ਨਵੀਂ ਦਿੱਲੀ: ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਆਮ ਆਦਮੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਹੈ। ਫੂਲਕਾ ਲੰਬੇ ਸਮੇ ਤੱਕ ਪਾਰਟੀ ਨਾਲ ਜੁੜੇ ਰਹੇ ਪਰ ਫਿਰ ਵੀ ਉਨ੍ਹਾਂ ਸਿਰਫ਼ ਦੋ ਸਤਰਾਂ ‘ਚ ਅਸਤੀਫ਼ਾ ਲਿਖ ਕੇ ਕੇਜਰੀਵਾਲ ਨੂੰ ਨਿੱਜੀ ਤੌਰ ‘ਤੇ ਸੌਂਪਿਆ।
ਇਸ ਤੋਂ ਪਹਿਲਾਂ ਉਹ ਪੰਜਾਬ ਵਿਧਾਨ ਸਭਾ ਤੋਂ ਵੀ ਅਸਤੀਫ਼ਾ ਦੇ ਚੁੱਕੇ ਹਨ, ਜੋ ਹਾਲੇ ਤਕ ਪ੍ਰਵਾਨ ਨਹੀਂ ਹੋਇਆ ਸੀ। ਫੂਲਕਾ ਨੇ ਟਵੀਟ ਕਰਕੇ ਸੂਚਨਾ ਦਿੱਤੀ ਹੈ ਕਿ ਉਨ੍ਹਾਂ ਨੇ ਅਸਤੀਫ਼ਾ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ਕੇਜਰੀਵਾਲ ਨੇ ਉਨ੍ਹਾਂ ਨੂੰ ਅਸਤੀਫ਼ਾ ਨਾ ਕਰਨ ਦੀ ਅਪੀਲ ਕੀਤੀ ਪਰ ਉਹ ਨਾ ਮੰਨੇ। ਐਚ.ਐਸ. ਫੂਲਕਾ ਨੇ ਕਿਹਾ ਹੈ ਕਿ ਉਹ ਅੱਜ ਚਾਰ ਵਜੇ ਪ੍ਰੈਸ ਕਾਨਫ਼ਰੰਸ ਕਰਨਗੇ ਤੇ ‘ਆਪ’ ਛੱਡਣ ਦੇ ਕਾਰਨ ਤੇ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਖੁਲਾਸਾ ਕਰਨਗੇ।
I have resigned from AAP & handed over resignation to Kejriwal ji today. Though he asked me not to resign but I insisted.
Will be briefing media tomorrow at 4pm at Press Club, Raisina Rd, New Delhi to explain the Reason of leaving AAP & my further plans.
— H S Phoolka (@hsphoolka) January 3, 2019
ਜੇਕਰ ਵਿਧਾਨ ਸਭਾ ਦੇ ਸਪੀਕਰ ਉਨ੍ਹਾਂ ਦੇ ਅਸਤੀਫ਼ੇ ਨੂੰ ਮਨਜ਼ੂਰ ਕਰਦੇ ਹਨ ਅਤੇ ਜਾਂ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪਾਰਟੀ ਛੱਡ ਚੁੱਕੇ ਵਿਧਾਇਕ ਦੀ ਮੈਂਬਰੀ ਖਾਰਜ ਕਰਨ ਦੀ ਅਪੀਲ ਕਰਦੀ ਹੈ ਤਾਂ ਦਾਖਾ ਵਿਧਾਨ ਸਭਾ ਸੀਟ ਵੀ ਖਾਲੀ ਹੋ ਜਾਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ‘ਚ ਇੱਕ ਹੋਰ ਜ਼ਿਮਨੀ ਚੋਣ ਹੋਵੇਗੀ।