ਵਿਦੇਸ਼ਾਂ ‘ਚ ਸੈਂਕੜੇ ਭਾਰਤੀ ਵਿਦਿਆਰਥੀਆਂ ਦੀ ਮੌਤ, ਸਭ ਤੋਂ ਵੱਧ ਕੈਨੇਡਾ ‘ਚ ਦਰਜ ਕੀਤੇ ਗਏ ਅੰਕੜੇ, ਕੇਂਦਰ ਵਲੋਂ ਰਿਪੋਰਟ ਜਾਰੀ

Prabhjot Kaur
3 Min Read

ਨਵੀਂ ਦਿੱਲੀ/ਟੋਰਾਂਟੋ: ਕੈਨੇਡਾ ਸਣੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ 2018 ਤੋਂ ਹੁਣ ਤੱਕ 403 ਭਾਰਤੀ ਵਿਦਿਆਰਥੀਆਂ ਦਮ ਤੋੜ ਚੁੱਕੇ ਹਨ। ਇਹ ਅੰਕੜੇ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ, ਜਿਸ ਮੁਤਾਬਕ ਵਿਦੇਸ਼ਾਂ ‘ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੀ ਮੌਤ ਲਈ ਜਿਥੇ ਕੁਦਰਤੀ ਕਾਰਨ ਜ਼ਿੰਮੇਵਾਰ ਰਹੇ, ਉਥੇ ਹੀ ਹਾਦਸੇ ਅਤੇ ਬਿਮਾਰੀਆਂ ਕਾਰਨ ਵੀ ਮੌਤਾਂ ਹੋਈਆਂ। ਇਸ ਵੇਲੇ ਦੁਨੀਆਂ ਦੇ 34 ਮੁਲਕਾਂ ਵਿੱਚ ਭਾਰਤੀ ਵਿਦਿਆਰਥੀ ਪੜ ਰਹੇ ਹਨ ਅਤੇ ਕੈਨੇਡਾ ਵਿਚ ਸਭ ਤੋਂ ਵੱਧ 91 ਵਿਦਿਆਰਥੀਆਂ ਦੀ ਮੌਤ ਹੋਈ।

ਵਿਦੇਸ਼ੀ ਰਾਜ ਮੰਤਰੀ ਵੀ. ਮੁਰਲੀਧਰਨ ਵੱਲੋਂ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿਤੀ ਗਈ। ਉਨ੍ਹਾਂ ਕਿਹਾ ਕਿ ਭਾਰਤੀ ਮਿਸ਼ਨਾਂ ਦੇ ਅਧਿਕਾਰੀ ਅਕਸਰ ਯੁਨੀਵਰਸਿਟੀਆਂ ਜਾਂ ਹੋਰ ਵਿਦਿਅਕ ਅਦਾਰਿਆ ‘ਚ ਜਾ ਕੇ ਭਾਰਤੀ ਵਿਦਿਆਰਥੀਆਂ ਨਾਲ ਗੱਲਬਾਤ ਕਰ ਕੇ ਉਹਨਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਕੋਲ ਪੁੱਜੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ 91 ਭਾਰਤੀ ਵਿਦਿਆਰਥੀਆਂ ਨੇ ਕੈਨੇਡਾ ‘ਚ ਜਾਨ ਗਵਾਈ ਜਦਕਿ ਦੂਜੇ ਸਥਾਨ ‘ਤੇ ਯੂ.ਕੇ. ਆਉਂਦਾ ਹੈ ਜਿਥੇ 48 ਵਿਦਿਆਰਥੀਆਂ ਦੀ ਮੌਤ ਹੋਈ। ਇਸ ਤੋਂ ਇਲਾਵਾ ਰੂਸ ਵਿਚ 40 ਅਤੇ ਅਮਰੀਕਾ ਵਿਚ 36 ਵਿਦਿਆਰਥੀਆਂ ਨੇ ਦਮ ਤੋੜਿਆ। ਆਸਟ੍ਰੇਲੀਆ ‘ਚ 35, ਯੂਕਰੇਨ ‘ਚ 21, ਜਰਮਨੀ ਵਿੱਚ 20, ਸਾਇਪ੍ਰਸ ਵਿੱਚ 14 ਅਤੇ ਇਟਲੀ ਤੇ ਫਿਲੀਪੀਨਜ਼ ‘ਚ 10-10 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਣ ਦੀ ਰਿਪੋਰਟ ਹੈ।

ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਭਾਰਤੀ ਸਰਕਾਰ ਦੀਆਂ ਤਰਜੀਹਾਂ ਵਿੱਚ ਸਭ ਤੋਂ ਉੱਪਰ ਹੈ। ਭਾਰਤੀ ਮਿਸ਼ਨ ਹਮੇਸ਼ਾ ਸੁਚੇਤ ਰਹਿੰਦੇ ਹਨ ਅਤੇ ਵਿਦਿਆਰਥੀਆਂ ਦੀ ਬਿਹਤਰੀ ਵਾਸਤੇ ਹਰ ਸੰਭਵ ਉਪਾਅ ਕੀਤਾ ਜਾਂਦਾ ਹੈ। ਜੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਬਾਰੇ ਸਬੰਧਤ ਮੁਲਕ ਦੇ ਅਧਿਕਾਰੀਆਂ ਨਾਲ ਸੰਪਰਕ ਕਾਇਮ ਕੀਤਾ ਜਾਂਦਾ ਹੈ ਅਤੇ ਯਕੀਨੀ ਬਣਾਇਆ ਜਾਂਦਾ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

- Advertisement -

Share this Article
Leave a comment