ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਕੈਪਟਨ ਨੇ ਪੂਰੀ ਦੁਨੀਆ ‘ਚੋਂ ਮੈਨੂੰ ਦੋਸਤ ਵਜੋਂ ਚੁਣਿਆ : ਅਰੂਸਾ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸੀ ਆਗੂਆਂ ਦੇ ਟਕਰਾਅ ਵਿਚਾਲੇ ਅਰੂਸਾ ਆਲਮ ਨੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਆਗੂਆਂ ਤੋਂ ਬਹੁਤ ਨਿਰਾਸ਼ ਹੈ ਅਤੇ ਕਦੇ ਵੀ ਭਾਰਤ ਨਹੀਂ ਪਰਤੇਗੀ।

ਅਰੂਸਾ ਆਲਮ ਨੇ ਇੱਕ ਚੈਨਲ ਨਾਲ ਇੰਟਰਵਿਊ ਦੌਰਾਨ ਪੰਜਾਬ ਦੇ ਸਿਆਸੀ ਆਗੂਆਂ ਨੂੰ ਅਦਾਲਤ ਵਿੱਚ ਘੜੀਸਣ ਦੀ ਧਮਕੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਆਗੂਆਂ ਦੀ ਅਜਿਹੀ ਸਿਆਸਤ ਤੋਂ ਬਹੁਤ ਨਿਰਾਸ਼ ਹੈ, ਉਸ ਨੇ ਕਦੇ ਅਜਿਹਾ ਸੋਚਿਆ ਵੀ ਨਹੀਂ ਸੀ ਕਿ ਇਹ ਇੰਨੇ ਡਿੱਗ ਜਾਣਗੇ।

ਸੁਖਜਿੰਦਰ ਰੰਧਾਵਾ ਦੇ ਬਿਆਨਾਂ ‘ਤੇ ਅਰੂਸਾ ਆਲਮ ਨੇ ਕਿਹਾ ਕਿ ਮੇਰਾ ਆਈਐਸਆਈ ਨਾਲ ਕੋਈ ਸਬੰਧ ਨਹੀਂ ਹੈ। ਅਰੂਸਾ ਨੇ ਕਿਹਾ ਕਿ ਇਹ ਬਹੁਤ ਹੀ ਘਟੀਆ ਹੈ, ਇੰਨੇ ਵੱਡੇ ਲੋਕਤੰਤਰ ਵਿੱਚ ਇੱਕ ਔਰਤ ਨੂੰ ਇਸ ਤਰ੍ਹਾਂ ਬਦਨਾਮ ਕੀਤਾ ਜਾ ਰਿਹਾ ਹੈ। ਇਹ ਸਿਆਸੀ ਆਗੂ ਜਿਵੇਂ ਵਾਰ-ਵਾਰ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕਰ ਰਹੇ ਹਨ, ਉਨ੍ਹਾਂ ਦੇ ਵੀ ਬੱਚੇ ਹਨ, ਘਰ-ਪਰਿਵਾਰ ਹੈ।

ਉਨ੍ਹਾਂ ਨੇ ਕਿਹਾ, ‘ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਨ੍ਹਾਂ ਨੂੰ ਲਗਦਾ ਹੈ ਕਿ ਯੂਪੀਏ ਅਤੇ ਐਨਡੀਏ ਸਰਕਾਰਾਂ ਇਸ ਕਾਬਲ ਨਹੀਂ ਸਨ ਕਿ ਉਹ ਆਈਐਸਆਈ ਏਜੰਟ ਨੂੰ ਵੀਜ਼ਾ ਦੇ ਰਹੀਆਂ ਸਨ? ਉਨ੍ਹਾਂ ਨੂੰ ਕੁਝ ਸਮਝਦਾਰ ਗੱਲ ਕਰਨ ਲਈ ਕਹੋ। ਉਹ ਮੈਨੂੰ ਪੂਰੇ ਵਿਵਾਦ ਵਿੱਚ ਘਸੀਟ ਕੇ ਕੈਪਟਨ ਨੂੰ ਸ਼ਰਮਿੰਦਾ ਕਰਨਾ ਚਾਹੁੰਦੇ ਸਨ।

- Advertisement -

ਉਥੇ ਹੀ ਅਰੂਸਾ ਆਲਮ ਨੇ ਆਪਣੇ ਦੋਸਤ ਕੈਪਟਨ ਅਮਰਿੰਦਰ ਸਿੰਘ ਦੀ ਤਰੀਫ਼ ਵੀ ਕੀਤੀ ਹੈ। ਅਰੂਸਾ ਨੇ ਕਿਹਾ ਕਿ, ‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਕੈਪਟਨ ਨੇ ਪੂਰੀ ਦੁਨੀਆ ‘ਚੋਂ ਮੈਨੂੰ ਦੋਸਤ ਵਜੋਂ ਚੁਣਿਆ ਤੇ ਇਹ ਦੋਸਤੀ ਬਹੁਤ ਪਿਆਰੀ ਤੇ ਪਾਕ ਹੈ।’

ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਮੁੱਖ ਮੰਤਰੀ ਦਾ ਅਹੁਦਾ ਛੱਡੇ ਜਾਣ ਤੋਂ ਬਾਅਦ ਲਗਾਤਾਰ ਵਿਰੋਧੀਆਂ ਤੇ ਕਾਂਗਰਸ, ਕੈਪਟਨ ਅਮਰਿੰਦਰ ਸਿੰਘ ਉਪਰ ਹਮਲਾ ਕਰ ਰਹੀਆਂ ਹਨ, ਜਿਸ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਮਲਾਵਰ ਰੁਖ ਅਪਣਾ ਰਹੇ ਹਨ।

Share this Article
Leave a comment