧਰੇ ਰਹਿ ਗਏ ਹਨ।ਬੇਸ਼ਕ ਸਰਕਾਰੀ ਅੰਕੜੇ ਦੱਸਦੇ ਹਨ ਕਿ ਅਜੇ ਵੀ ਪਿੰਡਾਂ ਦੇ ਮੁਕਾਬਲੇ ਸ਼ਹਿਰੀ ਵਸੋਂ ਵਧੇਰੇ ਪ੍ਰਭਾਵਿਤ ਹੈ ਪਰ ਪਿੰਡਾਂ ਦੀ ਹਾਲਤ ਵੀ ਚਿੰਤਾਜਣਕ ਬਣੀ ਹੋਈ ਹੈ।

ਪੰਜਾਬੀਆਂ ਲਈ ਸੱਭ ਤੋਂ ਪ੍ਰੇਸ਼ਾਨੀ ਵਾਲੇ ਤੱਥ ਇਹ ਹਨ ਕਿ ਦੇਸ਼ ਦੇ ਮੁਕਾਬਲੇ ਵਿਚ ਪੰਜਾਬ ਦੀ ਕੋਰੋਨਾ ‘ਚ ਮੌਤ ਦਰ ਵਧੇਰੇ ਹੈ। ਪੰਜਾਬ ਵਿਚ ਬੇਸ਼ਕ ਸਰਕਾਰੀ ਅੰਕੜੇ ਤਾਂ ਘੱਟ ਹਨ ਪਰ ਮੁਢਲੀਆਂ ਰਿਪੋਰਟਾਂ ਅਨੁਸਾਰ ਕੋਰੋਨਾ ਨਾਲ ਮਰਨ ਵਾਲਿਆਂ ਵਿਚ ਵੱਡੀ ਗਿਣਤੀ ਅੋਰਤਾਂ ਦੀ ਹੈ। ਸਮਾਜਿਕ ਅਤੇ ਆਰਥਿਕ ਖੇਤਰ ਵਿਚ ਪਰਿਵਾਰਾਂ ਅੰਦਰ ਔਰਤਾਂ ਦੇ ਇਲਾਜ ਬਾਰੇ ਲਾਪਰਵਾਹੀ ਔਰਤਾਂ ਦੇ ਮਰਨ ਦਾ ਵਧੇਰੇ ਮੁੱਖ ਕਾਰਨ ਬਣੀ ਹੋਈ ਹੈ। ਉਂਝ ਵੀ ਕੋਰੋਨਾ ਬਾਰੇ ਬਿਮਾਰੀ ਦੇ ਆ ਰਹੇ ਅੰਕੜਿਆਂ ਨਾਲੋਂ ਅਸਲ ਅੰਕੜੇ ਕਿਤੇ ਵਧੇਰੇ ਹਨ।

ਪਿੰਡਾਂ ਅੰਦਰ ਬਹੁਤ ਸਾਰੇ ਮਰੀਜ਼ ਘਰਾਂ ਵਿਚ ਹੀ ਇਲਾਜ ਕਰਵਾ ਰਹੇ ਹਨ ਅਤੇ ਸਿਹਤ ਵਿਭਾਗ ਨਾਲ ਉਨ੍ਹਾਂ ਦਾ ਕੋਈ ਸੰਪਰਕ ਨਹੀਂ ਹੈ। ਕਈ ਤਾਂ ਆਰਥਿਕ ਤੰਗੀਆਂ ਕਾਰਨ ਪਿੰਡ ਪੱਧਰ ‘ਤੇ ਹੀ ਆਪਣੇ ਡਾਕਟਰਾਂ ਕੋਲੋਂ ਇਲਾਜ ਕਰਵਾ ਰਹੇ ਹਨ। ਕਈ ਇਕ ਮਰੀਜ਼ ਨੂੰ ਦੱਸੀਆਂ ਦਵਾਈਆਂ ਸਿੱਧੇ ਹੀ ਕੈਮਿਸਟ ਕੋਲੋਂ ਆਪਣੇ ਇਲਾਜ ਲਈ ਮੰਗਵਾ ਰਹੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਨੂੰ ਮਰੀਜ਼ ਅੰਦਰ ਆਕਸੀਜਨ ਦਾ ਪੱਧਰ ਘੱਟ ਜਾਣ ਦੀ ਕੋਈ ਜਾਣਕਾਰੀ ਹੀ ਨਹੀਂ ਹੁੰਦੀਂ।

- Advertisement -

ਕੋਰੋਨਾ ਕਾਰਨ ਮਰਨ ਵਾਲਿਆਂ ਦੇ ਸਬੰਧੀ ਸਿੱਧੇ ਹੀ ਸਸਕਾਰ ਕਰ ਆਉਂਦੇ ਹਨ ਅਤੇ ਮਹਿਕਮੇ ਕੋਲ ਕੋਈ ਜਾਣਕਾਰੀ ਹੀ ਨਹੀਂ ਹੁੰਦੀ।ਅਕਸਰ ਪਿੰਡਾਂ ਵਿਚ ਮਰਨ ਵਾਲਿਆਂ ਦੇ ਪਰਿਵਾਰਾਂ ਨਾਲ ਸਿਹਤ ਮਹਿਕਮਾਂ ਕੋਈ ਸੰਪਰਕ ਨਹੀਂ ਕਰਦਾ। ਹੁਣ ਪਿੰਡਾਂ ਵਿਚ ਬਾਹਰੋਂ ਆਉਣ ਵਾਲਿਆਂ ਦਾ ਪਤਾ ਲਾਉਣ ਲਈ ਠੀਕਰੀ ਪਹਿਰਾ ਸ਼ੁਰੂ ਕੀਤਾ ਗਿਆ ਹੈ। ਸਵਾਲ ਪੈਂਦਾ ਹੁੰਦਾ ਹੈ ਕਿ ਲੋਕਾ ਨੂੰ ਬਿਮਾਰੀ ਬਾਰੇ ਜਾਣਕਾਰੀ ਦੇਣ ਲਈ ਮੁਹਿੰਮ ਚਲਾਉਣ ਦੀ ਲੋੜ ਹੈ ਜਾਂ ਡਾਂਗ ਫੇਰ ਕੇ ਬਿਮਾਰੀ ਭਜਾਈ ਜਾ ਸਕਦੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਪੰਚਾਂ ਨਾਲ ਸਿਧੀ ਗੱਲ ਕਰਕੇ ਕਿਹਾ ਹੈ ਕਿ 100 ਫੀਸਦੀ ਟੀਕਾਕਰਨ ਵਾਲੇ ਪਿੰਡਾਂ ਨੂੰ ਵਿਸ਼ੇਸ਼ ਗ੍ਰਾਂਟ ਦਿੱਤੀ ਜਾਵੇਗੀ। ਇਹ ਚੰਗਾਂ ਕਦਮ ਹੈ ਪਰ ਇਸ ਮੰਤਵ ਲਈ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਉਂਝ ਵੀ ਸਰਕਾਰਾਂ ਨੂੰ ਬਿਮਾਰੀ ਅਤੇ ਮੌਤ ਦਰ ਦੇ ਅੰਕੜੇ ਘਟਾ ਕੇ ਪੇਸ਼ ਕਰਨ ਦੀ ਥਾਂ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਸਿਹਤ ਖੇਤਰ ਨਾਲ ਜੁੜੀਆਂ ਟੀਮਾਂ ਅਤੇ ਵਿਗਿਆਨੀ ਬਿਮਾਰੀ ਦੇ ਟਾਕਰੇ ਲਈ ਵਧੇਰੇ ਮਜ਼ਬੂਤੀ ਨਾਲ ਕੰਮ ਕਰ ਸਕਣ। ਸਿਹਤ ਢਾਂਚੇ ਨੂੰ ਬਲਾਕ ਅਤੇ ਜ਼ਿਲ੍ਹਾਂ ਪੱਧਰ ਤੱਕ ਮਜ਼ਬੂਤ ਕੀਤਾ ਜਾਵੇ ਤਾਂ ਜੋ ਲੋਕ ਵੱਡੇ ਸ਼ਹਿਰਾਂ ਨੂੰ ਦੌੋੜਨ ਲਈ ਖੁਆਰ ਨਾ ਹੋਣ।

ਮਿਸਾਲ ਵੱਜੋਂ ਮਾਝੇ ਦੇ ਤਰਨਤਾਰਨ ਜ਼ਿਲ੍ਹਾ ਹੈਡਕੁਆਟਰ ਤੇ ਤਿੰਨ ਵੈਂਟੀਲੇਟਰ ਸਨ ਤਾਂ ਉਨ੍ਹਾਂ ਵਿਚੋ ਦੋ ਨੂੰ ਪਟਿਆਲਾ ਸ਼ਿਫਟ ਕਰ ਦਿੱਤਾ ਹੈ ਅਤੇ ਤੀਜਾ ਖਰਾਬ ਪਿਆ ਹੈ। ਡਾਕਟਰਾਂ ਦੀ ਵੱਡੀ ਗਿਣਤੀ ਵਿਚ ਘਾਟ ਹੈ ਅਤੇ ਉਨ੍ਹਾਂ ਕੋਲ ਲੋੜੀਦਿਆਂ ਸਹੂਲਤਾਂ ਵੀ ਨਹੀਂ ਹਨ। ਕੇਵਲ ਮੁੱਖ ਮੰਤਰੀ ਦੀ ਫੋਟੋ ਲਾ ਕੇ ਫਤਿਹ ਕਿੱਟ ਵੰਡਣ ਨਾਲ ਕੋਰੋਨਾ ਦਾ ਟਾਕਰਾ ਨਹੀਂ ਹੋ ਸਕਦਾ। ਜ਼ਮੀਨੀ ਹਕੀਕਤਾਂ ਜਾਨਣ ਦੀ ਲੋੜ ਹੈ।

Share this Article
Leave a comment