ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ‘ਚ ਦੋਹਰੀ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਪਤੀ-ਪਤਨੀ ਸਨ ਅਤੇ ਇਹ ਉਨ੍ਹਾਂ ਦਾ ਦੂਜਾ ਵਿਆਹ ਸੀ। ਪੁਲਿਸ ਨੇ ਸੁਸਾਈਡ ਨੋਟ ਨੂੰ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਵਿੱਚ ਮ੍ਰਿਤਕ ਔਰਤ ਦੀ ਮਾਂ ਅਤੇ ਭੈਣ ਦੇ ਨਾਮ ਲਿਖੇ ਹੋਏ ਹਨ। ਪੁਲਿਸ ਨੇ ਨੋਟ ‘ਚ ਦਰਜ ਨਾਵਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਐਸਐਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਤੀ-ਪਤਨੀ ਮਨੀਸ਼ ਅਤੇ ਆਰਤੀ ਹਨ। ਦੋਵਾਂ ਦਾ ਇਹ ਦੂਜਾ ਵਿਆਹ ਸੀ। ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਅਲਮਾਰੀ ‘ਤੇ ਇਕ ਲਾਈਨ ਲਿਖੀ ਸੀ, ਜਦਕਿ ਇਕ ਹੱਥ ਲਿਖਤ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਸਵੇਰੇ ਜਦੋਂ ਦੋਵਾਂ ਨੇ ਫੋਨ ਨਹੀਂ ਚੁੱਕਿਆ ਤਾਂ ਪਰਿਵਾਰਕ ਮੈਂਬਰ ਘਰ ਪਹੁੰਚ ਗਏ। ਜਦੋਂ ਉਹਨਾਂ ਅੰਦਰ ਜਾ ਕੇ ਦੇਖਿਆ ਤਾਂ ਦੋਹਾਂ ਦੀਆਂ ਲਾਸ਼ਾਂ ਜ਼ਮੀਨ ‘ਤੇ ਪਈਆਂ ਸਨ।
ਪੁਲਿਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਵਾਂ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ। ਟੁੱਟੀ ਹੋਈ ਰੱਸੀ ਲਟਕਦੀ ਮਿਲੀ ਹੈ ਅਤੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਵੀ ਮਿਲੇ ਹਨ। ਫਿਲਹਾਲ ਇਹ ਸੱਟਾਂ ਡਿੱਗਣ ਨਾਲ ਲੱਗੀਆਂ ਜਾਂ ਕੁੱਟਮਾਰ ਕਾਰਨ, ਇਸ ਦਾ ਖੁਲਾਸਾ ਪੋਸਟਮਾਰਟਮ ਤੋਂ ਹੋਵੇਗਾ।
ਇਸ ਮਾਮਲੇ ‘ਚ ਦੋ ਸੁਸਾਈਡ ਨੋਟ ਬਰਾਮਦ ਹੋਏ ਹਨ। ਜਿਸ ਵਿੱਚ ਅਲਮਾਰੀ ਉੱਤੇ ਇੱਕ ਨੋਟ ਲਿਖਿਆ ਹੋਇਆ ਸੀ। ਅਲਮਾਰੀ ‘ਤੇ ਲਿਖਿਆ ਹੈ ਕਿ ਮੌਤ ਲਈ ਅਨੁ ਬਾਲਾ ਜ਼ਿੰਮੇਵਾਰ ਹੈ। ਇਸ ਦੇ ਨਾਲ ਹੀ ਕਾਗਜ਼ ‘ਚ ਲਿਖੇ ਨੋਟ ‘ਚ ਲਿਖਿਆ ਹੈ ਕਿ ਮੌਤ ਦੀ ਜ਼ਿੰਮੇਵਾਰੀ ਅਨੁ ਬਾਲਾ ਅਤੇ ਉਸ ਦੀ ਮਾਂ ਉਮਾ ਹੈ। ਇਨ੍ਹਾਂ ਦੋਵਾਂ ਕਾਰਨ ਘਰ ਵਿਚ ਲੜਾਈ-ਝਗੜੇ ਵਧਦੇ ਜਾ ਰਹੇ ਸਨ। ਅਨੁ ਬਾਲਾ ਉਸ ਨੂੰ ਵਾਰ-ਵਾਰ ਪੁਲਿਸ ਅਤੇ ਅਦਾਲਤਾਂ ‘ਚ ਜਾਣ ਦੀ ਧਮਕੀ ਦਿੰਦੀ ਰਹੀ।