ਨਵੀ ਦਿੱਲੀ : ਪੂਰੇ ਉੱਤਰੀ ਭਾਰਤ ਵਿੱਚ ਇਨ੍ਹੀ ਦਿਨੀ ਜ਼ੋਰਦਾਰ ਬਾਰਿਸ਼ ਹੋ ਰਹੀ ਹੈ। 3 ਅਗਸਤ ਤੱਕ ਮੀਂਹ ਤੋਂ ਰਾਹਤ ਦੀ ਉਮੀਦ ਨਹੀਂ ਹੈ। ਉੱਤਰਾਖੰਡ ਵਿੱਚ ਯਾਤਰਾ ਮਾਰਗ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਕਾਰਨ ਰਸਤੇ ਬੰਦ ਹੋਣ ਅਤੇ ਭਾਰੀ ਬਾਰਿਸ਼ ਕਾਰਨ ਚਾਰਧਾਮ ਯਾਤਰਾ ਮੰਗਲਵਾਰ ਨੂੰ ਮੁਲਤਵੀ ਰਹੀ, ਬੁੱਧਵਾਰ ਨੂੰ ਵੀ ਯਾਤਰਾ ‘ਤੇ ਰੋਕ ਰਹੇਗੀ।
29 ਜੁਲਾਈ, ਬੁੱਧਵਾਰ ਨੂੰ ਵੀ ਮੌਸਮ ਵਿਭਾਗ ਨੇ ਬਿਹਾਰ, ਯੂ.ਪੀ. ਸਮੇਤ ਦੇਸ਼ ਦੇ 16 ਰਾਜਾਂ ਵਿੱਚ ਭਾਰੀ ਝੱਖੜ ਅਤੇ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਕੁਝ ਰਾਜਾਂ ਵਿੱਚ ਗੜ੍ਹੇ ਵੀ ਪੈ ਸਕਦੇ ਹਨ। ਅਗਲੇ 4-5 ਦਿਨਾਂ ਤੱਕ ਉੱਤਰ-ਪੱਛਮੀ ਅਤੇ ਮੱਧ ਭਾਰਤ ਵਿੱਚ ਬਾਰਿਸ਼ ਆਮ ਜਾਂ ਉਸ ਤੋਂ ਵੱਧ ਰਹਿ ਸਕਦੀ ਹੈ।
ਬੁੱਧਵਾਰ ਨੂੰ ਦਿੱਲੀ, ਯੂ.ਪੀ., ਬਿਹਾਰ, ਝਾਰਖੰਡ, ਰਾਜਸਥਾਨ, ਹਿਮਾਚਲ, ਪੰਜਾਬ ਸਮੇਤ 16 ਰਾਜਾਂ ਵਿੱਚ ਤੇਜ਼ ਬਾਰਿਸ਼ ਅਤੇ ਤੂਫ਼ਾਨ ਦੀ ਚੇਤਾਵਨੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ। ਇਸ ਦੌਰਾਨ ਸੰਭਲ ਕੇ ਰਹਿਣ ਦੀ ਲੋੜ ਹੈ। ਝੱਖੜ ਅਤੇ ਬਾਰਿਸ਼ ਕਾਰਨ ਰੁੱਖ ਡਿੱਗਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ। ਖ਼ਾਸ ਕਰਕੇ ਕਿਸਾਨਾਂ ਅਤੇ ਮਛਿਆਰਿਆਂ ਨੂੰ ਸੁਚੇਤ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
ਮੱਧ ਪ੍ਰਦੇਸ਼ ਦੇ ਬਾਲਾਘਾਟ, ਸਿਵਨੀ, ਛਿੰਦਵਾੜਾ, ਨਰਮਦਾਪੁਰਮ ਅਤੇ ਰਾਇਸੇਨ ਵਿੱਚ ਬੁੱਧਵਾਰ ਨੂੰ ਬਹੁਤ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ, ਅਗਲੇ 24 ਘੰਟਿਆਂ ਵਿੱਚ ਇੱਥੇ 4 ਇੰਚ ਤੱਕ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਦੇਵਾਸ, ਸੀਹੋਰ, ਹਰਦਾ, ਬੈਤੂਲ, ਪਾਂਢੁਰਣਾ, ਸਾਗਰ, ਨਰਸਿੰਘਪੁਰ, ਦਮੋਹ, ਜਬਲਪੁਰ ਅਤੇ ਛਤਰਪੁਰ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਹੈ।
ਪੰਜਾਬ – ਚੰਡੀਗੜ੍ਹ ਵਿੱਚ ਵੀ ਮਾਨਸੂਨ ਨੇ ਰਫ਼ਤਾਰ ਫੜੀ ਹੋਈ ਹੈ। ਮੌਸਮ ਵਿਭਾਗ ਨੇ ਅੱਜ ਵੀ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਨੂੰ ਲੈ ਕੇ ਆਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਅਨੁਸਾਰ 29 ਜੁਲਾਈ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਗਰਜ-ਚਮਕ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ 30 ਜੁਲਾਈ ਤੋਂ 3 ਅਗਸਤ ਤੱਕ ਰਾਜ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਾ ਦੌਰ ਜਾਰੀ ਰਹਿ ਸਕਦਾ ਹੈ।
ਹਰਿਆਣਾ ਵਿੱਚ ਮਾਨਸੂਨ ਦੀ ਸਰਗਰਮੀ ਲਗਾਤਾਰ ਬਣੀ ਹੋਈ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਅੱਜ ਹਰਿਆਣਾ ਦੇ 14 ਜ਼ਿਲ੍ਹਿਆਂ ਵਿੱਚ ਤੇਜ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਬਾਂਦੀ ਹੋ ਸਕਦੀ ਹੈ। ਪੰਚਕੂਲਾ, ਅੰਬਾਲਾ ਅਤੇ ਯਮੁਨਾਨਗਰ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਕੁਰੂਕਸ਼ੇਤਰ, ਕੈਥਲ, ਕਰਨਾਲ, ਪਾਨੀਪਤ, ਸੋਨੀਪਤ, ਰੋਹਤਕ, ਝੱਜਰ, ਗੁਰੂਗ੍ਰਾਮ, ਫਰੀਦਾਬਾਦ, ਨੂਹ ਅਤੇ ਪਲਵਲ ਵਿੱਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਨਾਲ ਬਾਰਿਸ਼ ਦਾ ਯੈਲੋ ਅਲਰਟ ਦਿੱਤਾ ਗਿਆ ਹੈ। ਬਾਕੀ ਥਾਵਾਂ ‘ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਮੰਗਲਵਾਰ ਨੂੰ ਸੂਬੇ ਵਿੱਚ ਹੋਈ ਬਾਰਿਸ਼ ਕਾਰਨ ਦਿਨ ਦਾ ਤਾਪਮਾਨ 8 ਡਿਗਰੀ ਤੱਕ ਡਿੱਗ ਗਿਆ।

