ਵਾਸ਼ਿੰਗਟਨ : ਅਮਰੀਕਾ ਵਿੱਚ ਏਅਰ ਸ਼ੋਅ ਦੌਰਾਨ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਦੋ ਅਮਰੀਕੀ ਲੜਾਕੂ ਜਹਾਜ਼ ਹਵਾ ਵਿੱਚ ਆਪਸ ਵਿੱਚ ਟਕਰਾ ਗਏ ਅਤੇ ਅੱਗ ਦਾ ਗੋਲਾ ਬਣ ਗਏ। ਇਹ ਹਾਦਸਾ ਅਮਰੀਕਾ ਦੇ ਇਡਾਹੋ ਵਿੱਚ ਮਾਊਂਟੇਨ ਹੋਮ ਏਅਰ ਫੋਰਸ ਬੇਸ ‘ਤੇ ‘ਗਨਫਾਈਟਰ ਸਕਾਈਜ਼ ਏਅਰ ਸ਼ੋਅ’ ਦੌਰਾਨ ਹੋਇਆ।
ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਹਾਦਸਾ ਅਮਰੀਕਾ ਦੇ ਸਥਾਨਕ ਸਮੇਂ ਅਨੁਸਾਰ ਦੁਪਹਿਰ 12:30 ਵਜੇ ਦੇ ਕਰੀਬ ਵਾਪਰਿਆ, ਜਦੋਂ ਦੋਵੇਂ ਫਾਈਟਰ ਜੈੱਟ ਹਵਾ ਵਿੱਚ ਕਰਤਬ ਦਿਖਾਉਂਦੇ ਹੋਏ ਇੱਕ-ਦੂਜੇ ਨਾਲ ਟਕਰਾ ਗਏ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ।ਇਸ ਹਾਦਸੇ ਵਿੱਚ ਦੋ EA-18G ਲੜਾਕੂ ਜਹਾਜ਼ ਸ਼ਾਮਲ ਸਨ।
ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ ਜਹਾਜ਼ਾਂ ਦੇ ਜ਼ਮੀਨ ‘ਤੇ ਡਿੱਗਣ ਤੋਂ ਪਹਿਲਾਂ ਚਾਰੇ ਕਰੂ ਮੈਂਬਰ ਸੁਰੱਖਿਅਤ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ। ਆਨਲਾਈਨ ਸਾਹਮਣੇ ਆਈ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਹਵਾ ਵਿੱਚ ਅਚਾਨਕ ਦੋਵੇਂ ਜਹਾਜ਼ ਇੱਕ-ਦੂਜੇ ਨਾਲ ਟਕਰਾਉਣ ਤੋਂ ਬਾਅਦ ਟੁੱਟ ਕੇ ਵੱਖ ਹੋ ਗਏ। ਕੁਝ ਹੀ ਪਲਾਂ ਬਾਅਦ ਜਹਾਜ਼ ਜ਼ਮੀਨ ‘ਤੇ ਡਿੱਗ ਕੇ ਅੱਗ ਦਾ ਗੋਲਾ ਬਣ ਜਾਂਦੇ ਹਨ।
ਇਸ ਭਿਆਨਕ ਹਾਦਸੇ ਦੇ ਹੁੰਦੇ ਹੀ ਹਫੜਾ ਦਫੜੀ ਦਾ ਮਾਹੌਲ ਬਣ ਗਿਆ। ਖ਼ਤਰੇ ਨੂੰ ਭਾਂਪਦਿਆਂ ‘ਮਾਊਂਟੇਨ ਹੋਮ ਏਅਰ ਫੋਰਸ ਬੇਸ’ ਨੂੰ ਤੁਰੰਤ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ, ਤਾਂ ਜੋ ਕੋਈ ਵੀ ਅਣਜਾਣ ਵਿਅਕਤੀ ਅੰਦਰ ਜਾਂ ਬਾਹਰ ਨਾ ਜਾ ਸਕੇ। ਘਟਨਾ ਦੀ ਸੂਚਨਾ ਮਿਲਦੇ ਹੀ ਐਮਰਜੈਂਸੀ ਟੀਮਾਂ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਬਚਾਅ ਕਰਮੀ ਬਿਨਾਂ ਇੱਕ ਵੀ ਪਲ ਗਵਾਏ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ।
ਇਹ ਬਹੁਤ ਹੀ ਖ਼ੁਸ਼ਕਿਸਮਤੀ ਰਹੀ ਕਿ ਇਸ ਭਿਆਨਕ ਹਾਦਸੇ ਵਿੱਚ ਜਹਾਜ਼ਾਂ ਦੇ ਅੰਦਰ ਮੌਜੂਦ ਪਾਇਲਟ ਅਤੇ ਕਰੂ ਮੈਂਬਰ ਸਮਾਂ ਰਹਿੰਦੇ ਪੈਰਾਸ਼ੂਟ ਦੀ ਮਦਦ ਨਾਲ ਸੁਰੱਖਿਅਤ ਬਾਹਰ ਨਿਕਲ ਗਏ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਅਮਰੀਕੀ ਨੇਵੀ ਨੇ ਵੀ ਬਾਅਦ ਵਿੱਚ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਜਹਾਜ਼ਾਂ ਦੇ ਟਕਰਾਉਣ ਤੋਂ ਬਾਅਦ ਚਾਰੇ ਕਰੂ ਮੈਂਬਰ ਸੁਰੱਖਿਅਤ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

