ਲੀਡਰਾਂ ਵਾਂਗ ਝੂਠ ਬੋਲਣ ਲੱਗਾ ਭਾਖੜਾ ਡੈਮ ਪ੍ਰਸ਼ਾਸਨ, ਆਹ ਦੇਖੋ ਫਲੱਡ ਗੇਟ ਖੋਲ੍ਹਣ ਦੇ ਨਤੀਜੇ, ਪਿੰਡਾਂ ‘ਚ ਤਬਾਹੀ ਹੀ ਤਬਾਹੀ ਐ!

TeamGlobalPunjab
4 Min Read

ਚੰਡੀਗੜ੍ਹ : ਸਾਵਣ ਦਾ ਮਹੀਨਾਂ ਭਾਵੇਂ ਖਤਮ ਹੋ ਚੁਕਿਆ ਹੈ ਪਰ ਇਸ ਦੇ ਬਾਵਜੂਦ ਬਰਸਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਹਾਲਾਤ ਇਹ ਹਨ ਕਿ ਜਿੱਥੇ ਇੱਕ ਪਾਸੇ ਇਨ੍ਹਾਂ ਬਰਸਾਤਾਂ ਕਾਰਨ ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਦਿੱਤੀ ਗਈ ਚੇਤਾਵਨੀ ਨੂੰ ਸੂਬੇ ਦੇ ਮਾਲ ਵਿਭਾਗ, ਪੁਨਰਵਾਸ ਤੇ ਡਾਇਜਾਸਟਰ ਮੈਨੇਜ਼ਮੈਂਟ ਵਿਭਾਗ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਕੋਲ ਲਿਖਤੀ ਤੌਰ ‘ਤੇ ਚੇਤਾਵਨੀ ਦੇ ਰੂਪ ਵਿੱਚ ਭੇਜ ਦਿੱਤਾ ਹੈ ਕਿ ਆਉਣ ਵਾਲੇ 48 ਤੋਂ 72 ਘੰਟਿਆਂ ਦੌਰਾਨ ਸੂਬੇ ਅੰਦਰ ਭਾਰੀ ਮੀਂਹ ਤਬਾਹੀ ਮਚਾ ਸਕਦਾ ਹੈ, ਇਸ ਲਈ ਆਪੋ ਆਪਣੇ ਅਗਾਉਂ ਪ੍ਰਬੰਧ ਕਰ ਲਓ, ਉੱਥੇ ਦੂਜੇ ਪਾਸੇ ਭਾਖੜਾ ਡੈਮ ‘ਚ ਪਾਣੀ ਦੀ ਆਮਦ ਨੇ ਪਿਛਲੇ ਤਿੰਨ ਦਹਾਕਿਆਂ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਡੈਮ ‘ਚ ਲਗਾਤਾਰ ਵਧ ਰਹੇ ਪਾਣੀ ਦੇ ਪੱਧਰ ਨੇ ਖਤਰਾ ਪੈਦਾ ਕਰ ਦਿੱਤਾ ਹੈ ਜਿਸ ਨੂੰ ਦੇਖਦਿਆਂ ਡੈਮ ਦੇ ਫਲੱਡ ਗੇਟ ਅਗਲੇ ਹੁਕਮਾਂ ਤੱਕ ਖੋਲ੍ਹ ਦਿੱਤੇ ਗਏ ਹਨ। ਇਸ ਮੌਕੇ ਭਾਖੜਾ ਡੈਮ ਅਧਿਕਾਰੀਆਂ ਵੱਲੋਂ ਭਾਵੇਂ ਇਹ ਦਾਅਵਾ ਕੀਤਾ ਗਿਆ ਸੀ ਕਿ ਮਜ਼ਬੂਰੀ ਵਿੱਚ ਚੁੱਕੇ ਗਏ ਇਸ ਕਦਮ ਨਾਲ ਕਿਸੇ ਕਿਸਮ ਦੇ ਹੜ੍ਹ ਦਾ ਕੋਈ ਖਤਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਜਿਉਂ ਹੀ ਇਹ ਪਾਣੀ ਛੱਡਿਆ ਗਿਆ ਅਨੰਦਪੁਰ ਸਾਹਿਬ ਦੇ ਨਾਲ ਲਗਦੇ ਦਰਜ਼ਨਾਂ ਪਿੰਡਾਂ ‘ਚ ਇਸ ਪਾਣੀ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। ਇਸ ਨੂੰ ਦੇਖ ਕੇ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਭਾਖੜਾ ਡੈਮ ਅਧਿਕਾਰੀ ਝੂਠ ਬੋਲ ਰਹੇ ਸਨ।

ਦੱਸ ਦਈਏ ਕਿ ਮੌਸਮ ਵਿਭਾਗ ਦੀ ਅਗਾਉਂ ਚੇਤਾਵਨੀ ਨੂੰ ਅੱਗੇ ਜਾਰੀ ਕਰਦਿਆਂ ਮਾਲ, ਪੁਨਰਵਾਸ ਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਇਹ ਕਿਹਾ ਸੀ ਕਿ ਜਿਲ੍ਹਾ ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਵਿੱਚ ਮੌਸਮ ਵਿਭਾਗ ਅਨੁਸਾਰ 12 ਸੈਮੀ ਤੱਕ ਬਰਸਾਤ ਹੋ ਸਕਦੀ ਹੈ ਤੇ ਇਸ ਤੋਂ ਇਲਾਵਾ ਨਵਾਂ ਸ਼ਹਿਰ ਪਟਿਆਲਾ, ਸੰਗਰੂਰ, ਤਰਨਤਾਰਨ, ਬਠਿੰਡਾ, ਮਾਨਸਾ, ਮੋਗਾ, ਬਰਨਾਲਾ ਤੇ ਉਸ ਦੇ ਨਾਲ ਲਗਦੇ ਇਲਾਕਿਆਂ ਸਮੇਤ ਕੈਚਮੈਂਟ ਆਫ ਰਾਵੀ, ਬਿਆਸ ਅਤੇ ਸਤਲੁਜ ਦਰਿਆ ਵਿੱਚ 7 ਤੋਂ 12 ਸੈਂਟੀਮੀਟਰ ਤੱਕ ਦੀ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ।

ਉੱਧਰ ਦੂਜੇ ਪਾਸੇ ਭਾਖੜਾ ਡੈਮ ‘ਚੋਂ ਅਚਾਨਕ ਛੱਡੇ ਗਏ ਪਾਣੀ ਨੇ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡਾਂ ‘ਚ ਦਾਖਲ ਹੁੰਦਿਆਂ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਨਾਲ ਪਿੰਡ ਲੋਧੀਪੁਰ, ਬੁਰਜ ਗੱਜਪੁਰ, ਚੰਦਪੁਰ, ਹਰੀਵਾਲ, ਮਹਿੰਦਲੀ ਕਲਾ ਆਦਿ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਕਈ ਘਰ ਪਾਣੀ ਵਿੱਚ ਘਿਰ ਚੁੱਕੇ ਹਨ ਕਿਸਾਨਾਂ ਦੀਆਂ ਮੋਟਰਾਂ ਵੀ ਪਾਣੀ ਵਿੱਚ ਡੁੱਬੀਆਂ ਸਾਫ ਦਿਖਾਈ ਦਿੰਦੀਆਂ ਹਨ।

ਇਸ ਸਬੰਧੀ ਸਥਾਨਕ ਕਿਸਾਨ ਅਜੈਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੀ ਵਾਰ ਵੀ ਨਦੀ ਦਾ ਪਾਣੀ ਉਨ੍ਹਾਂ ਦੇ ਖੇਤਾਂ ਤੇ ਘਰਾਂ ਦੇ ਨਜ਼ਦੀਕ ਆ ਗਿਆ ਸੀ ਤੇ ਉਸ ਸਮੇਂ ਵੀ ਇਸ ਦਾ ਹੱਲ ਕੱਢਣ ਲਈ ਪ੍ਰਸ਼ਾਸਨ ਨੇ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ ਹੁਣ ਫਿਰ ਭਾਖੜਾ ਡੈਮ ਤੋਂ ਛੱਡੇ ਪਾਣੀ ਨੇ ਉਨ੍ਹਾਂ ਦੇ ਖੇਤਾਂ ਵਿੱਚ ਖੜ੍ਹੀ ਝੋਨੇ ਅਤੇ ਮੱਕੀ ਦੀ ਫ਼ਸਲ ਨੂੰ ਬਰਬਾਦ ਕਰ ਦਿੱਤਾ ਹੈ। ਕਿਸਾਨ ਅਨੁਸਾਰ ਉਨ੍ਹਾਂ ਨੂੰ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਹਰ ਸਾਲ ਕਰਨਾ ਪੈਂਦਾ ਹੈ ਕਿਉਂਕਿ ਮੌਕੇ ਦੀਆਂ ਸਰਕਾਰਾਂ ਉਨ੍ਹਾਂ ਨਾਲ ਦਰਿਆ ਨੂੰ ਚੈਨਲਾਈਜ਼ ਕਰਨ ਦੇ ਵਾਅਦੇ ਤਾਂ ਕਰਦੀਆਂ ਹਨ ਪਰ ਵੋਟਾਂ ਲੈਣ ਤੋਂ ਬਾਅਦ ਸਾਰੇ ਵਾਅਦੇ ਭੁੱਲ ਜਾਂਦੀਆਂ ਹਨ ਜਿਸ ਕਾਰਨ ਖਮਿਆਜਾ ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।

- Advertisement -

 

Share this Article
Leave a comment