ਚੰਡੀਗੜ੍ਹ: ਯੂਕਰੇਨ ਵਿੱਚ ਪੰਜਾਬ ਦੇ ਲਗਭਗ 500 ਵਿਦਿਆਰਥੀਆਂ ਫਸੇ ਹੋਏ ਹਨ, ਜਿਨ੍ਹਾਂ ਦੇ ਵੇਰਵੇ ਇਕੱਠੇ ਕੀਤੇ ਗਏ ਹਨ। ਵਿਦਿਆਰਥੀਆਂ ਦੇ ਪਰਿਵਾਰਾਂ ਵਲੋਂ ਜ਼ਿਲ੍ਹੇ ਦੇ ਹੈਲਪਲਾਈਨ ਨੰਬਰਾਂ ‘ਤੇ ਸੰਪਰਕ ਕੀਤਾ ਗਿਆ ਹੈ, ਜਿਸ ਦੇ ਆਧਾਰ ‘ਤੇ ਇਹ ਡਾਟਾ ਇਕੱਠਾ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਦੇ ਪਾਸਪੋਰਟ ਦੇ ਵੇਰਵੇ ਜਲਦ-ਤੋਂ ਜਲਦ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀਂ ਹੈ, ਤਾਂ ਜੋ ਕੇਂਦਰ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਸੂਚੀ ਦਿੱਤੀ ਜਾ ਸਕੇ।
ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਬਕ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ‘ਚੋਂ 47 ਜਲੰਧਰ ਜ਼ਿਲ੍ਹੇ ਦੇ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਹੁਣ ਤੱਕ 45 ਵਿਦਿਆਰਥੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਚੁੱਕੀ ਹੈ, ਗੁਰਦਾਸਪੁਰ ਤੋਂ 42, ਪਟਿਆਲਾ ਤੋਂ 36, ਲੁਧਿਆਣਾ ਤੋਂ 34, ਤਰਨਤਾਰਨ ਤੋਂ 30, ਹੁਸ਼ਿਆਰਪੁਰ ਤੋਂ 28, ਬਰਨਾਲਾ ਤੋਂ 23 ਅਤੇ ਨਵਾਂਸ਼ਹਿਰ, ਕਪੂਰਥਲਾ ਅਤੇ ਮੁਕਤਸਰ ਸਾਹਿਬ ਜ਼ਿਲ੍ਹਿਆਂ ਤੋਂ 22 ਵਿਦਿਆਰਥੀ ਸ਼ਾਮਲ ਹਨ। ਇਸ ਦੇ ਨਾਲ ਹੀ 21 ਵਿਦਿਆਰਥੀ ਬਠਿੰਡਾ ਤੋਂ, 19 ਪਠਾਨਕੋਟ, 18 ਰੂਪਨਗਰ, 17 ਮਾਨਸਾ, 12 ਫਰੀਦਕੋਟ, 10-10 ਫਿਰੋਜ਼ਪੁਰ ਅਤੇ ਮੁਹਾਲੀ ਦੇ, ਮੋਗਾ ਦੇ 9 ਵਿਦਿਆਰਥੀ ਅਤੇ 8 ਮਲੇਰਕੋਟਲਾ, 6 ਫਤਿਹਗੜ੍ਹ ਸਾਹਿਬ, 5 ਫਾਜ਼ਿਲਕਾ ਅਤੇ 4 ਸੰਗਰੂਰ ਤੋਂ ਹਨ।
ਡਿਪਟੀ ਕਮਿਸ਼ਨਰ ਨਵਾਂਸ਼ਹਿਰ ਸਾਰੰਗਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਦੇ ਜ਼ਿਲ੍ਹੇ ਤੋਂ ਯੂਕਰੇਨ ‘ਚ ਫਸੇ ਕੁੱਲ 22 ‘ਚੋਂ 17 ਨਵਾਂਸ਼ਹਿਰ, 3 ਬਲਾਚੌਰ ਅਤੇ ਇੱਕ ਬੰਗਾ ਦਾ ਰਹਿਣ ਵਾਲਾ ਹੈ।