ਨਿਊਜ਼ ਡੈਸਕ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਹਿੰਦੂ ਘੱਟ ਗਿਣਤੀਆਂ ਨਾਲ ਜ਼ੁਲਮ ਅਤੇ ਅੱਤਿਆਚਾਰ ਦਾ ਸਿਲਸਿਲਾ ਜਾਰੀ ਹੈ। ਟੰਡੋ ਜਾਮ ਕਸਬੇ ਦੇ ਨੇੜੇ ਮੂਸਾ ਖਾਤੀਆਣ ਪਿੰਡ ਵਿੱਚ 100 ਸਾਲ ਪੁਰਾਣੇ ਸ਼ਿਵ ਮੰਦਰ ਦੀ ਜ਼ਮੀਨ ’ਤੇ ਭੂ-ਮਾਫੀਆ ਨੇ ਨਜਾਇਜ਼ ਕਬਜ਼ਾ ਕਰ ਲਿਆ ਹੈ। ਮੰਦਰ ਦੇ ਆਲੇ-ਦੁਆਲੇ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਹਿੰਦੂ ਭਾਈਚਾਰੇ ਵਿੱਚ ਰੋਹ ਪੈਦਾ ਹੋਇਆ ਹੈ। ਵੀਰਵਾਰ ਨੂੰ ਹਿੰਦੂ ਭਾਈਚਾਰੇ ਦੇ ਇੱਕ ਨੁਮਾਇੰਦੇ ਨੇ ਸਰਕਾਰ ਨੂੰ ਇਸ ਨਜਾਇਜ਼ ਨਿਰਮਾਣ ਨੂੰ ਰੋਕਣ ਦੀ ਅਪੀਲ ਕੀਤੀ।
ਦਰਵਾਰ ਇੱਤੇਹਾਦ ਪਾਕਿਸਤਾਨ ਦੇ ਮੁਖੀ ਸ਼ਿਵਾ ਕਾਛੀ ਨੇ ਕਿਹਾ, “ਇਹ ਮੰਦਰ ਇੱਕ ਸਦੀ ਤੋਂ ਵੀ ਜ਼ਿਆਦਾ ਪੁਰਾਣਾ ਹੈ, ਪਰ ਭੂ-ਮਾਫੀਆ ਨੇ ਮੰਦਰ ਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਅਤੇ ਇਸ ਦੇ ਪ੍ਰਵੇਸ਼ ਦੁਆਰਾਂ ਅਤੇ ਰਾਹਾਂ ਨੂੰ ਬੰਦ ਕਰ ਦਿੱਤਾ।” ਇਹ ਸੰਗਠਨ ਪਾਕਿਸਤਾਨ ਵਿੱਚ ਹਿੰਦੂ ਭਾਈਚਾਰੇ ਦੀ ਨੁਮਾਇੰਦਗੀ ਕਰਦਾ ਹੈ।
ਕਾਛੀ ਨੇ ਦੱਸਿਆ ਕਿ ਕਰਾਚੀ ਤੋਂ 185 ਕਿਲੋਮੀਟਰ ਦੂਰ ਵਸੇ ਇਸ ਪਿੰਡ ਵਿੱਚ ਮੰਦਰ ਅਤੇ ਇਸ ਦੀ ਚਾਰ ਏਕੜ ਜ਼ਮੀਨ ਦਾ ਪ੍ਰਬੰਧ ਇੱਕ ਕਮੇਟੀ ਕਰਦੀ ਸੀ। ਪਿਛਲੇ ਸਾਲ ਸਿੰਧ ਹੈਰੀਟੇਜ ਵਿਭਾਗ ਨੇ ਮੰਦਰ ਦੀ ਇਤਿਹਾਸਕ ਮਹੱਤਤਾ ਨੂੰ ਵੇਖਦਿਆਂ ਇਸ ਦਾ ਜੀਰਨ-ਉਧਾਰ ਕੀਤਾ ਸੀ। ਮੰਦਰ ਦੇ ਨੇੜੇ ਹੀ ਹਿੰਦੂਆਂ ਦਾ ਸਸਕਾਰ ਸਥਾਨ ਵੀ ਹੈ, ਜਿੱਥੇ ਹਰ ਸਾਲ ਧਾਰਮਿਕ ਸਮਾਗਮ ਹੁੰਦੇ ਹਨ।
ਉਨ੍ਹਾਂ ਨੇ ਕਿਹਾ ਕਿ ਸਥਾਨਕ ਹਿੰਦੂ ਭਾਈਚਾਰਾ ਹਰ ਸੋਮਵਾਰ ਨੂੰ ਮੰਦਰ ਵਿੱਚ ਭਜਨ-ਕੀਰਤਨ ਲਈ ਆਉਂਦਾ ਹੈ, ਪਰ ਭੂ-ਮਾਫੀਆ ਨੇ ਮੰਦਰ ਦੀ ਜ਼ਮੀਨ ’ਤੇ ਕਬਜ਼ਾ ਕਰਕੇ ਨਿਰਮਾਣ ਸ਼ੁਰੂ ਕਰ ਦਿੱਤਾ ਹੈ। ਕਾਛੀ ਨੇ ਸਰਕਾਰ ਨੂੰ ਮੰਦਰ ਦੀ ਸੁਰੱਖਿਆ ਅਤੇ ਨਜਾਇਜ਼ ਨਿਰਮਾਣ ਰੋਕਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਿੰਧ ਵਿੱਚ ਕਈ ਇਤਿਹਾਸਕ ਹਿੰਦੂ ਮੰਦਰ ਹਨ, ਜਿਨ੍ਹਾਂ ਦੀ ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ।