Home / ਓਪੀਨੀਅਨ / ਕਿਸਾਨਾਂ ਲਈ ਜ਼ਰੂਰੀ ਜਾਣਕਾਰੀ – ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਅਤੇ ਘੰਢੀ ਰੋਗ ਤੋਂ ਬਚਾਓ

ਕਿਸਾਨਾਂ ਲਈ ਜ਼ਰੂਰੀ ਜਾਣਕਾਰੀ – ਝੋਨੇ ਦੀ ਫਸਲ ਨੂੰ ਝੂਠੀ ਕਾਂਗਿਆਰੀ ਅਤੇ ਘੰਢੀ ਰੋਗ ਤੋਂ ਬਚਾਓ

-ਅਮਰਜੀਤ ਸਿੰਘ, ਰਜਿੰਦਰ ਸਿੰਘ ਬੱਲ ਅਤੇ ਐਚ ਐਸ ਸਬੀਖੀ;

ਝੋਨਾ ਪੰਜਾਬ ਵਿੱਚ ਸਾਉਣੀ ਦੀ ਇੱਕ ਪ੍ਰਮੁੱਖ ਫਸਲ ਹੈ ਜਿਸ ਉੱਤੇ ਅਗਸਤ-ਸਤੰਬਰ ਮਹੀਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਹਮਲਾ ਹੁੰਦਾ ਹੈ। ਇ੍ਹਨਾਂ ਵਿੱਚੋਂ ਝੂਠੀ ਕਾਂਗਿਆਰੀ ਬਹੁਤ ਮਹੱਤਵਪੂਰਨ ਹੈ ਜੋ ਕਿ ਝਾੜ ਘਟਾਉਣ ਦੇ ਨਾਲ-ਨਾਲ ਦਾਣਿਆਂ ਦੀ ਕੁਆਲਿਟੀ ਉੱਤੇੇ ਵੀ ਮਾੜਾ ਅਸਰ ਪਾਉਂਦੀ ਹੈ।ਪਿਛਲੇ ਸਾਲ ਪਟਿਆਲਾ, ਰੋਪੜ, ਲੁਧਿਆਣਾ, ਜਲੰਧਰ, ਕਪੂਰਥਲਾ, ਫਗਵਾੜਾ, ਅੰਮ੍ਰਿਤਸਰ ਅਤੇ ਗੁਰਦਾਸਪੁਰ ਆਦਿ ਜ਼ਿਲ੍ਹਿਆਂ ਵਿੱਚ ਇਸ ਬਿਮਾਰੀ ਦਾ ਜ਼ਿਆਦਾ ਹਮਲਾ ਵੇਖਿਆ ਗਿਆ ਸੀ। ਇਸੇ ਤਰ੍ਹਾਂ ਭੁਰੜ ਰੋਗ (ਬਲਾਸਟ) ਵੀ ਝੋਨੇ ਅਤੇ ਖਾਸ ਕਰਕੇ ਬਾਸਮਤੀ ਦੀ ਇਕ ਭਿਆਨਕ ਬਿਮਾਰੀ ਹੈ।ਇਸ ਬਿਮਾਰੀ ਨੂੰ ਕਿਸਾਨ ਵੀਰ ਘੰਢੀ ਰੋਗ ਜਾਂ ਧੌਣ ਮਰੋੜ (ਨੈੱਕ ਬਲਾਸਟ) ਵੀ ਕਹਿੰਦੇ ਹਨ। ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਕਈ ਕਿਸਾਨ ਵੀਰ ਉੱਲੀਨਾਸ਼ਕਾ ਦੀ ਵਰਤੋਂ ਸਿਫ਼ਾਰਸ਼ ਕੀਤੇ ਸਮੇਂ ਤੋ ਬਾਅਦ ਕਰਦੇ ਹਨ ਅਤੇ ਪਾਣੀ ਦੀ ਮਾਤਰਾ ਵੀ ਘੱਟ ਵਰਤਦੇ ਹਨ ਜਿਸ ਕਰਕੇ ਬਿਮਾਰੀ ਦੀ ਚੰਗੀ ਤਰ੍ਹਾਂ ਰੋਕਥਾਮ ਨਹੀਂ ਹੁੰਦੀ।ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਕੁਝ ਕਿਸਾਨ ਵੀਰ ਬਾਸਮਤੀ ਵਿੱਚ ਗੈਰ-ਸਿਫਾਰਸ਼ ਕੀਤੇ ਉੱਲੀਨਾਸ਼ਕਾਂ ਦੀ ਵਰਤੋਂ ਕਰਦੇ ਹਨ। ਇਸ ਨਾਲ ਉੱਲੀਨਾਸ਼ਕਾਂ ਦੀ ਰਹਿੰਦ-ਖੂੰਹਦ ਦਾਣਿਆਂ ਵਿੱਚ ਰਹਿ ਜਾਂਦੀ ਹੈ ਜਿਸ ਕਰਕੇ ਬਾਹਰਲੇ ਮੁਲਕਾਂ ਵਿੱਚ ਬਾਸਮਤੀ ਦੇ ਨਿਰਯਾਤ ਵਿੱਚ ਔਕੜਾਂ ਪੈਦਾ ਹੋਣ ਕਰਕੇ ਬਾਸਮਤੀ ਦਾ ਮੰਡੀਕਰਣ ਸਹੀ ਨਹੀਂ ਹੋ ਰਿਹਾ। ਇਸ ਵਾਸਤੇ ਬਾਸਮਤੀ ਤੋਂ ਚੰਗੇ ਮਿਆਰ ਵਾਲਾ ਪੂਰਾ ਝਾੜ ਲੈਣ ਲਈ ਇਹਨਾਂ ਰੋਗਾਂ ਦੀ ਸਹੀ ਸਮੇਂ ਤੇ ਸਹੀ ਉੱਲੀਨਾਸ਼ਕ ਵਰਤ ਕੇ ਰੋਕਥਾਮ ਕਰਨੀ ਬਹੁਤ ਜਰੂਰੀ ਹੈ।

ਬਿਮਾਰੀ ਦੀ ਪਛਾਣ: ਝੂਠੀ ਕਾਂਗਿਆਰੀ ਦੀਆਂ ਨਿਸ਼ਾਨੀਆਂ ਮੁੰਜਰਾਂ ਨਿਕਲਣ ਵੇਲੇ ਹੀ ਨਜਰ ਆਂਉਦੀਆਂ ਹਨ।ਇੱਕ ਮੁੰਜਰ ਵਿੱਚ ਕੁਝ ਦਾਣਿਆਂ ਤੇ ਹੀ ਇਸ ਦਾ ਹਮਲਾ ਹੁੰਦਾ ਹੈ।ਇਸ ਬਿਮਾਰੀ ਨਾਲ ਦਾਣਿਆਂ ਦੀ ਥਾਂ ਤੇ ਉੱਲੀ ਦੇ ਗੂੜੇ ਹਰੇ ਰੰਗ ਦੇ ਧੂੜੇਦਾਰ ਗੋਲੇ ਬਣ ਜਾਂਦੇ ਹਨ। ਪਹਿਲਾਂ ਇਹ ਗੋਲੇ ਛੋਟੇ ਹੁੰਦੇ ਹਨ ਅਤੇ ਇੱਕ ਪਤਲੀ ਝਿੱਲੀ ਨਾਲ ਢੱਕੇ ਹੁੰਦੇ ਹਨ।ਸ਼ੁਰੂ ਵਿੱਚ ਇਹਨਾਂ ਦਾ ਰੰਗ ਹਲਕਾ ਪੀਲਾ ਹੁੰਦਾ ਹੈ।ਬਾਅਦ ਵਿੱਚ ਉਪਰਲੀ ਝਿੱਲੀ ਟੁੱਟ ਜਾਂਦੀ ਹੈ ਅਤੇ ਸੰਤਰੀ ਜਾਂ ਪੀਲੇ-ਹਰੇ ਜਾਂ ਹਰੇ-ਕਾਲੇ ਰੰਗ ਦਾ ਧੂੜਾ ਨਜ਼ਰ ਆਉਣ ਲੱਗ ਜਾਂਦਾ ਹੈ।ਹਮਲੇ ਵਾਲੇ ਦਾਣਿਆਂ ਦੇ ਲਾਗਲੇ ਦਾਣੇ ਖਾਲੀ ਰਹਿ ਜਾਂਦੇ ਹਨ।ਇਸ ਰੋਗ ਨਾਲ ਮੁੰਜਰਾਂ ਵਿੱਚ ਦਾਣੇ ਬਨਣ ਦੀ ਸਮਰੱਥਾ ਅਤੇ ਦਾਣਿਆਂ ਦੀ ਉੱਗਣ ਸ਼ਕਤੀ ਵੀ ਘੱਟ ਜਾਂਦੀ ਹੈ। ਸ਼ੁਰੂ ਵਿੱਚ ਘੰਢੀ ਰੋਗ ਦੇ ਲੱਛਣ ਪੱਤਿਆਂ ਉੱਤੇ ਛੋਟੇ ਅਕਾਰ ਦੇ ਸਲੇਟੀ ਰੰਗ ਦੇ ਧੱਬਿਆਂ ਦੀ ਸ਼ਕਲ ਵਿੱੱਚ ਦਿੱਸਦੇ ਹਨ ਜਿਨ੍ਹਾਂ ਦਾ ਕਿਨਾਰਾ ਭੂਰੇ ਰੰਗ ਦਾ ਹੁੰਦਾ ਹੈ। ਬਾਅਦ ਵਿੱਚ ਇਹ ਧੱਬੇ ਅਕਾਰ ਵਿੱਚ ਵੱਡੇ ਹੋ ਕੇ ਅੱਖ ਵਰਗੀ ਸ਼ਕਲ ਬਣਾ ਲੈਂਦੇ ਹਨ। ਇਸ ਬਿਮਾਰੀ ਦਾ ਹਮਲਾ ਬੂਟੇ ਦੇ ਪੱਤਿਆਂ, ਘੰਢੀ ਜਾਂ ਮੁੰਜ਼ਰ ਦੀ ਧੌਣ ਤੇ ਹੁੰਦਾ ਹੈ। ਗੰਭੀਰ ਹਾਲਤਾਂ ਵਿੱਚ ਬੂਟੇ ਦੀ ਧੌਣ ਜਾਂ ਮੁੰਜਰਾਂ ਦੇ ਮੁੱਢ ਤੇ ਕਾਲੇ-ਭੂਰੇ ਰੰਗ ਦੇ ਦਾਗ ਪੈ ਜਾਂਦੇ ਹਨ। ਨਤੀਜੇ ਵਜੋਂ ਧੌਣ ਟੁੱਟ ਕੇ ਮੁੰਜ਼ਰਾਂ ਹੇਠਾਂ ਵੱਲ ਝੁੱਕ ਜਾਂਦੀਆਂ ਹਨ ਅਤੇ ਮੁੰਜ਼ਰਾਂ ਵਿੱਚ ਦਾਣੇ ਖਾਲੀ ਰਹਿ ਜਾਂਦੇ ਹਨ।

ਬਿਮਾਰੀ ਵਧਾਉਣ ਵਾਲੀਆਂ ਅਨੁਕੂਲ ਹਾਲਤਾਂ: ਝੂਠੀ ਕਾਂਗਿਆਰੀ ਦੀ ਉੱਲੀ ਸਖਤ ਧੂੜੇਦਾਰ ਗੋਲਿਆਂ ਦੇ ਰੂਪ ਵਿੱਚ ਮਿੱਟੀ ਵਿੱਚ ਜਾਂ ਫਸਲ ਦੀ ਰਹਿੰਦ-ਖੂੰਹਦ ਵਿੱਚ ਅਗਲੀ ਫਸਲ ਤੱਕ ਬਚੀ ਰਹਿੰਦੀ ਹੈ ਅਤੇ ਨਵੇਂ ਹਮਲੇ ਦਾ ਕਾਰਣ ਬਣਦੀ ਹੈ। ਇਸ ਰੋਗ ਦੇ ਵਾਧੇ ਲਈ ਢੁੱੱਕਵਾਂ ਤਾਪਮਾਨ 25-30 ਡਿਗਰੀ ਸੈਂਟੀਗ੍ਰੇਡ ਅਤੇ ਨਮੀਂ 90 ਪ੍ਰਤੀਸ਼ਤ ਤੋਂ ਵੱੱਧ ਹੁੰਦੀ ਹੈ।ਜੇਕਰ ਫਸਲ ਨਿਸਰਣ ਵੇਲੇ ਬੱਦਲਵਾਈ, ਮੀਂਹ ਅਤੇ ਵਧੇਰੇ ਸਿੱਲ੍ਹ ਰਹੇ ਤਾਂ ਇਸ ਬਿਮਾਰੀ ਦਾ ਹਮਲਾ ਜਿਆਦਾ ਹੁੰਦਾ ਹੈ।ਇਸ ਤੋਂ ਇਲਾਵਾ ਗੈਰ ਸਿਫਾਰਿਸ਼ੀ ਅਤੇ ਹਾਈਬਰਿਡ ਕਿਸਮਾਂ ਤੇ ਇਸ ਬਿਮਾਰੀ ਦਾ ਹਮਲਾ ਜ਼ਿਆਦਾ ਵੇਖਣ ਨੂੰ ਮਿਲਦਾ ਹੈ। ।ਬਾਸਮਤੀ ਉੱਤੇ ਘੰਢੀ ਰੋਗ ਦੇ ਵੱਧਣ-ਫੁੱਲਣ ਲਈ ਵੀ ਢੁੱਕਵਾਂ ਮੌਸਮ ਬਹੁਤ ਜ਼ਰੂਰੀ ਹੈ।ਜੇਕਰ ਹਵਾ ਵਿੱਚ ਨਮੀਂ ਦੀ ਮਾਤਰਾ 85% ਤੋਂ ਜਿਆਦਾ ਅਤੇ ਤਾਪਮਾਨ 25-28 ਡਿਗਰੀ ਸੈਂਟੀਗ੍ਰੇਡ ਹੋਵੇ ਤਾਂ ਇਹ ਬਿਮਾਰੀ ਲਈ ਬਹੁਤ ਹੀ ਅਨੁਕੂਲ ਹੁੰਦਾ ਹੈ।ਤੇਜ ਹਵਾ ਨਾਲ ਉੱੱਲੀ ਦੇ ਕਣ ਇੱੱਕ ਬੂਟੇ ਤੋਂ ਹੋਰ ਬੂਟਿਆਂ ਤੱੱਕ ਫੈਲ ਜਾਂਦੇ ਹਨ। ਜੇਕਰ ਝੋਨੇ ਵਾਲੇ ਖੇਤਾਂ ਵਿੱਚ ਲਗਾਤਾਰ ਪਾਣੀ ਖੜਾ ਰੱਖਿਆ ਜਾਵੇ ਤਾਂ ਇਹਨਾਂ ਬਿਮਾਰੀਆਂ ਦਾ ਵਾਧਾ ਜ਼ਿਆਦਾ ਹੁੰਦਾ ਹੈ।ਰੂੜੀ ਅਤੇ ਨਾਈਟਰੋਜਨ ਖਾਦਾਂ ਦੀ ਜਿਆਦਾ ਵਰਤੋਂ ਨਾਲ ਵੀ ਇਹ ਬਿਮਾਰੀਆਂ ਵੱਧ ਨੁਕਸਾਨ ਕਰਦੀਆਂ ਹਨ।ਖਾਸ ਕਰਕੇ ਫਸਲ ਨਿਸਰਣ ਵੇਲੇ ਨਾਈਟਰੋਜਨ ਖਾਦ ਦੀ ਵਰਤੋਂ ਇਨ੍ਹਾਂ ਬਿਮਾਰੀਆਂ ਵਿੱਚ ਹੋਰ ਵਾਧਾ ਕਰਦੀ ਹੈ।

ਰੋਕਥਾਮ: ਝੂਠੀ ਕਾਂਗਿਆਰੀ ਅਤੇ ਘੰਢੀ ਰੋਗ ਤੇ ਕਾਬੂ ਪਾਉਣ ਲਈ ਕਿਸਾਨ ਭਰਾਵਾਂ ਨੂੰ ਸੰਯੁਕਤ ਪ੍ਰਬੰਧ ਕਰਨਾ ਪਵੇਗਾ।ਝੋਨੇ ਦੀ ਲੁਆਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਸ਼ਿਫਾਰਸ਼ਾਂ ਅਨੁਸਾਰ ਹੀ ਕਰਨੀ ਚਾਹੀਦੀ ਹੈ।ਹਮੇਸ਼ਾ ਤੰਦਰੁਸਤ ਬੀਜ ਹੀ ਬੀਜਣਾ ਚਾਹੀਦਾ ਹੈ।ਗੈਰ ਸਿਫਾਰਿਸ਼ ਕਿਸਮਾਂ ਦੀ ਖੇਤੀ ਤੋਂ ਗੁਰੇਜ਼ ਕਰੋ। ਝੋਨੇ ਦੇ ਖੇਤਾਂ ਵਿੱਚ ਲਗਾਤਾਰ ਪਾਣੀ ਖੜਾ ਨਾ ਰੱਖੋ। ਸਗੋਂ ਪਹਿਲਾ ਪਾਣੀ ਜ਼ੀਰ ਜਾਣ ਤੇ ਹੀ ਅਗਲਾ ਪਾਣੀ ਲਗਾਉ। ਨਾਈਟਰੋਜਨ ਖਾਦਾਂ ਦੀ ਜ਼ਿਆਦਾ ਵਰਤੋਂ ਨਾ ਕਰੋ। ਖਾਸ ਕਰਕੇ ਫਸਲ ਨਿਸਰਣ ਸਮੇ ਨਾਈਟਰੋਜਨ ਖਾਦ ਦੀ ਵਰਤੋਂ ਬਿਲਕੁੱਲ ਨਹੀ ਕਰਨੀ ਚਾਹੀਦੀ। ਬਿਮਾਰੀ ਵਾਲੀ ਫਸਲ ਵਿੱੱਚੋਂ ਬੀਜ ਨਹੀ ਰੱੱਖਣਾ ਚਾਹੀਦਾ ਅਤੇ ਅਜਿਹੀ ਫਸਲ ਦੀ ਰਹਿੰਦ-ਖੂੰਹਦ ਨਸ਼ਟ ਕਰ ਦੇਣੀ ਚਾਹੀਦੀ ਹੈ। ਝੂਠੀ ਕਾਂਗਿਆਰੀ ਦੀ ਰੋਕਥਾਮ ਲਈ ਜਦੋਂ ਫਸਲ ਗੋਭ ਵਿੱਚ ਹੋਵੇ ਤਾਂ ਉਸ ਵੇਲੇ 400 ਮਿਲੀਲਿਟਰ ਗਲੀਲਿਓ ਵੇਅ 18.76 ਐਸ ਸੀ (ਪਿਕੋਕਸੀਸਟ੍ਰੋਬਿਨ + ਪ੍ਰੋਪੀਕੋਨਾਜ਼ੋਲ) ਜਾਂ 500 ਗ੍ਰਾਮ ਕੋਸਾਈਡ 46 ਡੀ ਐਫ (ਕਾਪਰ ਹਾਈਡਰੋਆਕਸਾਈਡ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰਨਾ ਚਾਹੀਦਾ ਹੈ।ਬਿਮਾਰੀ ਸ਼ੁਰੂ ਹੋਣ ਤੋਂ ਬਾਅਦ ਕੀਤੇ ਗਏ ਉਲੀਨਾਸ਼ਕਾਂ ਦੇ ਛਿੜਕਾਅ ਨਾਲ ਬਿਮਾਰੀ ਦੀ ਰੋਕਥਾਮ ਕਰਨੀ ਔਖੀ ਹੋ ਜਾਂਦੀ ਹੈ। ਇਸ ਲਈ ਠੀਕ ਸਮੇਂ ਤੇ ਛਿੜਕਾਅ ਕੀਤਾ ਜਾਵੇ।

ਘੰਢੀ ਰੋਗ ਦੀ ਰੋਕਥਾਮ ਲਈ 200 ਮਿਲੀਲਿਟਰ ਐਮੀਸਟਾਰ ਟੌਪ 325 ਐਸ ਸੀ (ਐਜੋਕਸੀਸਟ੍ਰੋਬਿਨ + ਡਾਈਫੈਨੋਕੋਨਾਜ਼ੋਲ) ਜਾਂ 500 ਗ੍ਰਾਮ ਇੰਡੋਫ਼ਿਲ ਜ਼ੈਡ-78, 75 ਡਬਲਯੂ ਪੀ (ਜ਼ਿਨੇਬ) ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।ਪਹਿਲਾ ਛਿੜਕਾਅ ਫ਼ਸਲ ਦੇ ਗੋਭ ਵਿੱਚ ਆਉਣ ਤੇ ਕਰੋ ਅਤੇ ਦੁੂਜਾ ਛਿੜਕਾਅ ਮੁੰਜਰਾਂ ਨਿਕਲਣ ਦੇ ਸ਼ੁਰੂ ਵਿੱੱਚ ਕਰੋ।ਜੇਕਰ ਬਿਮਾਰੀ ਦਾ ਹਮਲਾ ਪਹਿਲਾਂ ਹੀ ਹੋ ਜਾਵੇ ਤਾਂ ਇਕ ਛਿੜਕਾਅ ਪਹਿਲਾਂ ਹੀ ਕਰ ਦਿਓ।

ਦਾਣਿਆਂ ਵਿੱਚ ਜ਼ਹਿਰਾਂ ਦੀ ਰਹਿੰਦ-ਖੂੰਹਦ ਨੂੰ ਘਟਾਉਣ ਲਈ ਗੈਰ ਸਿਫਾਰਸ਼ੀ ਅਤੇ ਪਾਬੰਧੀ ਸ਼ੁਧਾ ਉੱਲੀਨਾਸ਼ਕਾਂ ਦੀ ਵਰਤੋਂ ਬਿਲਕੱੁਲ ਨਹੀਂ ਕਰਨੀ ਚਾਹੀਦੀ।ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੇ ਉੱਲੀਨਾਸ਼ਕ ਲੋੜੀਂਦੀ ਮਾਤਰਾ ਵਿੱਚ ਹੀ ਵਰਤਣੇ ਚਾਹੀਦੇ ਹਨ।ਉੱਲੀਨਾਸ਼ਕਾਂ ਦਾ ਛਿੜਕਾਅ ਫਸਲ ਪੱਕਣ ਤੋਂ ਲਗਭਗ ਇੱਕ ਮਹੀਨਾ ਪਹਿਲਾਂ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ।

Check Also

ਪੰਜਾਬ ਚੋਣਾਂ – ਸਿੱਖਿਆ ਤੇ ਚਰਚਾ, ਕੀ ਕਰਨਾ ਲੋੜੀਏ ? ਉਮੀਦਵਾਰਾਂ ਤੇ ਵੋਟਰਾਂ ਦੋਹਾਂ ਦੇ ਲਈ…

ਡਾ. ਪਿਆਰਾ ਲਾਲ ਗਰਗ   ਸਾਨੂੰ ਸੱਭ ਨੂੰ ਪਤਾ ਹੈ ਕਿ ਸਿੱਖਿਆ ਦੀ ਹਾਲਤ ਮੰਦੀ …

Leave a Reply

Your email address will not be published. Required fields are marked *