ਮਨੁੱਖੀ ਅਧਿਕਾਰਾਂ ਦੇ ਰਾਖੇ ਸ੍ਰੀ ਗੁਰੂ ਤੇਗ ਬਹਾਦਰ ਜੀ

Rajneet Kaur
7 Min Read

ਕਵੀ ਸੈਨਾਪਤਿ ਸ੍ਰੀ ਗੁਰੁ ਸੋਭਾ ਵਿਚ ਲਿਖਦੇ ਹਨ ਕਿ
ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਜੁਗ ਮੈ ਸਾਖੀ।
ਸਗਲ ਸ੍ਰਿਸਟਿ ਜਾ ਕਾ ਜਸ ਭਯੋ। ਜਿਹ ਤੇ ਸਰਬ ਧਰਮ ਬੰਚਯੋ।
ਤੀਨ ਲੋਕ ਮੈ ਜੈ ਜੈ ਭਈ। ਸਤਿਗੁਰੂ ਪੈਜ ਰਾਖਿ ਇਮ ਲਈ।

ਐਸੇ ਦੀਨ ਦਇਆਲ ਸਤਿਗੁਰੂ ਤੇਗ ਦੇ ਧਨੀ, ਸ਼ਾਂਤੀ ਦੇ ਪੁੰਜ, ਮਨੁੱਖੀ ਅਧਿਕਾਰਾਂ ਦੇ ਰਾਖੇ, ਜਬਰ ਜ਼ੁਲਮ ਖਿਲਾਫ਼ ਨਿਡਰਤਾ ਨਾਲ ਅਵਾਜ਼ ਬੁਲੰਦ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ। ਜਿਨ੍ਹਾਂ ਦਾ ਸਮੁੱਚਾ ਜੀਵਨ ਤਿਆਗ, ਬੈਰਾਗ ਅਤੇ ਉਦਾਰਤਾ ਦਾ ਪ੍ਰਤੀਕ ਹੈ। ਭਾਵੇਂ ਸਿੱਖ ਧਰਮ ਦੀ ਨੀਂਹ ਹੀ ਕੁਰਬਾਨੀਆਂ ‘ਤੇ ਟਿਕੀ ਹੋਈ ਹੈ। ਪਰ ਸ਼ਹੀਦੀਆਂ ਅਤੇ ਕੁਰਬਾਨੀਆਂ ਦੀ ਪਰੰਪਰਾ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ ਹੈ, ਕਿਉਂਕਿ ਦੁਨੀਆਂ ਦੇ ਇਤਿਹਾਸ ਵਿਚ ਕਿਧਰੇ ਵੀ ਵੇਖਣ ਵਿਚ ਨਹੀਂ ਆਇਆ ਕਿ ਕਿਸੇ ਸ਼ਖਸੀਅਤ ਨੇ ਦੂਸਰੇ ਧਰਮ ਦੀ ਰਾਖੀ ਲਈ ਜ਼ੁਲਮ ਵਿਰੁਧ ਟੱਕਰ ਲਈ ਹੋਵੇ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸੰਨ 1621 ਈ. ਨੂੰ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਮਾਤਾ ਨਾਨਕੀ ਜੀ ਦੀ ਪਾਵਨ ਕੁੱਖ ਤੋਂ ਗੁਰੂ ਕੇ ਮਹਿਲ ਦੇ ਪਾਵਨ ਅਸਥਾਨ ‘ਤੇ ਅਵਤਾਰ ਧਾਰਿਆ। ਆਪ ਜੀ ਦਾ ਸਾਰਾ ਜੀਵਨ ਸਿਦਕ ਨਿਡਰਤਾ ਅਤੇ ਨਿਰਵੈਰਤਾ ਦਾ ਪ੍ਰਤੀਕ ਹੈ। ਗੁਰੂ ਤੇਗ ਬਹਾਦਰ ਜੀ ਨੂੰ 43 ਸਾਲ ਦੀ ਉਮਰ ‘ਚ ਆਪਣੇ ਪੋਤਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸੋਂ ਗੁਰਿਆਈ ਮਿਲੀ। ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਜਦੋਂ ਦਿੱਲੀ ਵਿਖੇ ਬਾਬਾ ਬਕਾਲਾ ਕਹਿ ਜੋਤੀ ਜੋਤਿ ਸਮਾ ਗਏ ਤਾਂ ਅਨੇਕਾਂ ਭਖੰਡੀ ਸੋਢੀ ਕੁੱਲ ਵਿੱਚੋਂ ਬਕਾਲੇ ਦੀ ਧਰਤੀ ‘ਤੇ ਆਪਣੀਆਂ ਦੁਕਾਨਾਂ ਲਾ ਕੇ ਕੇ ਬੈਠ ਕਿ ਤਾਂ ਗੁਰੂ ਜੀ ਨੇ ਸਾਹਮਣੇ ਆ ਇਹ ਹੱਕ ਨਹੀਂ ਜਤਾਇਆ ਕਿ ਉਹ ਹੀ ਅਸਲ ਗੁਰੂ ਹਨ ਬਲਕਿ ਬੜੀ ਨਿਮਰਤਾ ਨਾਲ ਉਸ ਪਰਮ ਪਿਤਾ ਪ੍ਰਮਾਤਮਾਂ ਦੀ ਬੰਦਗੀ ‘ਚ ਲੀਣ ਰਹੇ। ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਜਦੋਂ ਆਪ ਜੀ ਦੀ ਸਖਸ਼ੀਅਤ ਅਤੇ ਪੈਸਿਆਂ ਵਾਲੀ ਕਲਾ ਨੂੰ ਤੱਕਿਆ ਤਾਂ ਕੋਠੇ ਚੜ੍ਹ ਕੇ ਹੋਕਾ ਦਿੱਤਾ ਕਿ ਗੁਰੂ ਲਾਧੋ ਰੇ ਗੁਰੂ ਲਾਧੋ ਰੇ। ਫਿਰ ਆਪ ਜੀ ਗੁਰੂ ਕਾਲ ਦੌਰਾਨ ਸਿੱਖੀ ਦੇ ਪ੍ਰਚਾਰ ਲਈ ਅਨੇਕਾਂ ਕਾਰਜ ਕੀਤੇ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਭਾਗ ਲਾਉਂਦਿਆਂ ਆਪ ਜੀ ਨੇ ਆਪਣੇ ਹੱਥੀ ਇਸ ਪਾਵਨ ਨਗਰੀ ਨੂੰ ਵਸਾਇਆ। ਇਸ ਅਨੰਦਾਂ ਦੀ ਪੁਰੀ ‘ਚ ਜਦੋਂ ਪੰਡਿਤ ਕ੍ਰਿਪਾ ਰਾਮ ਦੱਤ ਗੁਰੂ ਜੀ ਕੋਲ ਔਰੰਗਜ਼ੇਬ ਦੇ ਜ਼ਬਰ ਵਿਰੁੱਧ ਫਰਿਆਦ ਲੈ ਕੇ ਪਹੁੰਚਿਆ ਤਾਂ ਗੁਰੂ ਜੀ ਮਨੁੱਖਤਾ ਦੀ ਰਾਖੀ ਅਤੇ ਜਬਰ ਜ਼ੁਲਮ ਦੇ ਖਿਲਾਫ ਅਵਾਜ਼ ਬੁਲੰਦ ਕਰਨ ਲਈ ਆਪਾ ਕੁਰਬਾਨ ਕਰ ਦਿੱਤਾ । ਇਸ ਬਾਬਤ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਵਿਚ ਜ਼ਿਕਰ ਮਿਲਦਾ ਹੈ ਕਿ

ਹਾਥ ਜੋ ਕਹਿਯੋ ਕਿਰਪਾ ਰਾਮ ਦੱਤ ਬਰਾਹਮਣ ਮਟਨ ਗ੍ਰਾਮ॥
ਹਮਰੋ ਬਲ ਅਬ ਰਹਯੋ ਨਹਿ ਕਾਈ ਹੈ ਗੁਰੁ ਤੇਗ ਬਹਾਦਰ ਰਾਈ॥
ਸੇਵਾ ਹਰੀ ਇਮ ਅਰਜ ਗੁਜਾਰੀ ਤੁਮ ਕਲਜੁਗ ਕੇ ਕਿਸਨ ਮੁਰਾਰੀ॥

ਗੁਰੂ ਸਾਹਿਬ ਜੀ ਨੇ ਦਰ ‘ਤੇ ਆਏ ਫਰਿਆਦੀ ਕਸ਼ਮੀਰੀ ਪੰਡਿਤਾਂ ਨੂੰ ਕਹਿ ਦਿੱਤਾ ਕਿ ਉਹ ਜਾ ਕੇ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਮੁਸਲਮਾਨ ਬਣ ਜਾਣਗੇ, ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਉਧਰ ਔਰੰਗਜ਼ੇਬ ਕੱਟੜ ਧਾਰਮਿਕ ਨੀਤੀ ਦਾ ਅਨੁਯਾਈ ਸੀ।ਉਸ ਨੇ ਹਾਂ ਕਰ ਦਿੱਤੀ । ਪਰ ਔਰੰਗਜ਼ੇਬ ਇਸ ਫਲਸਫੇ ਤੋਂ ਵਾਕਿਫ ਨਹੀਂ ਸੀ ਕਿ ਸਿੱਖੀ ਦਾ ਸਿਧਾਂਤ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ (ਪੰਨਾ ੧੪੨੭) ਵਾਲਾ ਹੈ।

- Advertisement -

ਔਰੰਗੇ ਪਾਪੀ ਨੂੰ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦੇ ਦਿੱਤਾ। ਇੱਧਰ ਅਨੰਦਾਂ ਦੀ ਪੁਰੀ ਤੋਂ ਗੁਰੂ ਜੀ ਨੇ ਵੀ ਆਪਣੇ ਸਾਥੀ ਸਿੰਘਾਂ ਸਮੇਤ ਦਿੱਲੀ ਨੂੰ ਚਾਲੇ ਪਾ ਦਿੱਤੇ। ਗੁਰੂ ਜੀ ਨੂੰ ਗ੍ਰਿਫਤਾਰ ਕਰ ਕਾਲ ਕੋਠੜੀ ‘ਚ ਰੱਖਿਆ ਗਿਆ। ਸਭ ਤੋਂ ਪਹਿਲਾਂ ਗੁਰੂ ਜੀ ਦੇ ਸਨਮੁੱਖ ਉਨ੍ਹਾਂ ਦੇ ਸਿੱਖ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਸਤੀ ਦਾਸ ਜੀ ਨੂੰ ਰੂੰ ‘ਚ ਲਪੇਟ ਕੇ ਅੱਗ ਲਗਾ ਕੇ ਭਾਈ ਦਿਆਲਾ ਜੀ ਨੂੰ ਦੇਗ ‘ਚ ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ ਤਾਂ ਜੋ ਗੁਰੂ ਪਾਤਸ਼ਾਹ ਜੀ ਡੋਲ ਜਾਣ। ਪਰ ਗੁਰੂ ਜੀ ਨਿਡਰ ਰਹੇ। ਤਿੰਨਾਂ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਗੁਰੂ ਪਾਤਸ਼ਾਹ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ।ਪਹਿਲੀ, ਕੋਈ ਕਰਾਮਾਤ ਦਿਖਾਓ; ਦੂਜੀ, ਇਸਲਾਮ ਧਰਮ ਕਬੂਲ ਕਰੋ; ਤੀਜੀ, ਦੋਵਾਂ ਵਿਚੋਂ ਇਕ ਵੀ ਨਾ ਮੰਨਣ ਕਰਕੇ ਮੌਤ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਜੀ ਨੇ ਸ਼ਹਾਦਤ ਨੂੰ ਗਲੇ ਲਗਾਉਣ ਦਾ ਨਿਰਣਾ ਲਿਆ। ਅੰਤ ਅੱਜ ਦੇ ਦਿਨ ੧੬੭੫ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਚ ਆਪ ਜੀ ਦਾ ਸੀਸ ਧੜ੍ਹ ਨਾਲੋ ਵੱਖ ਕਰਕੇ ਸ਼ਹੀਦ ਕਰ ਦਿੱਤਾ।

ਗੁਰੂ ਸਾਹਿਬ ਦੀ ਸ਼ਹਾਦਤ ਨਾਲ ਦੁਨੀਆਂ ਵਿਚ ਤਰਾਹ-ਤਰਾਹ ਹੋਣ ਲਗ ਪਈ। ਗੁਰੂ ਦਸ਼ਮੇਸ਼ ਜੀ ਬਚਿਤ੍ਰ ਨਾਟਕ ਵਿਚ ਲਿਖਦੇ ਹਨ-
ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ॥
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ॥

ਗੁਰੂ ਜੀ ਦੀ ਸ਼ਹਾਦਤ ਨੇ ਸਾਰੀ ਸ੍ਰਿਸ਼ਟੀ ‘ਤੇ ਚਾਦਰ ਦਾ ਕੰਮ ਕੀਤਾ। ਕਵੀ ਸੈਨਾਪਤਿ ਸ੍ਰੀ ਗੁਰੁ ਸੋਭਾ ਵਿਚ ਲਿਖਦੇ ਹਨ-
ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟਿ ਪੈ ਢਾਪੀ ਚਾਦਰ॥
ਧਰਮ ਕਰਮ ਕੀ ਜਿਨਿ ਪਤਿ ਰਾਖੀ ਅਟੱਲ ਕਰੀ ਕਲਜੁਗ ਮੇਂ ਰਾਖੀ॥

ਦੁਨੀਆਂ ਦੇ ਇਤਿਹਾਸ ਵਿਚ ਗੁਰੂ ਜੀ ਦੀ ਸ਼ਹਾਦਤ ਬਹੁਤ ਵੱਡਾ ਸਾਕਾ ਹੋ ਨਿਬੜੀ। ਇਸ ਘਟਨਾ ਨੇ ਜਗਤ ਵਿਚ ਹੋਰ ਨਵੀਂਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਧਰਮ ਦੀ ਰਾਖੀ ਕਰਨ ਬਦਲੇ ਗੁਰੂ ਤੇਗ ਬਹਾਦਰ ਜੀ ਪ੍ਰਥਾਏ ਸ੍ਰੀ ਗੁਰੁ ਪੰਥ ਪ੍ਰਕਾਸ਼ ਵਿਚ ਜ਼ਿਕਰ ਮਿਲਦਾ ਹੈ ਕਿ-

ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥
ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥

- Advertisement -

ਗੁਰੂ ਗੋਬਿੰਦ ਸਿੰਘ ਜੀ ਨੇ ਬਚਿਤ੍ਰ ਨਾਟਕ ਵਿਚ ਵਰਣਨ ਕੀਤਾ ਹੈ, ਕਿ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਦੇ ਸ਼ਹਿਨਸ਼ਾਹ ਔਰੰਗਜ਼ੇਬ ਦੇ ਸਿਰ ਉੱਤੇ ਆਪਣੇ ਸਰੀਰ ਦਾ ਠੀਕਰਾ ਭੰਨ ਕੇ ਉਸ ਦੀਆਂ ਸਭ ਉਮੀਦਾਂ ਤੇ ਸਕੀਮਾਂ ਉੱਤੇ ਪਾਣੀ ਫੇਰ ਦਿੱਤਾ-

ਠੀਕਰਿ ਫੋਰਿ ਦਿਲੀਸਿ ਸਿਰਿ ਪ੍ਰਭ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨਿ॥
ਇਸ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਿਮਾਣੀ ਤੇ ਨਿਤਾਣੀ ਭਾਰਤੀ ਆਤਮਾ ਨੂੰ ਹਲੂਣਦਿਆਂ ਉਸ ਦੇ ਹੱਕ ਤੇ ਫ਼ਰਜ ਚੇਤੇ ਕਰਾਏ।

ਰਜਿੰਦਰ ਸਿੰਘ

Share this Article
Leave a comment