ਵਾਸ਼ਿੰਗਟਨ : – ਭਾਰਤ ਦੀ ਦੋ ਰੋਜ਼ਾ ਯਾਤਰਾ ਪਿੱਛੋਂ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਬੀਤੇ ਐਤਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਪਹੁੰਚ ਗਏ ਹਨ। ਰਾਸ਼ਟਰਪਤੀ ਅਸ਼ਰਫ ਗਨੀ ਸਣੇ ਉਹ ਅਫ਼ਗਾਨ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ।
ਦੱਸ ਦਈਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਫ਼ੌਜੀਆਂ ਨੂੰ ਬੁਲਾਉਣ ਲਈ ਨਿਰਧਾਰਤ ਕੀਤੀ ਗਈ ਇਕ ਮਈ ਦੀ ਡੈੱਡਲਾਈਨ ਦਾ ਕੰਮ ਪੂਰਾ ਹੋ ਸਕਣਾ ਅਸੰਭਵ ਹੈ। ਬਾਇਡਨ ਨੇ ਇਹ ਵੀ ਕਿਹਾ ਸੀ ਕਿ ਜੇਕਰ ਇਸ ਡੈੱਡਲਾਈਨ ਨੂੰ ਵਧਾਇਆ ਵੀ ਜਾਂਦਾ ਹੈ ਤਾਂ ਇਸ ਦੀ ਸਮਾਂ ਹੱਦ ਬਹੁਤ ਜ਼ਿਆਦਾ ਨਹੀਂ ਹੋਵੇਗੀ।
ਇਸਤੋਂ ਇਲਾਵਾ ਤਾਲਿਬਾਨ ਨੇ ਬੀਤੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਮਰੀਕਾ ਨੇ ਡੈੱਡਲਾਈਨ ਦਾ ਪਾਲਣ ਨਾ ਕੀਤਾ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਤਾਲਿਬਾਨ ਵਾਰਤਾਕਾਰ ਟੀਮ ਦੇ ਮੈਂਬਰ ਸੁਹੈਲ ਸ਼ਾਹੀਨ ਨੇ ਕਿਹਾ ਕਿ ਜੇਕਰ ਇਕ ਮਈ ਪਿੱਛੋਂ ਅਮਰੀਕਾ ਫ਼ੌਜੀ ਇੱਥੇ ਰੁਕੇ ਤਾਂ ਇਹ ਸਮਝੌਤੇ ਦਾ ਉਲੰਘਣ ਹੋਵੇਗਾ।