ਇਸਲਾਮਾਬਾਦ: ਪਾਕਿਸਤਾਨ ‘ਚ ਜਿਨਸੀ ਸੋਸ਼ਣ ਦੀਆਂ ਵਧਦੀਆਂ ਘਟਨਾਵਾਂ ‘ਤੇ ਘਿਰੇ ਇਮਰਾਨ ਨੇ ਇਕ ਵਾਰ ਫਿਰ ਅਟਪਟਾ ਬਿਆਨ ਦਿੱਤਾ ਹੈ । ਆਪਣੇ ਇਸ ਬਿਆਨ ਦੇ ਕਾਰਨ ਉਹ ਮੀਡੀਆ ਦੇ ਨਾਲ-ਨਾਲ ਦੇਸ਼ ‘ਚ ਉਦਾਰਵਾਦੀ ਮੁਸਲਿਮ ਔਰਤਾਂ ਦੇ ਨਿਸ਼ਾਨੇ ‘ਤੇ ਹਨ। ਦੋ ਮਹੀਨੇ ਪਹਿਲਾਂ ਵੀ ਉਹ ਪਾਕਿਸਤਾਨ ‘ਚ ਜਬਰ ਜਨਾਹ ‘ਤੇ ਬੇਤੁਕਾ ਬਿਆਨ ਦੇ ਚੁੱਕੇ ਹਨ। ਉਹ ਇਕ ਵਾਰ ਫਿਰ ਔਰਤਾਂ ਦੇ ਵਿਰੋਧ ‘ਚ ਬਿਆਨ ਦੇ ਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ‘ਤੇ ਹਨ।
ਇਕ ਇੰਟਰਵਿਊ ‘ਚ ਉਨ੍ਹਾਂ ਨੇ ਜਬਰ ਜਨਾਹ ਲਈ ਸਿੱਧੇ ਤੌਰ ‘ਤੇ ਔਰਤਾਂ ਨੂੰ ਜ਼ਿੰਮੇਵਾਰ ਮੰਨਿਆ ਹੈ। ਉਨ੍ਹਾਂ ਨੇ ਪਰਦਾ ਪ੍ਰਥਾ ਦਾ ਪੱਖ ਲੈਂਦੇ ਹੋਏ ਕਿਹਾ ਕਿ ਇਸ ਦੇ ਖ਼ਤਮ ਹੋਣ ਨਾਲ ਸਮਾਜ ‘ਚ ਜਿਨਸੀ ਸੋਸ਼ਣ ਵਧਿਆ ਹੈ।
ਪ੍ਰਧਾਨ ਮੰਤਰੀ ਇਮਰਾਨ ਨੇ ਸਮਾਜ ‘ਚ ਵਧ ਹੋਈ ਜਬਰ ਜਨਾਹ ਦੀਆਂ ਘਟਨਾਵਾਂ ਲਈ ਔਰਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਨੇ ਔਰਤਾਂ ਨੂੰ ਪਰਦੇ ‘ਚ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਾਜ ‘ਚ ਜਬਰ ਜਨਾਹ ਦੀਆਂ ਵਧਦੀਆਂ ਘਟਨਾਵਾਂ ਦੇ ਪਿੱਛੇ ਔਰਤਾਂ ਦੇ ਛੋਟੇ ਕੱਪੜੇ ਜ਼ਿੰਮੇਵਾਰ ਹਨ। ਅਮਰੀਕੀ ਵੈੱਬ ਚੈਨਲ ਐਚ.ਬੀ.ਓ. ਐਕਸੀਓਸ (hbo axios) ਨੂੰ ਦਿੱਤੇ ਗਏ ਇੰਟਰਵਿਊ ‘ਚ ਇਮਰਾਨ ਖਾਨ ਨੂੰ ਦੇਸ਼ ‘ਚ ਵਧਦੇ ਜਿਨਸੀ ਅਪਰਾਧਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਇਸ ਦੇ ਉੱਤਰ ‘ਚ ਉਨ੍ਹਾਂ ਨੇ ਇਸ ਲਈ ਪਰਦਾ ਪ੍ਰਥਾ ਦੇ ਖਤਮ ਹੋਣ ਤੇ ਛੋਟੇ ਕੱਪੜਿਆਂ ਨੂੰ ਜ਼ਿੰਮੇਵਾਰ ਮੰਨਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਕੋਈ ਔਰਤ ਘੱਟ ਕੱਪੜੇ ਪਾਉਂਦੀ ਹੈ ਤਾਂ ਉਸ ਦਾ ਸਿੱਧਾ ਅਸਰ ਪੁਰਸ਼ਾਂ ‘ਤੇ ਪਵੇਗਾ। ਉਨ੍ਹਾਂ ਕਿਹਾ ਕਿ ਪੁਰਸ਼ ਕੋਈ ਰੋਬੋਟ ਨਹੀਂ ਹੈ ਕਿ ਇਸ ਦਾ ਅਸਰ ਉਸ ‘ਤੇ ਨਾ ਪਵੇ। ਉਨ੍ਹਾਂ ਨੇ ਇਸ ਨੂੰ ‘ਕਾਮਨ ਸੈਂਸ’ ਦੀ ਗੱਲ ਆਖਿਆ ।
ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਡਿਸਕੋ ਤੇ ਨਾਈਟ ਕੱਲਬ ਦੇ ਚੱਲਦੇ ਜਿਨਸੀ ਹਿੰਸਾ ’ਚ ਇਜਾਫਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ‘ਚ ਨਾ ਡਿਸਕੋ ਹੈ ਤੇ ਨਾ ਹੀ ਨਾਈਟ ਕੱਲਬ। ਇੱਥੇ ਦਾ ਸਮਾਜ ਇਕਦਮ ਵੱਖ ਹੈ। ਪਾਕਿਸਤਾਨ ‘ਚ ਜੀਊਣ ਦਾ ਅੰਦਾਜ਼ ਵੱਖ ਹੈ। ਉਨ੍ਹਾਂ ਕਿਹਾ ਕਿ ਜੇ ਤੁਸੀਂ ਇੱਥੇ ਬੰਦਿਸ਼ਾਂ ਨਹੀਂ ਰੱਖੋਗੇ ਤਾਂ ਇਸ ਦੇ ਕੁਝ ਨਾ ਕੁਝ ਨਤੀਜੇ ਤਾਂ ਸਾਹਮਣੇ ਆਉਣਗੇ ਹੀ। ਜਦੋਂ ਉਨ੍ਹਾਂ ਨੂੰ ਅੰਤਰਰਾਸ਼ਟਰੀ ਕ੍ਰਿਕਟ ਸਟਾਰ ਦੇ ਤੌਰ ’ਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਸਵਾਲ ਕੀਤਾ ਗਿਆ ਤਾਂ ਉਹ ਟਾਲ ਗਏ। ਉਨ੍ਹਾਂ ਨੇ ਕਿਹਾ ਇਹ ਮੇਰੇ ਬਾਰੇ ਨਹੀਂ ਹੈ। ਇਹ ਸਵਾਲ ਸਾਡੇ ਸਮਾਜ ਬਾਰੇ ਹੈ।
ਪਾਕਿਸਤਾਨ ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਵੀ ਔਰਤਾਂ ਨੂੰ ਲੈ ਕੇ ਅਜਿਹੇ ਵਿਵਾਦਿਤ ਬਿਆਨ ਦੇ ਚੁੱਕੇ ਹਨ। ਉਨ੍ਹਾਂ ਨੇ ਔਰਤਾਂ ਨੂੰ ਪਰਦਾ ਕਰਨ ਦੀ ਸਲਾਹ ਦਿੱਤੀ ਸੀ। ਇਸ ਤੋਂ ਪਹਿਲਾਂ ਪਰਦਾ ਪ੍ਰਥਾ ਨੂੰ ਕਮਜ਼ੋਰ ਕਰਨ ਲਈ ਤੇ ਅਸ਼ਲੀਲਤਾ ਲਈ ਭਾਰਤ ਤੇ ਯੂਰਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਮਰਾਨ ਨੇ ਕਿਹਾ ਸੀ ਕਿ ਸਾਨੂੰ ਪਰਦਾ ਪ੍ਰਥਾ ਦੀ ਸੰਸਕ੍ਰਿਤੀ ਨੂੰ ਵਧਾਉਣਾ ਪਵੇਗਾ ਤਾਂਕਿ ਲਾਲਸਾ ਤੋਂ ਬਚਿਆ ਜਾ ਸਕੇ।