-ਅਵਤਾਰ ਸਿੰਘ;
ਪਿਛਲੇ 11 ਮਹੀਨਿਆਂ ਤੋਂ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਹੱਦਾਂ ’ਤੇ ਡੇਰੇ ਲਾਈ ਬੈਠੇ ਹਨ। ਇਨ੍ਹਾਂ ਕਿਸਾਨਾਂ ਨੇ ਸਿਆਲਾਂ ਦੀਆਂ ਹੱਡ-ਚੀਰਵੀਆਂ ਰਾਤਾਂ, ਗਰਮੀਆਂ ਦੇ ਪਿੰਡਿਆਂ ਨੂੰ ਲੂੰਹਦੇ ਦਿਨ, ਮੀਂਹ ਤੇ ਝੱਖੜ ਆਪਣੀਆਂ ਦੇਹਾਂ ਉਪਰ ਝੱਲੇ ਹਨ।
ਇਸ ਮਹਾ-ਅੰਦੋਲਨ ਵਿੱਚ 700 ਤੋਂ ਵੱਧ ਕਿਸਾਨ ਇਸ ਸੰਘਰਸ਼ ਵਿੱਚ ਜਾਨਾਂ ਗੁਆ ਚੁੱਕੇ ਹਨ। ਇਸ ਸੰਘਰਸ਼ ਦੌਰਾਨ ਕਿਸਾਨਾਂ ਨੂੰ ਸਰਕਾਰ ਦੇ ਤਸ਼ੱਦਦ ਅਤੇ ਵਿਤਕਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਾਂਤਮਈ ਆਪਣੀਆਂ ਮੰਗਾਂ ਪੁਰ ਕਰਵਾਉਣ ਲਈ ਕਿਸਾਨਾਂ ਨੂੰ ਸਰਕਾਰੀਤੰਤਰ ਵਲੋਂ ਤਰ੍ਹਾਂ ਤਰ੍ਹਾਂ ਦੇ ਹੱਥਕੰਡਿਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਇਹ ਤਸ਼ੱਦਦ ਦੇਖ ਕੇ ਆਮ ਆਦਮੀ ਦੀ ਆਤਮਾ ਵੀ ਕੁਰਲਾ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਮੁੱਦੇ ਉਪਰ ਬਿਲਕੁਲ ਫਰਾਖਦਿਲੀ ਨਹੀਂ ਦਿਖਾ ਰਹੀ।
ਕਿਸਾਨ ਕੁਦਰਤ ਅਤੇ ਇਨਸਾਨ ਦੀ ਕਰੋਪੀ ਆਪਣੇ ਪਿੰਡ ਉਪਰ ਹੰਢਾ ਕੇ ਬੈਠੇ ਹੋਏ ਹਨ। ਉਹ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। ਕੇਂਦਰ ਸਰਕਾਰ ਵਲੋਂ ਥੋਪੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਜਮ ਤੇ ਸ਼ਾਂਤਮਈ ਢੰਗ ਨਾਲ ਲੰਮੇ ਸਮੇਂ ਤੋਂ ਅੰਦੋਲਨ ਚਲਾ ਕੇ ਜਮਹੂਰੀਅਤ ਅਤੇ ਬਾਕੀ ਲੋਕਾਂ ਦੇ ਅਧਿਕਾਰਾਂ ਲਈ ਵੀ ਸੰਘਰਸ਼ ਕਰ ਰਹੇ ਹਨ।
ਇਸ ਅੰਦੋਲਨ ਨੇ ਭਾਰਤ ਦੇ ਕਿਸਾਨਾਂ, ਔਰਤਾਂ, ਨੌਜਵਾਨਾਂ, ਵਿਦਿਆਰਥੀਆਂ ਅਤੇ ਹੋਰ ਵਰਗਾਂ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਹੈ। ਕਿਸਾਨ ਸੰਘਰਸ਼ ਦੀ ਇਕ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿੱਚ ਦੇਸ਼ ਦੇ ਚਿੰਤਕ, ਵਿਦਵਾਨ, ਸਮਾਜਿਕ ਕਾਰਕੁਨ, ਗਾਇਕ, ਕਲਾਕਾਰ, ਰੰਗਕਰਮੀ, ਲੇਖਕ, ਕਿਸਾਨਾਂ ਦੇ ਹੱਕ ‘ਚ ਤਾਂ ਨਿੱਤਰੇ ਪਰ ਕ੍ਰਿਕਟ ਦੇ ਕਿਸੇ ਵੀ ਖਿਡਾਰੀ ਨੇ ਅੰਨਦਾਤਾ ਦੇ ਹੱਕ ਵਿਚ ਹਾਅ-ਦਾ-ਨਾਅਰਾ ਤੱਕ ਨਹੀਂ ਮਾਰਿਆ। ਕੀ ਉਹ ਅੰਨ ਨਹੀਂ ਖਾਂਦੇ। ਕਿਸਾਨਾਂ ਦੇ ਧਰਨਿਆਂ ‘ਚ ਹਰ ਰੋਜ਼ ਦੁਖਦਾਈ ਘਟਨਾ ਵਾਪਰਦੀ ਹੈ। ਵੀਰਵਾਰ ਨੂੰ ਵੀ ਇਕ ਬਹੁਤ ਦੁਖਦਾਈ ਘਟਨਾ ਵਾਪਰ ਗਈ ਜਿਸ ਵਿੱਚ ਪੰਜਾਬ ਦੇ ਪਿੰਡਾਂ ਨਾਲ ਸੰਬੰਧਤ ਪੰਜ ਔਰਤਾਂ ਲਪੇਟ ਵਿਚ ਆ ਗਈਆਂ।
ਮੀਡੀਆ ਰਿਪੋਰਟਾਂ ਮੁਤਾਬਿਕ ਦਿੱਲੀ ਦੇ ਟਿਕਰੀ ਬਾਰਡਰ ਉਪਰ ਪਕੌੜਾ ਚੌਕ ਵਿੱਚ ਵੀਰਵਾਰ ਸਵੇਰੇ ਕਿਸਾਨ ਅੰਦੋਲਨ ਤੋਂ ਘਰ ਜਾਣ ਲਈ ਆਟੋ ਰਿਕਸ਼ਾ ਲੈਣ ਲਈ ਬੈਠੀਆਂ ਪੰਜ ਔਰਤਾਂ ਨੂੰ ਇਕ ਟਿੱਪਰ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਵਿੱਚ 3 ਬੀਬੀਆਂ ਦੀ ਮੌਕੇ ਉਪਰ ਹੀ ਮੌਤ ਹੋ ਗਈ। ਇਨ੍ਹਾਂ ਵਿਚੋਂ ਦੋ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ। ਹਾਦਸਾ ਦਰਦਨਾਕ ਸੀ।
ਰਿਪੋਰਟਾਂ ਅਨੁਸਾਰ ਇਹ ਔਰਤਾਂ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲੇ ਦੀਆਂ ਵਾਸੀ ਹਨ। ਇਸ ਹਾਦਸੇ ਵਿੱਚ ਜ਼ਖਮੀ ਤੇ ਜਾਨ ਗੁਆਉਣ ਵਾਲੀਆਂ ਇਹ ਬੀਬੀਆਂ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਲਈ ਬੈਠੀਆਂ ਹੋਈਆਂ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਅਨੁਸਾਰ ਮ੍ਰਿਤਕ ਔਰਤਾਂ ਵਿੱਚ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ (58), ਗੁਰਮੇਲ ਕੌਰ ਪਤਨੀ ਭੋਲਾ ਸਿੰਘ, ਛਿੰਦਰ ਕੌਰ ਪਤਨੀ ਭਾਨ ਸਿੰਘ (61) ਹਨ। ਜ਼ਖ਼ਮੀਆਂ ਵਿਚ ਗੁਰਮੇਲ ਕੌਰ ਪਤਨੀ ਮੇਹਰ ਸਿੰਘ, ਹਰਜੀਤ ਕੌਰ ਪਤਨੀ ਗੁਰਤੇਜ ਸਿੰਘ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਇਹ ਔਰਤਾਂ ਦਿੱਲੀ ਤੋਂ ਬਹਾਦਰਗੜ੍ਹ ਹੋ ਕੇ ਪੰਜਾਬ ਪਰਤਣ ਲਈ ਆਟੋ ਰਿਕਸ਼ਾ ਦੀ ਉਡੀਕ ਕਰ ਰਹੀਆਂ ਸਨ ਕਿ ਅਚਾਨਕ ਟਰੱਕ ਨੇ ਬੇਕਾਬੂ ਹੋਕੇ ਇਨ੍ਹਾਂ ਨੂੰ ਦਰੜ ਦਿੱਤਾ। ਟਰੱਕ ਚਾਲਕ ਮੌਕੇ ‘ਤੇ ਦੌੜ ਗਿਆ ਸੀ ਪਰ ਬਾਅਦ ਵਿੱਚ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ।
ਉੱਤਰ ਪ੍ਰਦੇਸ਼ ਦੇ ਲਖੀਮਪੁਰ ਵਿੱਚ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰ ਰਹੇ ਕਿਸਾਨਾਂ ਉਪਰ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਪੁੱਤਰ ਆਪਣੀ ਥਾਰ ਜੀਪ ਚੜ੍ਹਾ ਕੇ ਦਰੜ ਚੁੱਕਾ ਹੈ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ( ਉਗਰਾਹਾਂ) ਨੇ ਔਰਤਾਂ ’ਤੇ ਟਿੱਪਰ ਚੜ੍ਹਾਉਣ ਦੀ ਘਟਨਾ ਨੂੰ ਉੱਤਰ ਪ੍ਰਦੇਸ਼ ਦੀ ਲਖੀਮਪੁਰ ਖੀਰੀ ਵਰਗੀ ਵਰਦਾਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਸਾਜ਼ਿਸ਼ ਹੋ ਸਕਦੀ ਹੈ ਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਘਟਨਾ ਦੀ ਜਾਂਚ ਮੁਕੰਮਲ ਹੋਣ ‘ਤੇ ਹੀ ਅਸਲੀਅਤ ਸਾਹਮਣੇ ਆਵੇਗੀ ਕਿ ਇਹ ਘਟਨਾ ਅਚਾਨਕ ਹੋਈ ਹੈ ਜਾਂ ਕੋਈ ਸਾਜ਼ਿਸ਼ ਸੀ। ਇਸ ਤਰ੍ਹਾਂ ਦੀਆਂ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਅੰਨਦਾਤਾ ਨਾਲ ਅਜੇ ਕਿੰਨੀਆਂ ਹੋਰ ਅਣਹੋਣੀਆਂ ਹੋਣਗੀਆਂ ?