ਜ਼ਿੰਦਗੀ ਦੀ ਜੰਗ ‘ਚ ਹੌਸਲਾ ਨਹੀਂ ਕਾਇਰਤਾ ਨੂੰ ਹਰਾਓ

TeamGlobalPunjab
6 Min Read

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ;

ਜੀਵਨ ਅਨਮੋਲ ਹੈ ਤੇ ਪਰਮਾਤਮਾ ਵੱਲੋਂ ਮਨੁੱਖ ਨੂੰ ਦਿੱਤੀ ਅਦੁੱਤੀ ਦਾਤ ਹੈ। ਦੁਨੀਆ ‘ਤੇ ਸ਼ਾਇਦ ਹੀ ਕੋਈ ਅਜਿਹਾ ਮਨੁੱਖ ਹੋਵੇ ਜਿਸਨੂੰ ਕਿਸੇ ਪ੍ਰੇਸ਼ਾਨੀ ਜਾਂ ਮੁਸੀਬਤ ਨੇ ਨਾ ਘੇਰਿਆ ਹੋਵੇ ਪਰ ਜਦੋਂ ਕੋਈ ਮਨੁੱਖ ਪ੍ਰੇਸ਼ਾਨੀ ਨੂੰ ਸਹਿਣ ਕਰਨ ਤੇ ਮੁਸੀਬਤ ਦੇ ਹੱਲ ਦੀ ਥਾਂ ਉਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ ਕਰਦਾ ਹੈ ਤਾਂ ਉਹ ਇਹ ਭੁੱਲ ਜਾਂਦਾ ਹੈ ਕਿ ਦੁਨੀਆਂ ‘ਤੇ ਰੱਬ ਦਾ ਐਸਾ ਕਿਹੜਾ ਅਵਤਾਰ, ਗੁਰੂ ਜਾਂ ਪੈਗੰਬਰ ਆਇਆ ਹੈ ਜਿਸਨੂੰ ਆਮ ਮਨੁੱਖ ਨਾਲੋਂ ਹਜ਼ਾਰਾਂ ਗੁਣਾ ਵੱਧ ਦੁੱਖ, ਪ੍ਰੇਸ਼ਾਨੀਆਂ ਜਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ। ਜਦੋਂ ਕੋਈ ਮਨੁੱਖ ਖ਼ੁਦਕੁਸ਼ੀ ਦਾ ਮਾਰਗ ਅਪਨਾਉਣ ਦਾ ਫ਼ੈਸਲਾ ਕਰਦਾ ਹੈ ਤਾਂ ਉਹ ਆਪਣੀ ਕਾਇਰਤਾ ਅਤੇ ਪਰਮਾਤਮਾ ੳੁੱਤੇ ਵਿਸ਼ਵਾਸ਼ਹੀਣਤਾ ਦੇ ਪ੍ਰਗਟਾਵੇ ਦੇ ਨਾਲ ਨਾਲ ਜੀਵਨ ਜਿਹੇ ਅਨਮੋਲ ਤੋਹਫ਼ੇ ਦਾ ਤਿਰਸਕਾਰ ਵੀ ਕਰ ਰਿਹਾ ਹੁੰਦਾ ਹੈ।

ਅੱਜ ਵਿਸ਼ਵ ਖ਼ੁਦਕੁਸ਼ੀ ਰੋਕੂ ਦਿਵਸ ਹੈ ਤੇ ਵਿਸ਼ਵ ਸਿਹਤ ਸੰਗਠਨ ਦੇ ਉਦਮ ਸਦਕਾ ਇਹ ਦਿਵਸ ਪਹਿਲੀ ਵਾਰ ਸੰਨ 2003 ਵਿੱਚ ਮਨਾਇਆ ਗਿਆ ਸੀ। ਇਹ ਦਿਵਸ ਸਾਨੂੰ ਯਾਦ ਕਰਵਾਉਂਦਾ ਹੈ ਕਿ ਦੁਨੀਆ ਭਰ ਵਿੱਚ ਹਰ ਰੋਜ਼ ਤਿੰਨ ਹਜ਼ਾਰ ਵਿਅਕਤੀ ਵੱਖ ਵੱਖ ਕਾਰਨਾਂ ਕਰਕੇ ਖ਼ੁਦਕੁਸ਼ੀ ਕਰ ਲੈਂਦੇ ਹਨ ਤੇ ਸਭ ਤੋਂ ਖ਼ਤਰਨਾਕ ਤੇ ਦਿਲ ਕੰਬਾਊ ਤੱਥ ਇਹ ਹੈ ਕਿ ਇੱਕ ਵਿਅਕਤੀ ਦੀ ਖ਼ੁਦਕੁਸ਼ੀ ਦੀ ਖ਼ਬਰ ਘੱਟੋ-ਘੱਟ ਵੀਹ ਹੋਰ ਵਿਅਕਤੀਆਂ ਅਜਿਹਾ ਭੈੜਾ ਕਦਮ ਚੁੱਕਣ ਲਈ ਪ੍ਰੇਰਿਤ ਕਰਦੀ ਹੈ। ਹਰੇਕ ਸਾਲ ਦੁਨੀਆਂ ਭਰ ਵਿੱਚ ਦਸ ਲੱਖ ਦੇ ਕਰੀਬ ਲੋਕ ਆਪਣੀਆਂ ਪ੍ਰੇਸ਼ਾਨੀਆਂ ਤੇ ਮੁਸ਼ਕਿਲਾਂ ਨਾਲ ਲੜ੍ਹਨ ਦੀ ਥਾਂ ਉਨ੍ਹਾ ਅੱਗੇ ਗੋਡੇ ਟੇਕ ਕੇ ਆਪਣੀ ਜਾਨ ਆਪ ਲੈ ਲੈਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਅਮਰੀਕਾ ਜਿਹੇ ਵਿਕਸਿਤ ਮੁਲਕ ਵਿੱਚ ਵੀ ਸੰਨ 2019 ਵਿੱਚ 47,511 ਵਿਅਕਤੀਆਂ ਨੇ ਆਤਮਹੱਤਿਆ ਕਰ ਲਈ ਸੀ ਅਤੇ 10 ਲੱਖ ਤੋਂ ਵੱਧ ਵਿਅਕਤੀਆਂ ਨੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਵਿੱਚ ਅੱਜ ਵੀ ਹਰ 12 ਮਿੰਟ ਵਿੱਚ ਇੱਕ ਅਮਰੀਕੀ ਨਾਗਰਿਕ ਖ਼ੁਦਕੁਸ਼ੀ ਕਰਦਾ ਹੈ। ਇਹ ਤੱਥ ਇਹ ਦਰਸਾਉਣ ਲਈ ਕਾਫੀ ਹੈ ਕਿ ਕੇਵਲ ਗ਼ਰੀਬ ਹੀ ਨਹੀਂ ਸਗੋਂ ਅਮੀਰ ਮੁਲਕਾਂ ਵਿੱਚ ਵੀ ਖ਼ੁਦਕੁਸ਼ੀ ਦੇ ਮਾਮਲੇ ਭਾਰੀ ਮਾਤਰਾ ਵਿੱਚ ਆਉਂਦੇ ਹਨ।

ਖ਼ੁਦਕੁਸ਼ੀ ਦੇ ਰੁਝਾਨ ਪਿੱਛੇ ਜ਼ਿੰਮੇਵਾਰ ਮੁੱਖ ਕਾਰਨਾਂ ਵਿੱਚ ਗ਼ਰੀਬੀ,ਬੇਰੁਜ਼ਗਾਰੀ,ਪ੍ਰੇਮ ਸਬੰਧ,ਸਮਾਜਿਕ ਅਪਮਾਨ ,ਲੰਮੇ ਸਮੇਂ ਦੇ ਸਰੀਰਕ ਰੋਗ ਜਾਂ ਮਾਨਸਿਕ ਦੁਵਿਧਾਵਾਂ ਆਦਿ ਹਨ। ਸਮੇਂ ਦੀ ਲੋੜ ਹੈ ਕਿ ਪ੍ਰੇਸ਼ਾਨੀਆਂ ‘ਚ ਘਿਰੇ ਵਿਅਕਤੀ ਦੇ ਪਰਿਵਾਰਕ ਮੈਂਬਰ,ਗੁਆਂਢੀ, ਮੁਹੱਲੇਦਾਰ ਜਾਂ ਸਹਿਕਰਮੀ ਆਦਿ ਉਸਦੀਆਂ ਪ੍ਰੇਸ਼ਾਨੀਆਂ ਨੂੰ ਸਮਝਦਿਆਂ ਹੋਇਆਂ ਉਸਦੀ ਮਾਨਸਿਕ ਹਾਲਤ ‘ਤੇ ਤਨਜ਼ ਕੱਸਣ ਦੀ ਥਾਂ ਉਸਦਾ ਸਹਾਰਾ ਬਣਨ ਕਿਉਂਕਿ ਖੋਜਾਂ ਤੋਂ ਇਹ ਸਿੱਧ ਹੋਇਆ ਹੈ ਕਿ ਸਹੀ ਸਮੇਂ ‘ਤੇ ਦਿੱਤੀ ਗਈ ਨੇਕ ਸਲਾਹ ਜਾਂ ਸਹੀ ਮਾਰਗ ਦਰਸ਼ਨ ਤੇ ਹੌਸਲਾ ਵਧਾਊ ਵਾਰਤਾਲਾਪ ਨਾਲ ਕਿਸੇ ਵਿਅਕਤੀ ਅੰਦਰ ਪੈਦਾ ਹੋ ਚੁੱਕੀ ਨਕਾਰਾਤਮਕ ਮਾਨਸਿਕਤਾ ਨੂੰ ਬਦਲਿਆ ਜਾ ਸਕਦਾ ਹੈ ਤੇ ਕਿਸੇ ਕੀਮਤੀ ਜਾਨ ਨੂੰ ਬਚਾਅ ਕੇ ਉਸਦਾ ਤੇ ਉਸ ਨਾਲ ਜੁੜੇ ਹਰੇਕ ਰਿਸ਼ਤੇ ਦਾ ਭਲਾ ਕੀਤਾ ਜਾ ਸਕਦਾ ਹੈ।

- Advertisement -

ਵਿਸ਼ਵ ਸਿਹਤ ਸਗਠਨ, ਆਤਮਹੱਤਿਆ ਰੋਕੂ ਕੌਮਾਂਤਰੀ ਐਸੋਸੀਏਸ਼ਨ ਅਤੇ ਵਰਲਡ ਫੈਡਰੇਸ਼ਨ ਫਾਰ ਮੈਂਟਲ ਹੈਲਥ ਦੇ ਸਾਂਝੇ ਯਤਨਾਂ ਸਦਕਾ ਦੁਨੀਆ ਭਰ ਵਿੱਚ ਇਹ ਦਿਵਸ ਬੜੀ ਹੀ ਸੰਜੀਦਗੀ ਨਾਲ ਮਨਾਇਆ ਜਾਂਦਾ ਹੈ। ਸੰਨ 2011 ਵਿੱਚ ਵਿਸ਼ਵ ਦੇ 40 ਤੋਂ ਵੱਧ ਮੁਲਕਾਂ ਅੰਦਰ ਇਸ ਅੰਦਰ ਸੈਮੀਨਾਰ,ਵਰਕਸ਼ਾਪ,ਵਿਸ਼ੇਸ ਲੈਕਚਰ, ਡਿਬੇਟ ਅਤੇ ਹੋਰ ਪ੍ਰੋਗਰਾਮ ਕਰਵਾਏ ਗਏ ਸਨ ਤਾਂ ਜੋ ਸਮਾਜ ਵਿੱਚ ਵਿਚਰ ਰਹੇ ਅਜਿਹੇ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ ਜੋ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਹਨ ਤੇ ਖ਼ੁਦਕੁਸ਼ੀ ਦੇ ਰਾਹੇ ਪੈ ਕੇ ਆਪਣੀਆਂ ਸਮੱਸਿਆਵਾਂ ਤੋਂ ਨਿਜਾਤ ਪਾਉਣ ਬਾਰੇ ਸੋਚ ਰਹੇ ਹਨ। ਖੋਜਕਾਰਾਂ ਨੇ ਪਤਾ ਲਗਾਇਆ ਹੈ ਕਿ ਦੁਨੀਆ ਭਰ ਵਿੱਚ ਸਾਹਮਣੇ ਆਉਣ ਵਾਲੇ ਖ਼ੁਦਕੁਸ਼ੀ ਦੇ ਮਾਮਲਿਆਂ ਵਿੱਚੋਂ ਮਰਦ ਤੇ ਔਰਤ ਦਰਮਿਆਨ ਆਤਮਹੱਤਿਆ ਦਾ ਅਨੁਪਾਤ 6.7 : 1 ਹੈ ਜਦੋਂਕਿ ਕੋਰੀਆ ਵਿੱਚ ਇਹ ਅਨੁਪਾਤ 2.7:1 ਹੈ। ਇਸੇ ਤਰ੍ਹਾਂ ਅਮੀਰ ਮੁਲਕਾਂ ਵਿੱਚ ਇਹ ਅਨੁਪਾਤ 3:1 ਅਤੇ ਗ਼ਰੀਬ ਮੁਲਕਾਂ ਵਿੱਚ 1.5:1 ਹੈ। ਇਸਦਾ ਭਾਵ ਹੈ ਕਿ ਮਰਦਾਂ ਵਿੱਚ ਖ਼ੁਦਕੁਸ਼ੀ ਦਾ ਰੁਝਾਨ ਔਰਤਾਂ ਦੇ ਮੁਕਾਬਲਤਨ ਬਹੁਤ ਜ਼ਿਆਦਾ ਹੈ ਜਦੋਂ ਕਿ ਆਮ ਕਰਕੇ ਮਰਦਾਂ ਨੂੰ ਔਰਤਾਂ ਦੇ ਮੁਕਾਬਲੇ ਵੱਧ ਮਜ਼ਬੂਤ ਜਜ਼ਬਾਤਾਂ ਵਾਲੇ ਅਤੇ ਹਿੰਮਤ ਜਾਂ ਹੌਂਸਲੇ ਵਾਲੇ ਸਮਝਿਆ ਜਾਂਦਾ ਹੈ। ਪਰਿਵਾਰਕ ਜ਼ਿੰਮੇਵਾਰੀਆਂ ਦਾ ਵੱਧ ਬੋਝ ਮਰਦਾਂ ਦੇ ਮੋਢਿਆਂ ‘ਤੇ ਹੋਣਾ ਅਤੇ ਆਪਣੇ ਦੁੱਖਾਂ ਨੂੰ ਦੂਜਿਆਂ ਨਾਲ ਘੱਟ ਸਾਂਝੇ ਕਰਨ ਤੇ ਘੱਟ ਰੋਣ ਦੀ ਆਦਤ ਉਨ੍ਹਾ ਨੂੰ ਮਾਨਸਿਕ ਪੱਖੋਂ ਕਮਜ਼ੋਰ ਕਰ ਦਿੰਦੀ ਹੈ ਤੇ ਕੁਝ ਮਰਦ ਜ਼ਿੰਦਗੀ ਦੀ ਜੰਗ ਲੜ੍ਹਨ ਦੀ ਥਾਂ ਖ਼ੁਦਕੁਸ਼ੀ ਨੂੰ ਵੱਧ ਸੁਖਾਲਾ ਹੱਲ ਸਮਝਦਿਆਂ ਹੋਇਆਂ ਆਪਣੇ ਨਾਲ ਜੁੜੇ ਹਰੇਕ ਰਿਸ਼ਤੇ ਨੂੰ ਵੱਧ ਪ੍ਰੇਸ਼ਾਨੀਆਂ ਤੇ ਦੁੱਖਾਂ ਵਿੱਚ ਛੱਡ ਕੇ ਆਪ ਇਸ ਜਹਾਨ ਤੋਂ ਚਲੇ ਜਾਂਦੇ ਹਨ। ਧਾਰਮਿਕ ਗ੍ਰੰਥਾਂ ਅਨੁਸਾਰ ਇਹ ਕਾਇਰਤਾ ਹੈ,ਪਾਪ ਕਰਮ ਹੈ।

ਅੰਤ ਵਿੱਚ ਕਹਿਣਾ ਬਣਦਾ ਹੈ ਕਿ ਕਿਸੇ ਵੀ ਮਨੁੱਖ ਨੂੰ ਆਪਣੀ ਜਾਂ ਕਿਸੇ ਹੋਰ ਦੀ ਜਾਨ ਲੈਣ ਦਾ ਹੱਕ ਨਹੀਂ ਹੈ। ਪ੍ਰੇਸ਼ਾਨੀਆਂ ਤੇ ਦੁੱਖ ਤਾਂ ਜੀਵਨ ਦਾ ਅਟੁੱਟ ਅੰਗ ਹਨ ਤੇ ਇਨ੍ਹਾ ਨਾਲ ਸੰਘਰਸ਼ ਦਾ ਦੂਜਾ ਨਾਂ ਹੀ ਜ਼ਿੰਦਗੀ ਹੈ। ਹਰੇਕ ਮਨੁੱਖ ਨੂੰ ਦੁੱਖਾਂ ਤੇ ਪ੍ਰੇਸ਼ਾਨੀਆਂ ਦਾ ਡਟ ਕੇ ਟਾਕਰਾ ਕਰਨਾ ਚਾਹੀਦਾ ਹੈ ਤੇ ਪੈਸੇ,ਕਰਜ਼ੇ,ਰੁਜ਼ਗਾਰ,ਜ਼ਮੀਨ-ਜਾਇਦਾਦ,ਪ੍ਰੇਮ ਸਬੰਧਾਂ ਕਰਕੇ ਖ਼ੁਦਕੁਸ਼ੀ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜੇਕਰ ਜ਼ਿੰਦਾ ਰਹਾਂਗੇ ਤਾਂ ਪੈਸਾ,ਜ਼ਮੀਨ ਜਾਂ ਪ੍ਰੇਮ ਤਾਂ ਮੁੜ ਹਾਸਿਲ ਕਰ ਲਵਾਂਗੇ ਪਰ ਮਰ ਕੇ ਤਾਂ ਕੁਝ ਵੀ ਹਾਸਿਲ ਨਹੀਂ ਕੀਤਾ ਜਾ ਸਕਦਾ ਹੈ ਉਲਟਾ ਆਪਣੇ ਅਤੇ ਆਪਣੇ ਪਰਿਵਾਰ ਦੇ ਮੱਥੇ ‘ਤੇ ਬਦਨਾਮੀ ਤੇ ਕਾਇਰਤਾ ਦਾ ਕਲੰਕ ਲਗਾ ਕੇ ਅਸੀਂ ਇਸ ਜਹਾਨ ਤੋਂ ਤੁਰ ਜਾਵਾਂਗੇ ਤੇ ਹੱਥ ਕੁਝ ਨਹੀਂ ਆਵੇਗਾ। ਸੋ ਆਪਣਾ ਦੁੱਖ ਦੂਜਿਆਂ ਨਾਲ ਸਾਂਝਾ ਕਰੋ ਤੇ ਦੂਜੇ ਵੀ ਦੁਖੀ ਵਿਅਕਤੀ ਨਾਲ ਹਮਦਰਦੀ ਦਰਸਾਉਂਦੇ ਹੋਏ ਉਸਦੀ ਮਦਦ ਕਰਨ ‘ਤੇ ਉਸਦੀ ਸਬੰਧਿਤ ਨੂੰ ਰਲ-ਮਿਲ ਕੇ ਹੱਲ ਕਰਨ ‘ਤੇ ਪੀੜਤ ਵਿਅਕਤੀ ਦਾ ਹੌਸਲਾ ਵਧਾ ਕੇ ਉਸਨੂੰ ਸਹੀ ਸੇਧ ਦੇ ਕੇ ਉਸਦੀ ਜਾਨ ਬਚਾਉਣ।

ਸੰਪਰਕ: 97816-46008

TAGGED:
Share this Article
Leave a comment