ਨਿਊਜ਼ ਡੈਸਕ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਕਿ ਜੇਕਰ ਸੂਬੇ ‘ਚ ਕੋਈ ਔਰਤ ਨੂੰ ਪਰੇਸ਼ਾਨ ਕਰਨ ਵਰਗਾ ਅਪਰਾਧ ਕਰਦਾ ਹੈ ਤਾਂ ‘ਯਮਰਾਜ’ ਅਗਲੇ ਚੌਰਾਹੇ ‘ਤੇ ਉਸ ਦਾ ਇੰਤਜ਼ਾਰ ਕਰੇਗਾ। ਮੁੱਖ ਮੰਤਰੀ ਦੀ ਇਹ ਟਿੱਪਣੀ 11ਵੀਂ ਜਮਾਤ ਦੀ ਵਿਦਿਆਰਥਣ ਦੀ ਅੰਬੇਡਕਰ ਨਗਰ ਵਿੱਚ ਛੇੜਛਾੜ ਦੌਰਾਨ ਦੁਪੱਟਾ ਖਿੱਚਣ ਅਤੇ ਮੋਟਰਸਾਈਕਲ ਦੀ ਟੱਕਰ ਨਾਲ ਸੜਕ ‘ਤੇ ਡਿੱਗਣ ਤੋਂ ਬਾਅਦ ਕੀਤੀ ਹੈ।
ਦਸ ਦਈਏ ਕਿ ਇਹ ਘਟਨਾ ਬੀਤੇ ਸ਼ੁੱਕਰਵਾਰ ਦੀ ਹੈ। ਇਸ ਮਾਮਲੇ ਦੇ ਤਿੰਨ ਦੋਸ਼ੀਆਂ ਨੂੰ ਸ਼ਨੀਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ ਹੋਏ ਮੁਕਾਬਲੇ ਵਿੱਚ ਦੋ ਮੁਲਜ਼ਮਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ ਅਤੇ ਇੱਕ ਦੀ ਲੱਤ ਟੁੱਟ ਗਈ ਸੀ ਜਦੋਂ ਉਨ੍ਹਾਂ ਨੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਗੋਰਖਪੁਰ ਜ਼ਿਲ੍ਹੇ ਵਿੱਚ 343 ਕਰੋੜ ਰੁਪਏ ਦੇ 76 ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਕਾਨੂੰਨ ਵਿਵਸਥਾ ਲਈ ਮਜ਼ਬੂਤ ਕਾਨੂੰਨੀ ਪ੍ਰਣਾਲੀ ਦੀ ਮਹੱਤਤਾ ਦਾ ਜ਼ਿਕਰ ਕੀਤਾ ਨਾਲ ਹੀ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਦੀ ਦੁਰਵਰਤੋਂ ਕਰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਨੂੰਨ ਸੁਰੱਖਿਆ ਲਈ ਹੈ ਅਤੇ ਜੇਕਰ ਕਿਸੇ ਨੇ ਔਰਤਾਂ ਨਾਲ ਛੇੜਛਾੜ ਕਰਨ ਵਰਗਾ ਅਪਰਾਧ ਕੀਤਾ ਹੈ ਤਾਂ ‘ਯਮਰਾਜ’ ਅਗਲੇ ਚੌਰਾਹੇ ‘ਤੇ ਉਸ ਦਾ ਇੰਤਜ਼ਾਰ ਕਰ ਰਹੇ ਹੋਣਗੇ। ਅੰਬੇਡਕਰ ਨਗਰ ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ‘ਚ 11ਵੀਂ ਜਮਾਤ ਦੀ ਵਿਦਿਆਰਥਣ ਇਕ ਹੋਰ ਵਿਦਿਆਰਥਣ ਨਾਲ ਸਾਈਕਲ ‘ਤੇ ਜਾਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਬਦਮਾਸ਼ ਆਉਂਦੇ ਹਨ ਅਤੇ ਪਿਛਲੀ ਸੀਟ ‘ਤੇ ਬੈਠੇ ਇਕ ਨੌਜਵਾਨ ਨੇ ਇਕ ਵਿਦਿਆਰਥਣ ਦਾ ਦੁਪਟਾ ਖਿੱਚ ਲਿਆ। ਸੰਤੁਲਨ ਗੁਆਉਣ ਕਾਰਨ ਉਹ ਜ਼ਮੀਨ ‘ਤੇ ਡਿੱਗ ਪਈ ਅਤੇ ਪਿੱਛੇ ਤੋਂ ਆ ਰਹੇ ਇਕ ਹੋਰ ਮੋਟਰਸਾਈਕਲ ਨੇ ਉਸ ਨੂੰ ਕੁਚਲ ਦਿੱਤਾ।
ਅੰਬੇਡਕਰ ਨਗਰ ਦੇ ਪੁਲਿਸ ਸੁਪਰਡੈਂਟ ਅਜੀਤ ਸਿਨਹਾ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ। ਸਾਨੂੰ ਪਹਿਲਾਂ ਸੂਚਨਾ ਮਿਲੀ ਸੀ ਕਿ ਲੜਕੀ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਲਾਂਕਿ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੁਰਘਟਨਾ ਸ਼ਰਾਰਤੀ ਅਨਸਰਾਂ ਵੱਲੋਂ ਉਸ ਦਾ ਦੁਪੱਟਾ ਖਿੱਚਣ ਕਾਰਨ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਮਾਮਲਾ ਦਰਜ ਕੀਤਾ ਅਤੇ ਸ਼ਨੀਵਾਰ ਨੂੰ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਾਹਬਾਜ਼ ਅਤੇ ਉਸ ਦੇ ਭਰਾ ਅਰਬਾਜ਼ ਵਜੋਂ ਹੋਈ ਹੈ, ਜੋ ਦੁਪੱਟਾ ਖਿੱਚਦੇ ਸਨ। ਲੜਕੀ ‘ਤੇ ਮੋਟਰਸਾਈਕਲ ਭਜਾਉਣ ਵਾਲੇ ਤੀਜੇ ਦੋਸ਼ੀ ਦਾ ਨਾਂ ਫੈਜ਼ਲ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.