ਤਲਵੰਡੀ ਸਾਬੋ: ਬਠਿੰਡਾ ਦੇ ਤਲਵੰਡੀ ਸਾਬੋ ਇਲਾਕੇ ਵਿੱਚ ਪਿੰਡ ਮਲਕਾਣਾ ਦੇ ਕੋਲ ਇੱਕ ਰਜਵਾਹੇ ‘ਚ ਵੱਡਾ ਪਾੜ ਪੈਣ ਕਾਰਨ ਇਲਾਕੇ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, ਲਗਭਗ 50 ਫੁੱਟ ਚੌੜਾ ਪਾੜ ਪੈਣ ਕਾਰਨ ਖੇਤਾਂ ‘ਚ ਪਾਣੀ ਵੜ ਗਿਆ ਹੈ, ਜਿਸ ਨਾਲ ਕਿਸਾਨਾਂ ਦੀ ਪੱਕ ਚੁੱਕੀ ਕਣਕ ਦੀ ਫਸਲ ਨੁਕਸਾਨ ਪਹੁੰਚਿਆ ਹੈ।
ਕਿਹਾ ਜਾ ਰਿਹਾ ਹੈ ਕਿ ਮੀਂਹ ਪੈਣ ਕਰਕੇ ਪਾਣੀ ਦਾ ਵਹਾਅ ਤੇਜ਼ ਹੋਣ ਲੱਗਿਆ, ਜਿਸ ਕਾਰਨ ਰਜਵਾਹਾ ਦਬਾਅ ਨਾ ਸਹਾਰ ਸਕਿਆ ਅਤੇ ਮੁੜ ਟੁੱਟ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਦਾ ਵਹਾਅ ਲਗਾਤਾਰ ਵਧ ਰਿਹਾ ਹੈ, ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਜੇ ਤੱਕ ਕੋਈ ਵੀ ਮੌਕੇ ‘ਤੇ ਨਹੀਂ ਪਹੁੰਚਿਆ।
ਇਲਾਕੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਦੀ ਅਣਗਹਿਲੀ ਨੂੰ ਇਸ ਹਾਦਸੇ ਦਾ ਮੁੱਖ ਕਾਰਣ ਦੱਸਦੇ ਹੋਏ ਦਾਅਵਾ ਕੀਤਾ ਕਿ ਜੇਕਰ ਸਮੇਂ ‘ਤੇ ਰਜਵਾਹੇ ਦੀ ਸੰਭਾਲ ਕੀਤੀ ਜਾਂਦੀ ਤਾਂ ਇਹ ਹਾਲਾਤ ਨਾ ਬਣਦੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਾਣੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਉਦੋਂ ਉਹਨਾਂ ਨੂੰ ਪਾਣੀ ਨਹੀਂ ਮਿਲਦਾ, ਪਰ ਹੁਣ ਬੇਲੋੜ ਪਾਣੀ ਨੇ ਉਨ੍ਹਾਂ ਦੀ ਮਿਹਨਤ ਬਰਬਾਦ ਕਰ ਦਿੱਤੀ।
ਕਿਸਾਨਾਂ ਮੁਤਾਬਕ, ਬੀਤੀ ਰਾਤ ਤੋਂ ਪਾਣੀ ਦੀ ਗਤੀਵਿਧੀ ਵਧੀ ਹੋਈ ਸੀ। ਦੁਪਹਿਰ ਤੱਕ ਉਹੀ ਹਾਲਾਤ ਬਣੇ ਹੋਏ ਸਨ। ਪਾਣੀ ਦੇ ਪੱਧਰ ‘ਚ ਲਗਾਤਾਰ ਵਾਧਾ ਹੋਣ ਕਾਰਨ ਪਾਣੀ ਖੇਤਾਂ ਵਿੱਚ ਵੜਦਾ ਜਾ ਰਿਹਾ ਹੈ, ਜਿਸ ਨਾਲ ਅੱਗੇ ਹੋਰ ਵੀ ਨੁਕਸਾਨ ਹੋ ਸਕਦਾ ਹੈ।