ਨਿਊਜ਼ ਡੈਸਕ: ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਵੱਲੋਂ ਸਮਰਥਨ ਪ੍ਰਾਪਤ ਆਜ਼ਾਦ ਉਮੀਦਵਾਰ ਦੇਸ਼ ਭਰ ਵਿੱਚ ਕਈ ਹਲਕਿਆਂ ਵਿੱਚ ਅੱਗੇ ਚੱਲ ਰਹੇ ਹਨ। ਉਹ ਸ਼ਰੀਫ਼ ਦਾ ਗੜ੍ਹ ਮੰਨੇ ਜਾਂਦੇ ਪੰਜਾਬ ਸੂਬੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਾਰਟੀ ਪੀਐਮਐਲ-ਐਨ ਨੂੰ ਵੀ ਸਖ਼ਤ ਚੁਣੌਤੀ ਦੇ ਰਹੇ ਹਨ। ਇਹ ਜਾਣਕਾਰੀ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਤੋਂ ਸਾਹਮਣੇ ਆਈ ਹੈ।
ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਗਿਆ ਹੈ ਕਿ ਇਮਰਾਨ ਖਾਨ ਦਾ ਸਮਰਥਨ ਕਰਨ ਵਾਲੇ ਆਜ਼ਾਦ ਉਮੀਦਵਾਰ 150 ਤੋਂ ਵੱਧ ਸੀਟਾਂ ‘ਤੇ ਅੱਗੇ ਚੱਲ ਰਹੇ ਹਨ। ਪੀਟੀਆਈ ਸਮਰਥਿਤ ਉਮੀਦਵਾਰਾਂ ਨੇ 154 ਨੈਸ਼ਨਲ ਅਸੈਂਬਲੀ ਸੀਟਾਂ ‘ਤੇ ਲੀਡ ਲੈ ਲਈ ਹੈ। ਜਦੋਂਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐਮਐਲ-ਐਨ) ਪਾਰਟੀ 47-47 ਸੀਟਾਂ ‘ਤੇ ਅੱਗੇ ਹਨ। ਰੁਝਾਨਾਂ ਮੁਤਾਬਕ ਮੁਤਾਹਿਦਾ ਕੌਮੀ ਮੂਵਮੈਂਟ (MQM) ਅਤੇ ਜਮੀਅਤ ਉਲੇਮਾ-ਏ-ਇਸਲਾਮ (F) 4-4 ਸੀਟਾਂ ‘ਤੇ ਅੱਗੇ ਹਨ।
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿੱਚ ਕੁੱਲ 336 ਸੀਟਾਂ ਹਨ। ਇਨ੍ਹਾਂ ‘ਚੋਂ 266 ਸੀਟਾਂ ‘ਤੇ ਚੋਣਾਂ ਹੋ ਰਹੀਆਂ ਹਨ। 70 ਸੀਟਾਂ ਰਾਖਵੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪੀਟੀਆਈ ਦੇ ਚੇਅਰਮੈਨ ਬੈਰਿਸਟਰ ਗੌਹਰ ਅਲੀ ਖਾਨ ਨੇ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੈਸ਼ਨਲ ਅਸੈਂਬਲੀ ਵਿੱਚ 150 ਤੋਂ ਵੱਧ ਸੀਟਾਂ ‘ਤੇ ਅੱਗੇ ਹੈ। ਟਵਿੱਟਰ ‘ਤੇ ਸ਼ੇਅਰ ਕੀਤੇ ਗਏ ਵੀਡੀਓ ‘ਚ ਬੈਰਿਸਟਰ ਗੌਹਰ ਨੇ ਕਿਹਾ ਕਿ ਪੀਟੀਆਈ ਸ਼ਾਨਦਾਰ ਜਿੱਤ ਤੋਂ ਬਾਅਦ ਕੇਂਦਰ ਅਤੇ ਖੈਬਰ-ਪਖਤੂਨਖਵਾ ਸੂਬੇ ‘ਚ ਸਰਕਾਰ ਬਣਾਏਗੀ। ਦੱਸ ਦੇਈਏ ਕਿ ਪੀਟੀਆਈ ਪਾਰਟੀ ਦੇ ਸੰਸਥਾਪਕ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਸਮੇਂ ਕਈ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਅਦਿਆਲਾ ਜੇਲ੍ਹ ਵਿੱਚ ਬੰਦ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।