ਰਾਸ਼ਟਰਪਤੀ ਬਣਿਆ ਤਾਂ ਤਿੱਬਤ ਦੀ ਕਰਾਂਗੇ ਹਰ ਸੰਭਵ ਮਦਦ : ਜੋ ਬਿਡੇਨ

TeamGlobalPunjab
1 Min Read

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਹੈ ਕਿ ਜੇਕਰ ਉਹ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਅਮਰੀਕਾ, ਚੀਨ ਦੇ ਮਨੁੱਖੀ ਅਧਿਕਾਰ ਰੱਖਿਅਕਾਂ ਅਤੇ ਚੀਨ ਨਾਲ ਅਸਹਿਮਤੀ ਰੱਖਣ ਵਾਲਿਆਂ ਨਾਲ ਖੜ੍ਹਾ ਹੋਵੇਗਾ। ਉਨ੍ਹਾਂ ਦਾ ਪ੍ਰਸ਼ਾਸਨ ਤਿੱਬਤ ਦੀ ਹਰ ਸੰਭਵ ਮਦਦ ਕਰੇਗਾ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜ਼ਿੰਮੇਵਾਰ ਚੀਨੀ ਅਧਿਕਾਰੀਆਂ ‘ਤੇ ਪਾਬੰਦੀ ਲਗਾਏਗਾ। ਇਸ ਦੇ ਨਾਲ ਹੀ ਰੇਡੀਓ ਫਰੀ ਏਸ਼ੀਆ ਅਤੇ ਵੁਆਇਸ ਆਫ ਅਮਰੀਕਾ ਰੇਡੀਓ ਸੇਵਾਵਾਂ ‘ਚ ਤਿੱਬਤ ਭਾਸ਼ਾ ਸੇਵਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਜੋ ਬਿਡੇਨ ਨੇ ਰਾਸ਼ਟਰਪਤੀ ਟਰੰਪ ਅਤੇ ਰਿਪਬਲੀਕਨ ਉਮੀਦਵਾਰਾਂ ਦੀਆਂ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਦੀਆਂ ਖਰਾਬ ਆਰਥਿਕ ਨੀਤੀਆਂ ਕਾਰਨ ਕੋਵਿਡ-19 ਮਹਾਮਾਰੀ ਅਮਰੀਕੀ ਕੰਮਕਾਜੀ ਵਰਗ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਬਣ ਗਈ ਹੈ। ਬਿਡੇਨ ਨੇ ਕਿਹਾ ਕਿ ਅਮਰੀਕਾ ਅਤੇ ਅਮਰੀਕੀ ਨਾਗਰਿਕ ਮੌਜੂਦਾ ਰਾਸ਼ਟਰਪਤੀ ਟਰੰਪ ਦੇ ਕਾਰਜਕਾਲ ‘ਚ ਸੁਰੱਖਿਅਤ ਨਹੀਂ ਹਨ।

ਬਿਡੇਨ ਨੇ ਵਾਅਦਾ ਕੀਤਾ ਕਿ ਉਹ ਰਾਸ਼ਟਰਪਤੀ ਬਣਨ ‘ਤੇ ਦਲਾਈਲਾਮਾ ਨਾਲ ਮੁਲਾਕਾਤ ਕਰਨਗੇ ਅਤੇ ਤਿੱਬਤ ਮਾਮਲਿਆਂ ਲਈ ਇਕ ਨਵਾਂ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕਰਨਗੇ ਅਤੇ ਇਸ ਗੱਲ ‘ਤੇ ਜ਼ੋਰ ਦੇਣਗੇ ਕਿ ਚੀਨ ਦੀ ਸਰਕਾਰ ਅਮਰੀਕੀ ਡਿਪਲੋਮੈਟਾਂ ਅਤੇ ਪੱਤਰਕਾਰਾਂ ਸਮੇਤ ਅਮਰੀਕੀ ਨਾਗਰਿਕਾਂ ਦੀ ਤਿੱਬਤ ਤਕ ਪਹੁੰਚ ਨੂੰ ਬਹਾਲ ਕਰਨ।

Share this Article
Leave a comment