ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਪੰਜਾਬ ‘ਚੋਂ ਖਾਰਜ ਕਰਾਂਗੇ ਕਿਸਾਨ ਵਿਰੋਧੀ ਐਕਟ: ਸੁਖਬੀਰ ਬਾਦਲ

TeamGlobalPunjab
3 Min Read

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਥੇ ਕਿਹਾ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਅਸੀਂ ਮੋਦੀ ਦੇ ਕਿਸਾਨ ਵਿਰੋਧੀ ਐਕਟ ਰੱਦ ਕਰਾਂਗੇ ਤੇ ਪੰਜਾਬ ਵਿਚ ਲਾਗੂ ਹੋਣ ’ਤੇ ਰੋਕਾਂਗੇ, ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਾਂਗੇ ਅਤੇ ਮਾਰੂ ਏ ਪੀ ਐਮ ਸੀ ਐਕਟ 2017 ਜੋ ਅਮਰਿੰਦਰ ਨੇ ਬਣਾਇਆ, ਨੂੰ ਖਾਰਜ ਕਰਾਂਗੇ।

ਬਾਦਲ ਨੇ ਕਿਹਾ ਕਿ ਇਹਨਾਂ ਮੁੱਦਿਆਂ ’ਤੇ ਅਮਰਿੰਦਰ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਉਹਨਾਂ ਨੇ ਪੇਸ਼ ਕਰਨ ਤੋਂ 10 ਮਿੰਟ ਪਹਿਲਾਂ ਇਹ ਬਿੱਲ ਸਾਨੂੰ ਦਿੱਤੇ ਤੇ ਇਹਨਾਂ ਨੂੰ ਪੜ੍ਹਨ ਦਾ ਸਮਾਂ ਹੀ ਨਹੀਂ ਦਿੱਤਾ ਗਿਆ ਜਿਵੇਂ ਕਿ ਉਹਨਾਂ ਨੇ 2004 ਵਿਚ ਦਰਿਆਈ ਪਾਣੀਆਂ ਬਾਰੇ ਬਿੱਲ ਵੇਲੇ ਕੀਤਾ ਸੀ ਤੇ ਇਸਦਾ ਪੰਜਾਬ ਵਾਸਤੇ ਕੋਈ ਨਤੀਜਾ ਨਹੀਂ ਨਿਕਲਿਆ। ਕੱਲ੍ਹ ਦੇ ਬਿੱਲ ਵੀ ਪਾਸ ਕੀਤੇ ਗਏ ਮਤੇ ਦੇ ਉਲਟ ਹਨ। ਮਤੇ ਵਿਚ ਮੋਦੀ ਦੇ ਕਿਸਾਨ ਵਿਰੋਧੀ ਐਕਟਾਂ ਨੂੰ ਰੱਦ ਕੀਤਾ ਗਿਆ ਤੇ ਸਾਰੇ ਪੰਜਾਬ ਨੂੰ ਸਰਕਾਰੀ ਮੰਡੀ ਐਲਾਨਣ ਦੀ ਮੰਗ ਕੀਤੀ ਗਈ ਸੀ। ਇਸ ਵਿਚ 2017 ਦੇ ਏ ਪੀ ਐਮ ਸੀ ਐਕਟ ਨੂੰ ਰੱਦ ਕਰਨ ਦੀ ਗੱਲ ਕੀਤੀ ਗਈ ਸੀ ਪਰ ਜਿਹੜੇ ਬਿੱਲ ਅਮਰਿੰਦਰ ਸਿੰਘ ਨੇ ਪੇਸ਼ ਕੀਤੇ, ਉਹਨਾਂ ਵਿਚ ਇਹਨਾਂ ਬਾਰੇ ਕੋਈ ਵਿਵਸਥਾ ਨਹੀਂ ਸੀ। ਇਸ ਤਰੀਕੇ ਅਮਰਿੰਦਰ ਸਿੰਘ ਨੇ ਕਿਸਾਨਾਂ ਤੇ ਸਦਨ ਦੋਵਾਂ ਨਾਲ ਧੋਖਾ ਕੀਤਾ ਹੈ।

ਇਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੇਂਦਰ ਵੱਲੋਂ ਹਰ ਸਾਲ ਜਿਹੜੀਆਂ 22 ਫਸਲਾਂ ਲਈ ਐਮ ਐਸ ਪੀ ਦਾ ਐਲਾਨ ਕੀਤਾ ਜਾਂਦਾ ਹੈ, ਕਿਸਾਨਾਂ ਦੀਆਂ ਜਿਣਸਾਂ ਦੀ ਉਹ ਇਸ ਐਮ ਐਸ ਪੀ ਅਨੁਸਾਰ ਖਰੀਦ ਯਕੀਨੀ ਬਣਾਵੇ। ਉਹਨਾਂ ਕਿਹਾ ਕਿ ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਨਾ ਸਿਰਫ ਐਮ ਐਸ ਪੀ ’ਤੇ ਯਕੀਨੀ ਮੰਡੀਕਰਣ ਜਾਰੀ ਰਹੇ ਬਲਕਿ ਇਹ ਸਾਰੀਆਂ 22 ਲਿਸਟਡ ਫਸਲਾਂ ਲਈ ਵੀ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣਨ ਮਗਰੋਂ ਅਸੀਂ ਇਸ ਮੰਗ ਨੂੰ ਇਕ ਪ੍ਰਾਪਤੀ ਵਿਚ ਬਦਲਣਾ ਯਕੀਨੀ ਬਣਾਵਾਂਗੇ। ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਲਈ ਕੁਝ ਵੀ ਕਰ ਸਕਦੇ ਹਾਂ ਕਿਉਂਕਿ ਕਿਸਾਨ ਪੰਜਾਬ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਹਨ ਤੇ ਕਿਸਾਨਾਂ ਤੋਂ ਬਗੈਰ ਪੰਜਾਬ ਕੁਝ ਨਹੀਂ ਹੈ।

Share This Article
Leave a Comment