ਬਾਦਲਾਂ ਦੇ ਗੜ੍ਹ ’ਚ ਕਾਂਗਰਸ ਨੂੰ ਝਟਕਾ-ਗੁਰਮੀਤ ਸਿੰਘ ਖੁੱਡੀਆਂ ਨੇ ਸਾਥੀਆਂ ਸਮੇਤ ਕਾਂਗਰਸ ਛੱਡੀ

TeamGlobalPunjab
5 Min Read

ਬਠਿੰਡਾ (ਅਸ਼ੋਕ ਵਰਮਾ): ਨਵਜੋਤ ਸਿੰਘ ਸਿੱਧੂ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਵਾਲੇ ਦਿਨ ਕਾਂਗਰਸ ਨੂੰ ਜਬਰਦਸਤ ਝਟਕਾ ਦਿੰਦਿਆਂ ਲੰਬੀ ਹਲਕੇ ਦੇ ਨਿਰਵਿਵਾਦ ਅਤੇ ਇਮਾਨਦਾਰ ਕਾਂਗਰਸੀ ਲੀਡਰ ਤੇ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਖੁੱਡੀਆਂ ਨੇ ਪਾਰਟੀ ਨਾਲੋਂ ਤੋੜ ਵਿਛੋੜਾ ਕਰ ਲਿਆ ਹੈ। ਜਿਸ ਨੂੰ ਕਾਂਗਰਸ ਪਾਰਟੀ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਗੁਰਮੀਤ ਖੁੱਡੀਆਂ ਮਰਹੂਮ ਆਗੂ ਜਗਦੇਵ ਸਿੰਘ ਖੁੱਡੀਆਂ ਦੇ ਸਪੁੱਤਰ ਹਨ ਜਿੰਨ੍ਹਾਂ ਦੀ ਦਿਆਨਤਦਾਰੀ ਅਤੇ ਨੇਕਨੀਅਤੀ ਦੀਆਂ ਅੱਜ ਵੀ ਲੋਕ ਉੱਚੀ ਬਾਂਹ ਕਰਕੇ ਮਿਸਾਲਾਂ ਦਿੰਦੇ ਹਨ। ਵਿਧਾਨ ਸਭਾ ਹਲਕਾ ਲੰਬੀ ਵਿੱਚ ਵੀ ਅੱਜ ਇਹੋ ਚਰਚਾ ਰਹੀ ਕਿ ਇੱਕ ਇਮਾਨਦਾਰ ਕਾਂਗਰਸੀ ਆਗੂ ਅੱਜ ਗੰਧਲੀ ਸਿਆਸਤ ਦੇ ਪੈਰ ਹੇਠ ਮਿੱਧਿਆ ਗਿਆ ਹੈ।

ਗੁਰਮੀਤ ਸਿੰਘ ਖੁੱਡੀਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਦਾ ਐਲਾਨ ਆਪਣੇ ਜੱਦੀ ਪਿੰਡ ਖੁੱਡੀਆਂ ਦੇ ਗੁਰੂ ਘਰ ਵਿੱਚ ਵੱਡੇ ਇਕੱਠ ਦੌਰਾਨ ਕੀਤਾ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਜਿੱਤ ਤੋਂ ਬਾਅਦ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਖੁੱਡੀਆਂ ਨੂੰ ਉਨ੍ਹਾਂ ਦੇ ਸਿਆਸੀ ਕੱਦ ਮੁਤਾਬਕ ਕਿਸੇ ਸਨਮਾਨਿਤ ਅਹੁਦੇ ਨਾਲ ਨਿਵਾਜਿਆ ਜਾਏਗਾ। ਇਸ ਦੇ ਉਲਟ ਲੰਬੀ ਹਲਕੇ ਦੇ ਵਰਕਰਾਂ ’ਚ ਵੱਡੇ ਪ੍ਰਭਾਵ ਅਤੇ ਪਾਰਟੀ ਨੂੰ ਮਜਬੂਤ ਕਰਨ ਦੇ ਬਾਵਜੂਦ ਕਾਂਗਰਸ ਸਰਕਾਰ ਵਿਚ ਚੇਅਰਮੈਨ ਜਾਂ ਕੋਈ ਦੂਸਰਾ ਸਨਮਾਨਿਤ ਸਿਆਸੀ ਅਹੁਦਾ ਨਾ ਦੇਣ ਕਰਕੇ ਵੀ ਇੰਨ੍ਹਾਂ ਦਿਨਾਂ ਦੌਰਾਨ ਉਹ ਨਿਰਾਸ਼ ਚਲੇ ਆ ਰਹੇ ਸਨ। ਗੁਰਮੀਤ ਸਿੰਘ ਖੁੱਡੀਆਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸਲ ’ਚ ਉਹ ਪਿਛਲੇ ਕਾਫੀ ਸਮੇਂ ਤੋਂ ਲੰਬੀ ਹਲਕੇ ’ਚ ਹੀ ਨਹੀਂ ਬਲਕਿ ਪੰਜਾਬ ’ਚ ‘ਰਲ ਮਿਲ’ ਕੇ ਖੇਡ੍ਹੀ ਜਾ ਰਹੀ ਰਾਜਨੀਤੀ ਤੋਂ ਦੁਖੀ ਹੋਕੇ ਅੱਜ ਪਾਰਟੀ ਛੱਡ ਰਹੇ ਹਨ।

ਉਨ੍ਹਾਂ ਆਖਿਆ ਕਿ ਪਾਰਟੀ ਛੱਡਣ ਅਤੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਵਿਚਕਾਰ ਕੋਈ ਸੰਜੋਗ ਜਾਂ ਕਾਰਨ ਨਹੀਂ ਬਲਕਿ ਸ੍ਰੀ ਸਿੱਧੂ ਨੇ ਤਾਂ ਉਨ੍ਹਾਂ ਨੂੰ ਫੋਨ ਕਰਕੇ ਆਪਣੀਆਂ ਸਮੱਸਿਆਵਾਂ ਉਨ੍ਹਾਂ ਦੀ ਝੋਲੀ ’ਚ ਪਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਦਰਅਸਲ ਉਹ ਪੰਜਾਬ ਦੇ ਮੌਜੂਦਾ ਅਤੇ ਪੂਰੀ ਤਰਾਂ ਗੰਧਲ ਚੁੱਕੇ ਰਾਜਨੀਤਕ ਮਹੌਲ ਦੇ ਹਾਣੀ ਨਹੀਂ ਬਣ ਸਕੇ ਹਨ। ਲੰਬੀ ਹਲਕੇ ਨਾਲ ਸਬੰਧਤ ਕਾਂਗਰਸ ਦੇ ਥੰਮ ਆਗੂ ਮਹੇਸ਼ਇੰਦਰ ਸਿੰਘ ਬਾਦਲ ਨੇ ਗੁਰਮੀਤ ਸਿੰਘ ਖੁੱਡੀਆਂ ਦੇ ਕਾਂਗਰਸ ਛੱਡਣ ਨੂੰ ਬੇਹੱਦ ਦੁਖਦਾਈ ਦੱਸਿਆ ਹੈ। ਦੱਸਣਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਨੂੰ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ’ਚ ਲੰਬੀ ਹਲਕੇ ਤੋਂ ਕਾਂਗਰਸ ਦਾ ਉਮੀਦਵਾਰ ਬਨਾਉਣ ਦੇ ਚਰਚੇ ਸਨ।

ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਤੋਂ ਅਸਤੀਫਾ ਦੇਣ ਵਾਲੇ ਸਾਬਕਾ ਵਿਧਾਇਕ ਮਰਹੂਮ ਜਰਨੈਲ ਸਿੰਘ ਨੂੰ ਲੰਬੀ ਤੋਂ ਉਮੀਦਵਾਰ ਐਲਾਨ ਦਿੱਤਾ। ਅਚਾਨਕ ਬਦਲੇ ਹਾਲਾਤਾਂ ਨੂੰ ਦੇਖਦਿਆਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਮੀਦਵਾਰ ਬਣਾ ਲਿਆ ਜਿਸ ਨੂੰ ਲੈਕੇ ਵੀ ਕਈ ਤਰਾਂ ਦੀ ਚੁੱਝ ਚਰਚਾ ਚੱਲੀ ਸੀ ਜਿਸ ਵਿੱਚ ਇਸ ਮੁੱਦੇ ਤੇ ਕੁੱਝ ਕਾਂਗਰਸੀ ਲੀਡਰਾਂ ਦੀ ਅੰਦਰੋ ਅੰਦਰੀ ਨਰਾਜਗੀ ਵੀ ਸ਼ਾਮਲ ਹੈ। ਜਿਕਰ ਕਰਨਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਹਲਕਾ ਲੰਬੀ ਤੋਂ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਰਹੇ ਰਣਧੀਰ ਸਿੰਘ ਧੀਰਾ ਖੁੱਡੀਆਂ ਵੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇਕੇ ਕਿਸਾਨੀ ਦੇ ਹੱਕ ਵਿਚ ਚੱਲ ਰਹੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋ ਗਏ ਸਨ।

- Advertisement -

ਲੰਬੀ ਹਲਕੇ ਨੂੰ ਅਣਗੌਲਣ ਤੇ ਛੱਡੀ ਪਾਰਟੀ-ਖੁੱਡੀਆਂ

ਬਲਾਕ ਲੰਬੀ ਦੇ ਪੰਚਾਂ ਅਤੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਖੁੱਡੀਆਂ ਦਾ ਕਹਿਣਾ ਸੀ ਕਿ ਲੰਬੀ ਤੋਂ ਚੋਣ ਲੜਨ ਵਾਲੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਲਕੇ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ, ਜਿਸ ਕਰਕੇ ਉਹ ਅੱਜ ਕਾਂਗਰਸ ਛੱਡ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੀ ਹੀ ਪਾਰਟੀ ਦੀ ਸਰਕਾਰ ਦੌਰਾਨ ਕਾਂਗਰਸੀ ਵਰਕਰਾਂ ਦਾ ਕੋਈ ਕੰਮ ਨਹੀਂ ਹੋਇਆ ਇਸ ਲਈ ਹੁਣ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਡੱਟਣ ਤੇ ਫੈਸਲਾ ਲੈਣ ਦਾ ਸਮਾਂ ਆ ਗਿਆ ਸੀ। ਉਨ੍ਹਾਂ ਆਖਿਆ ਕਿ ਪਿਛਲੀਆਂ ਅਕਾਲੀ ਜਾਂ ਕਾਂਗਰਸੀ ਸਰਕਾਰਾਂ ਨੇ ਲੰਬੀ ਹਲਕੇ ਦਾ ਕੁੱਝ ਨਹੀਂ ਸੰਵਾਰਿਆ ਹੈ। ਉਨ੍ਹਾਂ ਕਿਹਾ ਕਿ ਅਗਲਾ ਫੈਸਲਾ ਆਉਣ ਵਾਲੇ ਕੁੱਝ ਦਿਨਾਂ ’ਚ ਕਰ ਲਿਆ ਜਾਏਗਾ। ਜਥੇਦਾਰ ਖੁੱਡੀਆਂ ਨੇ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਚੋਣ ਲੜੀ ਜਾਏਗੀ ਜਿਸ ਲਈ ਉਨ੍ਹਾਂ ਹੈ ਸਾਰੇ ਸਰਪੰਚਾਂ , ਪੰਚਾਂ ਅਤੇ ਕਾਂਗਰਸੀ ਵਰਕਰਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।

ਸਮਾਗਮ ’ਚ ਇਹ ਰਹੇ ਹਾਜਰ
ਇਸ ਮੌਕੇ ਬਲਾਕ ਕਾਂਗਰਸ ਲੰਬੀ ਦੇ ਪ੍ਰਧਾਨ ਗੁਰਬਾਜ ਸਿੰਘ , ਗੁਰਸੇਵਕ ਸਿੰਘ ਲੰਬੀ, ਬਲਰਾਜ ਸਿੰਘ ਲੰਬੀ, ਸਰਪੰਚ ਗੁਰਦਾਸ ਸਿੰਘ ਲੰਬੀ, ਸਰਪੰਚ ਸੁਖਪਾਲ ਸਿੰਘ ਲੰਬੀ, ਬਲਾਕ ਪ੍ਰਧਾਨ ਮੋਹਨ ਸਿੰਘ ਕੱਟਿਆਂਵਾਲੀ, ਸਰਪੰਚ ਇਕਬਾਲ ਸਿੰਘ ਆਧਨੀਆਂ, ਸਰਪੰਚ ਜਬਰਜੰਗ ਸਿੰਘ ਬਾਦਲ,ਸਰਪੰਚ ਵਰਿੰਦਰ ਸਿੰਘ ਪੱਪੀ ਮਿੱਠੜੀ,ਸਰਪੰਚ ਸਵਰਨਜੀਤ ਸਿੰਘ ਅਤੇ ਸਰਪੰਚ ਜਸਵਿੰਦਰ ਸਿੰਘ ਭਾਗੂ ਆਦਿ ਹਾਜਰ ਸਨ।

Share this Article
Leave a comment