ਜੈਪੁਰ : ਜੈਪੁਰ ਦੀ ਅਦਾਲਤ ਨੇ ਦੋ ਵੱਡੇ ਆਈ.ਏ.ਐਸ. ਅਧਿਕਾਰੀਆਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਆਈ.ਏ.ਐਸ. ਜੋੜਾ ਹੈ ਟੀਨਾ ਡਾਬੀ ਅਤੇ ਅਤਹਰ ਅਮੀਰ।
2015 ਵਿੱਚ ਯੂਪੀਐਸਸੀ ਵਿੱਚ ਟਾਪ ਕਰਨ ਵਾਲੀ ਆਈਏਐਸ ਟੀਨਾ ਡਾਬੀ ਅਤੇ ਉਸਦੇ ਆਈਏਐਸ ਪਤੀ ਅਤਹਰ ਅਮੀਰ ਦੋਹਾਂ ਦੀ ਰਜ਼ਾਮੰਦੀ ਤੋਂ ਬਾਅਦ ਅਦਾਲਤ ਨੇ ਡਿਕਰੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਦੋਵਾਂ ਨੇ ਕਰੀਬ 9 ਮਹੀਨੇ ਪਹਿਲਾਂ ਜੈਪੁਰ ਦੀ ਫੈਮਿਲੀ ਕੋਰਟ ਵਿੱਚ ਆਪਸੀ ਸਹਿਮਤੀ ਨਾਲ ਅਰਜ਼ੀ ਦਾਇਰ ਕੀਤੀ ਸੀ। ਮੰਗਲਵਾਰ ਨੂੰ ਅਦਾਲਤ ਨੇ ਇਸ ‘ਤੇ ਫੈਸਲਾ ਸੁਣਾਇਆ। ਦੋਵੇਂ ਅਦਾਲਤ ਵਿੱਚ ਪੇਸ਼ ਵੀ ਹੋਏ।
ਟੀਨਾ ਅਤੇ ਅਤਹਰ ਦੋਵੇਂ ਰਾਜਸਥਾਨ ਕੈਡਰ ਦੇ ਅਧਿਕਾਰੀ ਹਨ।
ਦੋਵਾਂ ਦਾ ਵਿਆਹ ਮਾਰਚ 2018 ਵਿੱਚ ਹੋਇਆ ਸੀ। ਆਈਏਐਸ ਅਧਿਕਾਰੀਆਂ ਦੇ ਇਸ ਵਿਆਹ ਦੀ ਬਹੁਤ ਚਰਚਾ ਹੋਈ ਸੀ। ਅਤਹਰ ਕਸ਼ਮੀਰੀ ਹੈ, ਜਦੋਂ ਕਿ ਟੀਨਾ ਦਾ ਜਨਮ ਭੋਪਾਲ (ਮੱਧ ਪ੍ਰਦੇਸ਼) ਵਿੱਚ ਹੋਇਆ ਸੀ । ਹਾਲਾਂਕਿ ਉਨ੍ਹਾਂ ਦਾ ਪਰਿਵਾਰ ਜੈਪੁਰ ਦਾ ਰਹਿਣ ਵਾਲਾ ਹੈ।
ਯਾਦ ਰਹੇ ਕਿ ਕੁਝ ਮਹੀਨੇ ਪਹਿਲਾਂ, ਟੀਨਾ ਦੇ ਪਤੀ ਨੇ ਪਹਿਲਾਂ ਟੀਨਾ ਨੂੰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਅਨਫਾਲੋ ਕੀਤਾ ਸੀ । ਇਸ ਤੋਂ ਬਾਅਦ ਟੀਨਾ ਨੇ ਆਪਣੇ ਪਤੀ ਅਤਹਰ ਨੂੰ ਵੀ ਆਪਣੇ ਟਵਿੱਟਰ ਤੋਂ ਅਨਫਾਲੋ ਕੀਤਾ। ਵਿਆਹ ਤੋਂ ਬਾਅਦ ਆਪਣੇ ਨਾਂ ਦੇ ਅੱਗੇ ਖਾਨ ਉਪਨਾਮ ਲਿਖਣ ਵਾਲੀ ਟੀਨਾ ਨੇ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰਾਮ ਬਾਇਓ ਤੋਂ ਕਸ਼ਮੀਰੀ ਬਹੂ ਸ਼ਬਦ ਹਟਾ ਦਿੱਤਾ ਸੀ ਅਤੇ ਨਾਲ ਹੀ ਖਾਨ ਉਪਨਾਮ ਵੀ ਹਟਾ ਦਿੱਤਾ ਸੀ।