ਪਤਨੀ ਨੂੰ ਨੌਰਾ ਫਤੇਹੀ ਵਰਗੀ ਬਣਾਉਣ ਦੀ ਜ਼ਿੱਦ, ਕਈ ਘੰਟੇ ਕਸਰਤ ਤੇ ਰੱਖਦਾ ਸੀ ਭੁੱਖਾ, ਮਾਮਲਾ ਥਾਣੇ ‘ਚ

Global Team
3 Min Read

ਗਾਜ਼ੀਆਬਾਦ: ਗਾਜ਼ੀਆਬਾਦ ਵਿੱਚ ਇੱਕ ਹੈਰਾਨਕੁਨ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੇ ਮਹਿਲਾ ਪੁਲਿਸ ਸਟੇਸ਼ਨ ਵਿੱਚ ਆਪਣੇ ਪਤੀ ਅਤੇ ਸਹੁਰਿਆਂ ਵਿਰੁੱਧ ਗੰਭੀਰ ਸ਼ਿਕਾਇਤ ਦਰਜ ਕਰਵਾਈ ਹੈ। ਔਰਤ ਦਾ ਇਲਜ਼ਾਮ ਹੈ ਕਿ ਉਸ ਦਾ ਪਤੀ, ਜੋ ਸਰਕਾਰੀ ਸਰੀਰਕ ਸਿੱਖਿਆ ਅਧਿਆਪਕ ਹੈ, ਉਸ ਨੂੰ ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਵਰਗੀ ਦਿੱਖ ਅਤੇ ਸਰੀਰ ਬਣਾਉਣ ਲਈ ਮਜਬੂਰ ਕਰਦਾ ਸੀ। ਇਸ ਲਈ ਉਹ ਉਸ ਨੂੰ ਹਰ ਰੋਜ਼ ਤਿੰਨ ਘੰਟੇ ਸਖ਼ਤ ਕਸਰਤ ਕਰਨ ਲਈ ਜ਼ੋਰ ਪਾਉਂਦਾ ਸੀ ਅਤੇ ਜੇ ਉਹ ਅਜਿਹਾ ਨਾ ਕਰ ਸਕੇ, ਤਾਂ ਉਸ ਨੂੰ ਭੁੱਖਾ ਰੱਖਿਆ ਜਾਂਦਾ ਸੀ।

‘ਹੀਰੋਇਨ ਵਰਗੀ ਪਤਨੀ’ ਦੇ ਮਾਰਦਾ ਸੀ ਤਾਅਨੇ

ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਅਕਸਰ ਤਾਅਨੇ ਮਾਰਦਾ ਸੀ ਕਿ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਉਸ ਨੂੰ ਨੋਰਾ ਫਤੇਹੀ ਵਰਗੀ ਸੁੰਦਰ ਪਤਨੀ ਨਹੀਂ ਮਿਲੀ। ਜਦੋਂ ਉਹ ਸਿਹਤ ਸਮੱਸਿਆਵਾਂ ਜਾਂ ਥਕਾਵਟ ਕਾਰਨ ਕਸਰਤ ਨਹੀਂ ਕਰ ਪਾਉਂਦੀ, ਤਾਂ ਪਤੀ ਉਸ ਨੂੰ ਕਈ ਦਿਨ ਖਾਣਾ ਨਹੀਂ ਦਿੰਦਾ ਸੀ।

ਔਰਤ ਦਾ ਵਿਆਹ ਮਾਰਚ 2025 ਵਿੱਚ ਹੋਇਆ ਸੀ। ਵਿਆਹ ਵਿੱਚ 24 ਲੱਖ ਦੀ ਮਹਿੰਦਰਾ ਸਕਾਰਪੀਓ, 10 ਲੱਖ ਨਕਦ, ਗਹਿਣੇ ਅਤੇ ਹੋਰ ਤੋਹਫ਼ਿਆਂ ਸਮੇਤ 76 ਲੱਖ ਰੁਪਏ ਤੋਂ ਵੱਧ ਖਰਚ ਹੋਏ। ਪਰ ਵਿਆਹ ਤੋਂ ਬਾਅਦ ਸਹੁਰਿਆਂ ਨੇ ਹੋਰ ਦਾਜ ਦੀ ਮੰਗ ਸ਼ੁਰੂ ਕਰ ਦਿੱਤੀ, ਜਿਸ ਵਿੱਚ ਜ਼ਮੀਨ, ਨਕਦੀ ਅਤੇ ਮਹਿੰਗੇ ਸਮਾਨ ਸ਼ਾਮਲ ਸਨ। ਮੰਗਾਂ ਪੂਰੀਆਂ ਨਾ ਹੋਣ ’ਤੇ ਔਰਤ ਨੂੰ ਮਾਨਸਿਕ ਅਤੇ ਸਰੀਰਕ ਤਸੀਹੇ ਦਿੱਤੇ ਗਏ।

ਔਰਤ ਨੇ ਇਲਜ਼ਾਮ ਲਾਇਆ ਕਿ ਪਤੀ ਅਕਸਰ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਦੇਖਦਾ ਸੀ। ਵਿਰੋਧ ਕਰਨ ’ਤੇ ਉਸ ਨੂੰ ਕੁੱਟਦਾ ਅਤੇ ਘਰੋਂ ਕੱਢਣ ਦੀ ਧਮਕੀ ਦਿੰਦਾ। ਸੱਸ, ਸਹੁਰੇ ਅਤੇ ਨਣਦ ’ਤੇ ਵੀ ਦਾਜ ਦੀ ਮੰਗ ਅਤੇ ਬਦਸਲੂਕੀ ਦੇ ਇਲਜ਼ਾਮ ਹਨ।

ਗਰਭਪਾਤ ਦਾ ਇਲਜ਼ਾਮ

ਔਰਤ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਉਹ ਗਰਭਵਤੀ ਹੋਈ, ਪਰ ਸਹੁਰਿਆਂ ਨੇ ਉਸ ਨੂੰ ਗਲਤ ਖਾਣ-ਪੀਣ ਦੀਆਂ ਚੀਜ਼ਾਂ ਦਿੱਤੀਆਂ, ਜਿਸ ਨਾਲ ਜੁਲਾਈ 2025 ਵਿੱਚ ਉਸ ਦਾ ਗਰਭਪਾਤ ਹੋ ਗਿਆ। ਡਾਕਟਰਾਂ ਨੇ ਮਾਨਸਿਕ ਤਣਾਅ, ਸਰੀਰਕ ਤਸ਼ੱਦਦ ਅਤੇ ਗਲਤ ਖੁਰਾਕ ਨੂੰ ਇਸ ਦਾ ਕਾਰਨ ਦੱਸਿਆ। ਇਸ ਦੌਰਾਨ ਵੀ ਸਹੁਰਿਆਂ ਨੇ ਕੋਈ ਸਹਾਇਤਾ ਨਹੀਂ ਕੀਤੀ।

ਔਰਤ ਤਣਾਅ ਕਾਰਨ ਆਪਣੇ ਮਾਪਿਆਂ ਦੇ ਘਰ ਚਲੀ ਗਈ, ਪਰ ਸਹੁਰਿਆਂ ਨੇ ਵੀਡੀਓ ਕਾਲ ਰਾਹੀਂ ਦੁਰਵਿਵਹਾਰ ਅਤੇ ਤਲਾਕ ਦੀਆਂ ਧਮਕੀਆਂ ਜਾਰੀ ਰੱਖੀਆਂ। 26 ਜੁਲਾਈ ਨੂੰ ਔਰਤ ਨੇ ਸਹੁਰੇ ਘਰ ਵਾਪਸ ਜਾ ਕੇ ਗੱਲਬਾਤ ਦੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਸਹੁਰਿਆਂ ਨੇ ਮਾਮਿਆਂ ਵੱਲੋਂ ਦਿੱਤੇ ਗਹਿਣੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ।

ਪੁਲਿਸ ਜਾਂਚ ਸ਼ੁਰੂ

ਔਰਤ ਨੇ ਪਤੀ, ਸੱਸ, ਸਹੁਰੇ ਅਤੇ ਨਣਦ ’ਤੇ ਦਾਜ , ਘਰੇਲੂ ਹਿੰਸਾ, ਗਰਭਪਾਤ ਅਤੇ ਧਮਕੀਆਂ ਦੇ ਇਲਜ਼ਾਮ ਲਾਏ ਹਨ। ਮਹਿਲਾ ਪੁਲਿਸ ਸਟੇਸ਼ਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ਨੂੰ ਗੰਭੀਰ ਦੱਸਦਿਆਂ ਸਬੂਤ ਅਤੇ ਮੈਡੀਕਲ ਰਿਪੋਰਟਾਂ ਇਕੱਠੀਆਂ ਕਰਨ ਦੀ ਗੱਲ ਕਹੀ ਹੈ। ਪੀੜਤਾ ਨੇ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।

Share This Article
Leave a Comment