ਬੱਸਾਂ ਦਾ ਸਫਰ ਹੋਵੇਗਾ ਮਹਿੰਗਾ, 10 ਪੈਸੇ ਪ੍ਰਤੀ ਕਿਲੋਮੀਟਰ ਕਿਰਾਇਆ ਵਧਾਉਣ ਦੀ ਤਿਆਰੀ ‘ਚ PRTC

Rajneet Kaur
3 Min Read

ਚੰਡੀਗੜ੍ਹ : ਪੰਜਾਬ ‘ਚ ਹੁਣ ਸਰਕਾਰੀ ਬੱਸਾਂ ‘ਚ ਸਫਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਬੱਸ ਦਾ ਕਿਰਾਇਆ 10 ਪੈਸੇ ਪ੍ਰਤੀ ਕਿਲੋਮੀਟਰ ਵਧਾਉਣ ਦੀ ਤਿਆਰੀ ਕਰ ਲਈ ਹੈ। ਕਾਰਪੋਰੇਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ। ਜਿਸ ਨੂੰ ਹਰੀ ਝੰਡੀ ਮਿਲਦੇ ਹੀ ਵਧਿਆ ਕਿਰਾਇਆ ਲਾਗੂ ਕਰ ਦਿੱਤਾ ਜਾਵੇਗਾ।

PRTC ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਨੇ ਦੱਸਿਆ ਕਿ ਡੀਜ਼ਲ ਦੇ ਰੇਟ ਵਧਣ ਨਾਲ ਨਿਗਮ ਉਤੇ ਵਿੱਤੀ ਬੋਝ ਵਧ ਗਿਆ ਹੈ। ਅਜਿਹੇ ‘ਚ ਬੱਸ ਦਾ ਕਿਰਾਇਆ ਵਧਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ। ਉਮੀਦ ਹੈ ਕਿ ਸਰਕਾਰ ਇਸ ਨੂੰ ਮਨਜ਼ੂਰੀ ਦੇਵੇਗੀ। ਪੰਜਾਬ ਸਰਕਾਰ ਵੱਲੋਂ ਹਾਲ ਹੀ ‘ਚ ਡੀਜ਼ਲ ਦੇ ਰੇਟ ਵਿਚ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਡੀਜ਼ਲ ਦੀ ਕੀਮਤ 88.34 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।

ਇਸ ਨਾਲ ਪੀਆਰਟੀਸੀ ‘ਤੇ ਆਰਥਿਕ ਬੋਝ ਵਧਿਆ ਹੈ। PRTC ਕੋਲ ਇਸ ਸਮੇਂ 1238 ਬੱਸਾਂ ਹਨ, ਜਿਨ੍ਹਾਂ ਨੂੰ ਰੂਟਾਂ ‘ਤੇ ਚਲਾਉਣ ਵਿਚ ਰੋਜ਼ਾਨਾ ਦਾ ਡੀਜ਼ਲ ਦਾ ਖਰਚ ਲਗਭਗ 86 ਲੱਖ ਰੁਪਏ ਬਣਦਾ ਹੈ ਪਰ ਡੀਜ਼ਲ ਦੇ ਰੇਟ ਵਧਣ ਨਾਲ ਹੁਣ ਇਹ ਖਰਚ ਰੋਜ਼ ਦਾ 80 ਹਜ਼ਾਰ ਰੁਪਏ ਤੱਕ ਹੋਰ ਵਧ ਗਿਆ ਹੈ ਜੋ ਹਰ ਮਹੀਨੇ ਦਾ 24 ਲੱਖ ਰੁਪਏ ਬਣੇਗਾ। ਅਜਿਹੇ ਵਿਚ ਪਹਿਲਾਂ ਤੋਂ ਆਰਥਿਕ ਤੰਗੀ ਨਾਲ ਜੂਝ ਰਹੇ ਕਾਰਪੋਰੇਸ਼ਨ ਲਈ ਇਸ 24 ਲੱਖ ਦੇ ਵਧੇ ਡੀਜ਼ਲ ਦਾ ਖਰਚਾ ਚੁੱਕਣਾ ਭਾਰੀ ਪਵੇਗਾ।

ਕਾਰਪੋਰੇਸ਼ਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਜੁਲਾਈ 2020 ਵਿਚ ਸੂਬੇ ਵਿਚ ਸਰਕਾਰੀ ਬੱਸਾਂ ਦਾ ਕਿਰਾਇਆ 6 ਪੈਸੇ ਪ੍ਰਤੀ ਕਿਲੋਮੀਟਰ ਵਧਾਇਆ ਗਿਆ ਸੀ। ਉਸ ਸਮੇਂ ਡੀਜ਼ਲ ਦਾ ਰੇਟ ਪ੍ਰਤੀ ਲੀਟਰ 70 ਰੁਪਏ ਸੀ ਜਦੋਂ ਕਿ ਡੀਜਲ ਦਾ ਰੇਟ 90 ਰੁਪਏ ਨੂੰ ਛੂਹ ਰਹੇ ਹਨ। ਇਸ ਸਮੇਂ ਬੱਸ ਦਾ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਹੈ। ਪੀਆਰਟੀਸੀ ਵੱਲੋਂ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਕਿਰਾਏ ਵਿਚ 10 ਰੁਪਏ ਪ੍ਰਤੀ ਕਿਲੋਮੀਟਰ ਦਾ ਵਾਧਾ ਕਰਕੇ ਇਸ ਨੂੰ 1.32 ਰੁਪਏ ਕਰਨ ਦੀ ਮੰਗ ਕੀਤੀ ਜਾਵੇਗੀ।

- Advertisement -

ਪੰਜਾਬ ਸਰਕਾਰ ‘ਤੇ ਪੀਆਰਟੀਸੀ ਦੇ 350 ਕਰੋੜ ਰੁਪਏ ਪੈਂਡਿੰਗ ਹਨ। ਇਨ੍ਹਾਂ ਵਿਚ 250 ਕਰੋੜ ਤਾਂ ਮਹਿਲਾਵਾਂ ਦੇ ਮੁਫਤ ਬੱਸ ਸਫਰ ਦੇ ਹਨ। ਇਸ ਸਹੂਲਤ ਦੇ ਬਦਲੇ ਕਾਰਪੋਰੇਸ਼ਨ ਨੂੰ ਸਰਕਾਰ ਵੱਲੋਂ ਜੁਲਾਈ 2022 ਤੋਂ ਕੋਈ ਅਦਾਇਗੀ ਨਹੀਂ ਹੋ ਰਹੀ ਹੈ ਜਦੋਂ ਕਿ ਹਰ ਮਹੀਨੇ ਪੀਆਰਟੀਸੀ ਦੀਆਂ ਬੱਸਾਂ ਵਿਚ ਸਫਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਪੈਸੇ ਦੀ ਅਦਾਇਗੀ ਨਾ ਹੋਣ ਕਾਰਨ ਕਾਰਪੋਰੇਸ਼ਨ ਲਈ ਮੁਲਾਜ਼ਮਾਂ ਨੂੰ ਤਨਖਾਹ ਦੇ ਪਾਉਣਾ ਮੁਸ਼ਕਲ ਹੋ ਰਿਹਾ ਹੈ। ਜਨਵਰੀ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਹੁਣ ਤੱਕ ਮੁਲਾਜ਼ਮਾਂ ਨੂੰ ਨਹੀਂ ਮਿਲੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment