ਜ਼ਿੰਦਗੀ ‘ਚ ਅਹਿਮ ਤੇ ਭਰੋਸੇਯੋਗ ਰਿਸ਼ਤਾ ‘ਦੋਸਤੀ’

TeamGlobalPunjab
3 Min Read

ਨਿਊਜ਼ ਡੈਸਕ – ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਤੇ ਜ਼ਿੰਦਗੀ ਦਾ ਅਣਮੁੱਲਾ ਤੋਹਫ਼ਾ ‘ਦੋਸਤ’ ਹੁੰਦਾ ਹੈ। ਖ਼ੁਸ਼ਕਿਸਮਤ ਹੁੰਦੇ ਹਨ ਉਹ ਇਨਸਾਨ, ਜਿਨ੍ਹਾਂ ਨੂੰ ਸੱਚਾ, ਉੱਚ-ਵਿਚਾਰਾਂ ਵਾਲਾ, ਗੁਣਵਾਨ, ਉਪਕਾਰੀ, ਹਿੰਮਤੀ ਤੇ ਉਸਾਰੂ ਸੋਚ ਵਾਲਾ ਦੋਸਤ ਜ਼ਿੰਦਗੀ ‘ਚ ਮਿਲ ਜਾਂਦਾ ਹੈ। ਅੱਜ ਦੇ ਪਦਾਰਥਵਾਦੀ ਜੀਵਨ ‘ਚ ਨੇਕ-ਦਿਲ ਦੋਸਤ ਦਾ ਸਾਥ ਮਿਲਣਾ ਬਹੁਤ ਔਖਾ ਹੁੰਦਾ ਜਾ ਰਿਹਾ ਹੈ।

ਇਨਸਾਨ ਹਰ ਥਾਂ, ਹਰ ਰਿਸ਼ਤੇਤੇ ਹਰ ਸਬੰਧ ਚੋਂ ਆਪਣਾ ਮਤਲਬ ਦੇਖਣ ਲੱਗ ਪਿਆ ਹੈ ਪਰ ਜੇ ਕਿਸੇ ਨੂੰ ਅਜਿਹਾ ਉੱਤਮ ਗੁਣਾਂ ਵਾਲਾ ਦੋਸਤ ਮਿਲ ਜਾਵੇ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਦੁਨੀਆ ਦੇ ਕੁਝ ਕੁ ਮਹਾਨ ਇਨਸਾਨਾਂ ਚੋਂ ਇਕ ਹੈ। ਦੋਸਤੀ ‘ਚ ਇਕ-ਦੂਜੇ ਦੀਆਂ ਭਾਵਨਾਵਾਂ, ਜ਼ਰੂਰਤਾਂ ਤੇ ਕਮਜ਼ੋਰੀਆਂ ਆਦਿ ਦਾ ਧਿਆਨ ਰੱਖਣਾ ਚਾਹੀਦਾ ਹੈ।

ਦੋਸਤੀ ‘ਚ ਦੂਜੇ ਦੀ ਚੀਜ਼ ‘ਤੇ ਲਾਲਚੀ ਅੱਖ ਰੱਖਣਾ ਵੀ ਦੋਸਤੀ ਦੀ ਮਰਿਆਦਾ ਨੂੰ ਭੰਗ ਕਰ ਦਿੰਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਮਰੁਤਬਾ ਤੇ ਹਮਖ਼ਿਆਲ ਦੋਸਤੀ ਹੋਵੇ, ਕਿਉਂਕਿ ਊਠ-ਬੱਕਰੀ ਦੀ ਦੋਸਤੀ ਨੂੰ ਸਿਰੇ ਚੜ੍ਹਾਉਣਾ ਔਖਾ ਹੋ ਜਾਂਦਾ ਹੈ। ਮੁੱਕਦੀ ਗੱਲ ਇਹ ਹੈ ਕਿ ਦੋਸਤੀ ਕਿਸੇ ਨਾਲ ਵੀ ਹੋ ਜਾਂਦੀ ਹੈ ਜਾਂ ਹੋ ਸਕਦੀ ਹੈ ਤੇ ਵਿਚਾਰ ਮਿਲ ਜਾਣ ਤਾਂ ਜੀਵਨ ਭਰ ਬਾਖ਼ੂਬੀ ਨਿਭਾਈ ਵੀ ਜਾ ਸਕਦੀ ਹੈ। ਸੱਚਾ ਦੋਸਤ ਉਹ ਵਡਮੁੱਲਾ ਹੀਰਾ ਹੁੰਦਾ ਹੈ, ਜਿਸ ਦੀ ਚਮਕ ਸਮੇਂ ਦੀ ਨਿਆਈਂ ਕਦੇ ਫਿੱਕੀ ਨਹੀਂ ਪੈਂਦੀ।

ਦੁਨੀਆ ‘ਚ ਸ੍ਰੀ ਕ੍ਰਿਸ਼ਨ ਤੇ ਸੁਦਾਮੇ ਦੀ ਦੋਸਤੀ ਇਕ ਬਿਹਤਰ ਉਦਾਹਰਣ ਹੈ। ਸੱਚੇ ਦੋਸਤ ਦੀ ਕੇਵਲ ਤੇ ਕੇਵਲ ਇਕ ਪਛਾਣ ਹੁੰਦੀ ਹੈ ਕਿ ਉਹ ਤੁਹਾਡੇ ਦਿਲ ਦੇ ਭੇਤ ਤਾਂ ਜਾਣਦਾ ਹੀ ਹੁੰਦਾ ਹੈ ਪਰ ਉਹ ਆਪਣੇ ਦਿਲ ਦੇ ਸਾਰੇ ਭੇਦ ਵੀ ਤੁਹਾਨੂੰ ਬੇਝਿਜਕ ਦੱਸਦਾ ਹੈ। ਇਹੋ ਸੱਚੇ ਤੇ ਪੱਕੇ ਦੋਸਤ ਦੀ ਨਿਸ਼ਾਨੀ ਹੁੰਦੀ ਹੈ। ਇਕ ਸੱਚਾ ਦੋਸਤ ਕਦੇ ਵੀ ਆਪਣੇ ਦੋਸਤ ਦੀ ਪਰਿਵਾਰਕ ਜ਼ਿੰਦਗੀ, ਵਿਓਂਤਬੰਦੀ ਆਦਿ ‘ਚ ਬੇਲੋੜਾ ਦਖ਼ਲ ਨਹੀਂ ਦਿੰਦਾ ਤੇ ਦੋਸਤੀ ਦੀ ਗਰਿਮਾ ਬਣਾਈ ਰੱਖਦਾ ਹੈ। ਕਈ ਦੋਸਤ ‘ਮੂੰਹ ‘ਚ ਰਾਮ-ਰਾਮ, ਬਗਲ ‘ਚ ਛੁਰੀ’ ਦੀ ਭਾਵਨਾ ਵਾਲੇ ਵੀ ਹੋ ਸਕਦੇ ਹਨ ਤੇ ਕੇਵਲ ਆਪਣਾ ਉੱਲੂ ਸਿੱਧਾ ਕਰਨ ਤਕ ਹੀ ਦੋਸਤੀ ਦਾ ਝੰਡਾ ਚੁੱਕੀ ਰੱਖਦੇ ਹਨ। ਅਜਿਹੇ ਝੂਠੇ ਤੇ ਆਪ-ਹੁਦਰੇ ਦੋਸਤਾਂ ਤੋਂ ਤਾਂ ਰੱਬ ਹੀ ਬਚਾਵੇ ।

- Advertisement -

ਸਾਨੂੰ ਦੋਸਤੀ ਨਿਭਾਉਂਦੇ ਸਮੇਂ ਇਸ ਰਿਸ਼ਤੇ ਦੀ ਪਵਿੱਤਰਤਾ, ਮਰਿਆਦਾ ਤੇ ਭਾਵਨਾ ਦਾ ਮਾਣ ਰੱਖਣਾ ਚਾਹੀਦਾ ਹੈ, ਤਾਂ ਜੋ ਦੋਸਤੀ ਦੁਨੀਆ ਲਈ ਇਕ ਉਦਾਹਰਣ ਬਣ ਜਾਵੇ।

Share this Article
Leave a comment