ਅਮਰੀਕਾ ਦਾਖਲ ਹੋ ਰਹੇ ਪਰਵਾਸੀਆਂ ਦੀ ਗਿਣਤੀ ‘ਚ ਹੋਇਆ ਖਾਸਾ ਵਾਧਾ

Global Team
2 Min Read

ਟੋਰਾਂਟੋ: ਨਾਜਾਇਜ਼ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ‘ਚ ਕਾਮਯਾਬ ਹੋ ਰਹੇ ਹਨ। ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਵੱਲੋਂ ਪਿਛਲੇ ਸਾਲ 109,535 ਪਰਵਾਸੀਆਂ ਨੂੰ ਰੋਕਿਆ ਗਿਆ ਜਦਕਿ ਇਸ ਵਾਰ ਇਹ ਅੰਕੜਾ 6 ਮਹੀਨੇ ‘ਚ ਹੀ 84 ਹਜ਼ਾਰ ਤੋਂ ਟੱਪਦਾ ਨਜ਼ਰ ਆ ਰਿਹਾ ਹੈ।

ਓਨਟਾਰੀਓ ਦਾ ਕੌਰਨਵਾਲ ਅਤੇ ਕਿਊਬੈਕ ਦਾ ਅਕਵੇਜ਼ਨ ਇਲਾਕਾ ਵਾਸੀਆਂ ਦੇ ਸਰਹੱਦ ਪਾਰ ਕਰਨ ਵਾਸਤੇ ਢੁਕਵੀਆਂ ਥਾਵਾਂ ਮੰਨੀਆਂ ਜਾਂਦੀਆਂ ਹਨ ਅਤੇ ਸੰਭਾਵਤ ਤੌਰ ਤੇ ਮਨੁੱਖੀ ਤਸਕਰਾਂ ਵੱਲੋਂ ਇਸ ਕੰਮ ‘ਚ ਸਥਾਨਕ ਲੋਕਾਂ ਦੀ ਮਦਦ ਵੀ ਲਈ ਜਾਂਦੀ ਹੈ। ਅਮਰੀਕਾ-ਕੈਨੇਡਾ ਦੇ ਬਾਰਡਰ ‘ਤੇ ਗੈਰਕਾਨੂੰਨੀ ਪਰਵਾਸ ਦਾ ਇੱਕ ਹੋਰ ਗੜ੍ਹ ਸਵੈਟਨ ਸੈਕਟਰ ਮੰਨਿਆ ਜਾਂਦਾ ਹੈ ਅਤੇ ਇਸ ਸਾਲ ਹੁਣ ਤੱਕ ਬਾਰਡਰ ਏਜੰਟਾਂ ਦੇ ਪਰਵਾਸੀਆਂ ਨਾਲ 2,670 ਟਾਕਰ ਹੋ ਚੁੱਕੇ ਹਨ ਜਦਕਿ 2022 ‘ਚ ਪੂਰੇ ਸਾਲ ਦੌਰਾਨ 1065 ਮੌਕਿਆਂ ‘ਤੇ ਪਰਵਾਸੀਆਂ ਨੂੰ ਰੋਕਿਆ ਗਿਆ। ਕਿਊਬੈਕ ਦਾ ਰੋਕਸਮ ਰੋਡ ਲਾਂਘਾ ਬੰਦ ਹੋਣ ਦੇ ਬਾਵਜੂਦ ਨਾਜਾਇਜ਼ ਪਰਵਾਸ ‘ਚ ਕੋਈ ਕਮੀ ਮਹਿਸੂਸ ਨਹੀਂ ਹੋ ਰਹੀ ਅਤੇ ਅਮਰੀਕਾ ਜਾਣ ਦੇ ਇੱਛੁਕ ਲੋਕ ਆਪਣੀ ਜਾਨ ਖਤਰੇ ‘ਚ ਪਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ।

ਚਾਰ ਜੀਆਂ ਵਾਲੇ ਭਾਰਤੀ ਪਰਵਾਰ ਸਣੇ ਅੱਠ ਪਰਵਾਸੀਆਂ ਦੇ ਸੇਂਟ ਲਾਰੈਂਸ ਨਦੀ ਵਿਚ ਡੁੱਬਣ ਦੀ ਦੁਖਦਾਈ ਘਟਨਾ ਵੀ ਉਨ੍ਹਾਂ ਦੇ ਮਨ ‘ਚ ਖੌਫ ਪੈਦਾ ਨਹੀਂ ਕਰਦੀ ਅਤੇ ਉਹ ਕਿਸੇ ਨਾਂ ਕਿਸੇ ਤਰੀਕੇ ਅਮਰੀਕਾ ‘ਚ ਦਾਖਲ ਹੋਣਾ ਚਾਹੁੰਦੇ ਹਨ। ਟੋਰਾਂਟੋ ਅਤੇ ਮੌਂਟਰੀਅਲ ‘ਚ ਬੈਠੇ ਮਨੁੱਖੀ ਤੱਸਕਰ ਸਥਾਨਕ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਹਨ ਅਤੇ ਕਈ ਮੌਕਿਆਂ ‘ਤੇ ਵੱਡੀ ਕਾਰਵਾਈ ਹੋਣ ਦੇ ਬਾਵਜੂਦ ਮਨੁੱਖੀ ਤਸਕਰੀ ਦਾ ਢਾਂਚਾ ਮੁੜ ਖੜਾ ਹੋ ਜਾਂਦਾ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਸਾਬਕਾ ਅਫ਼ਸਰ ਕੋਲੀ ਸੁੰਡਬਰਗ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਦੌਰਾਨ ਸੀ.ਬੀ.ਐਸ.ਏ. ਅਤੇ ਆਰ.ਸੀ.ਐਮ.ਪੀ. ਵੱਲੋਂ ਅਪਣਾਇਆ ਜਾ ਰਹੀ ਸੁਰੱਖਿਆ ਪ੍ਰਣਾਲੀ ਨਾਕਾਫ਼ੀ ਹੈ। ਇਸ ਵਿਚ ਵੱਡੇ ਸੁਧਾਰ ਕਰਨੇ ਹੋਣਗੇ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment