ਮਾਛੀਵਾੜਾ ਇਲਾਕੇ ਵਿੱਚ ਕਰੋੜਾਂ ਰੁਪਏ ਦੇ ਇੱਕ ਸਰਕਾਰੀ ਪ੍ਰੋਜੈਕਟ ਦੀ ਖੁਦਾਈ ਦੌਰਾਨ ਮਨੁੱਖੀ ਹੱਡੀਆਂ ਮਿਲਣ ਤੋਂ ਬਾਅਦ ਉਸ ਵੇਲੇ ਅਜੀਬ ਸਥਿਤੀ ਬਣ ਗਈ, ਜਦੋਂ ਉੱਥੇ ਕੰਮ ਕਰ ਰਹੇ ਕੁਝ ਮਜ਼ਦੂਰ ਕਥਿਤ ਤੌਰ ‘ਤੇ ਬੀਮਾਰ ਹੋ ਗਏ ਅਤੇ ਅਨੌਖੀਆਂ ਹਰਕਤਾਂ ਕਰਨ ਲੱਗ ਪਏ। ਮਜ਼ਦੂਰਾਂ ਵੱਲੋਂ ਇਸ ਨੂੰ ਪੁਰਾਣੇ ਕਬਰਿਸਤਾਨ ਨਾਲ ਜੋੜਿਆ ਗਿਆ, ਜਦਕਿ ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਹਨ।
ਖੁਦਾਈ ਦੌਰਾਨ ਮਿਲੀਆਂ ਹੱਡੀਆਂ
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਪ੍ਰੋਜੈਕਟ ਵਾਲੀ ਜ਼ਮੀਨ ਵਿੱਚ ਜੇਸੀਬੀ ਮਸ਼ੀਨ ਰਾਹੀਂ ਡੂੰਘੀ ਖੁਦਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਉੱਥੇ ਕੰਮ ਕਰਦੇ ਦੋ ਮਜ਼ਦੂਰਾਂ ਨੂੰ ਵੱਖ-ਵੱਖ ਥਾਵਾਂ ਤੋਂ ਮਨੁੱਖੀ ਹੱਡੀਆਂ ਮਿਲੀਆਂ। ਇਸ ਤੋਂ ਬਾਅਦ ਦੋਵੇਂ ਮਜ਼ਦੂਰ ਬੀਮਾਰ ਹੋ ਗਏ ਅਤੇ ਅਨੋਖੀਆਂ ਹਰਕਤਾਂ ਕਰਨ ਲੱਗ ਪਏ।
ਉਨ੍ਹਾਂ ਨੂੰ ਇਲਾਜ ਲਈ ਡਾਕਟਰਾਂ ਕੋਲ ਵੀ ਲਿਜਾਇਆ ਗਿਆ, ਪਰ ਮਜ਼ਦੂਰਾਂ ਦੀਆਂ ਇਹ ਹਰਕਤਾਂ ਜਾਰੀ ਰਹੀਆਂ। ਮਜ਼ਦੂਰਾਂ ਦਾ ਕਹਿਣਾ ਸੀ ਕਿ ਜ਼ਮੀਨ ਹੇਠਾਂ ਪਹਿਲਾਂ ਕਬਰਿਸਤਾਨ ਹੋਣ ਕਾਰਨ ਇਹ ਘਟਨਾ ਵਾਪਰੀ ਅਤੇ ਉਨ੍ਹਾਂ ਤੋਂ ਗਲਤੀ ਨਾਲ ਉੱਥੇ ਮਲ-ਮੂਤਰ ਹੋ ਗਿਆ ਸੀ।
ਡਰ ਕਾਰਨ 2-3 ਦਿਨ ਕੰਮ ਰਿਹਾ ਬੰਦ
ਘਟਨਾ ਤੋਂ ਬਾਅਦ ਕਰੀਬ 2 ਤੋਂ 3 ਦਿਨ ਤੱਕ ਪ੍ਰੋਜੈਕਟ ਦਾ ਕੰਮ ਰੁਕਿਆ ਰਿਹਾ ਅਤੇ ਮਜ਼ਦੂਰਾਂ ਵਿੱਚ ਡਰ ਦਾ ਮਾਹੌਲ ਬਣਿਆ ਰਿਹਾ। ਇਸ ਦੌਰਾਨ ਇੱਕ ਮਜ਼ਦੂਰ ਨੇ ਸਰੀਏ ਨਾਲ ਜਗ੍ਹਾ ਦੀ ਨਿਸ਼ਾਨਦੇਹੀ ਕਰਦਿਆਂ ਕਿਹਾ ਕਿ ਇੱਥੇ ਹੋਰ ਖੁਦਾਈ ਨਾ ਕੀਤੀ ਜਾਵੇ ਅਤੇ ਨਾ ਹੀ ਮਲ-ਮੂਤਰ ਕੀਤਾ ਜਾਵੇ। ਮਜ਼ਦੂਰਾਂ ਨੇ ਇਸ ਜਗ੍ਹਾ ਨੂੰ ਪੁਰਾਤਨ ਸਮੇਂ ਤੋਂ ਕਿਸੇ ਬਜ਼ੁਰਗ ਦੀ ਕਬਰਿਸਤਾਨ ਵਾਲੀ ਥਾਂ ਦੱਸਿਆ।
ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਮਾਮਲਾ
ਮਜ਼ਦੂਰਾਂ ਨੇ ਸਾਰਾ ਮਾਮਲਾ ਸਰਕਾਰੀ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਇਸ ਤੋਂ ਬਾਅਦ ਖੁਦਾਈ ਵਾਲੇ ਟੋਏ ਨੂੰ ਮਿੱਟੀ ਨਾਲ ਭਰ ਦਿੱਤਾ ਗਿਆ ਅਤੇ ਅੱਗੇ ਹੋਰ ਥਾਂ ’ਤੇ ਪੁਟਾਈ ਦਾ ਕੰਮ ਸ਼ੁਰੂ ਕੀਤਾ ਗਿਆ।
ਇਸ ਦੇ ਨਾਲ ਹੀ ਮਜ਼ਦੂਰਾਂ ਵੱਲੋਂ ਉਸ ਥਾਂ ’ਤੇ ਇੱਕ ਮਜ਼ਾਰ ਬਣਾ ਦਿੱਤੀ ਗਈ। ਹੁਣ ਉੱਥੇ ਰੋਜ਼ਾਨਾ ਧੂਫ਼-ਬੱਤੀ ਕੀਤੀ ਜਾਂਦੀ ਹੈ ਅਤੇ ਮੱਥਾ ਟੇਕਿਆ ਜਾਂਦਾ ਹੈ। ਮਜ਼ਦੂਰਾਂ ਦਾ ਦਾਅਵਾ ਹੈ ਕਿ ਮਜ਼ਾਰ ਬਣਨ ਤੋਂ ਬਾਅਦ ਕੋਈ ਅਣਹੋਣੀ ਘਟਨਾ ਨਹੀਂ ਵਾਪਰੀ ਅਤੇ ਪ੍ਰੋਜੈਕਟ ਦਾ ਕੰਮ ਵੀ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।
ਨੇੜੇ ਮੌਜੂਦ ਹੈ ਪੁਰਾਤਨ ਪੀਰ ਦੀ ਦਰਗਾਹ
ਪ੍ਰੋਜੈਕਟ ਵਾਲੀ ਥਾਂ ਦੇ ਨੇੜੇ ਇੱਕ ਪੁਰਾਤਨ ਪੀਰ ਦੀ ਦਰਗਾਹ ਵੀ ਮੌਜੂਦ ਹੈ, ਜਿੱਥੇ ਸ਼ਰਧਾਲੂ ਨਤਮਸਤਕ ਹੋਣ ਲਈ ਪਹੁੰਚਦੇ ਹਨ। ਦਰਗਾਹ ਦੇ ਮੁੱਖ ਸੇਵਾਦਾਰ ਅਹਿਮਦ ਖਾਨ ਨੇ ਦੱਸਿਆ ਕਿ ਖੁਦਾਈ ਦੌਰਾਨ ਕੁਝ ਮਜ਼ਦੂਰ ਬੀਮਾਰ ਹੋਏ ਸਨ।
ਉਨ੍ਹਾਂ ਮੁਤਾਬਕ ਇਹ ਇਲਾਕਾ ਪੁਰਾਤਨ ਸਮੇਂ ਵਿੱਚ ਕਬਰਿਸਤਾਨ ਸੀ, ਜਿੱਥੇ ਮੁਸਲਿਮ ਭਾਈਚਾਰੇ ਦੇ ਕਬਰਿਸਤਾਨ ਤੋਂ ਇਲਾਵਾ ਹੋਰ ਵਲੀਆਂ ਦੀਆਂ ਦਰਗਾਹਾਂ ਵੀ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਮਜ਼ਦੂਰਾਂ ਦੇ ਬੀਮਾਰ ਹੋਣ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਅਰਦਾਸ ਕੀਤੀ ਅਤੇ ਖੁਦਾਈ ਵਾਲੀ ਥਾਂ ਨੂੰ ਮਿੱਟੀ ਨਾਲ ਭਰ ਕੇ ਮਜ਼ਾਰ ਬਣਾਈ ਗਈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਮਜ਼ਦੂਰ ਠੀਕ ਹਨ ਅਤੇ ਪ੍ਰੋਜੈਕਟ ਦਾ ਕੰਮ ਵੀ ਜਾਰੀ ਹੈ।
ਇਸ ਪੂਰੇ ਮਾਮਲੇ ਨੂੰ ਲੈ ਕੇ ਕੋਈ ਇਸ ਨੂੰ ਅੰਧਵਿਸ਼ਵਾਸ ਨਾਲ ਜੋੜ ਰਿਹਾ ਹੈ, ਜਦਕਿ ਕੁਝ ਲੋਕ ਇਸ ਨੂੰ ਗੈਬੀ ਸ਼ਕਤੀ ਨਾਲ ਜੋੜ ਕੇ ਦੇਖ ਰਹੇ ਹਨ। ਹਾਲਾਂਕਿ ਮਜ਼ਦੂਰਾਂ ਦੇ ਦਾਅਵਿਆਂ ਤੋਂ ਇਲਾਵਾ ਘਟਨਾ ਦੇ ਕਾਰਨਾਂ ਬਾਰੇ ਕੋਈ ਵਿਗਿਆਨਕ ਜਾਂਚ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

