ਮੱਕੀ ਦੀਆਂ ਦੋਗਲੀਆਂ ਕਿਸਮਾਂ ਦਾ ਬੀਜ ਕਿਵੇਂ ਤਿਆਰ ਕਰੀਏ?

TeamGlobalPunjab
10 Min Read

-ਜਸਬੀਰ ਸਿੰਘ ਚਾਵਲਾ

 

ਦੋਗਲੀਆਂ ਕਿਸਮਾਂ ਦਾ ਝਾੜ ਜ਼ਿਆਦਾ ਹੋਣ ਕਰਕੇ ਕਿਸਾਨ ਵੀਰਾਂ ਵਿੱਚ ਮੱਕੀ ਦੀਆਂ ਦੋਗਲੀਆਂ ਕਿਸਮਾਂ ਦੀ ਕਾਸ਼ਤ ਦਾ ਰੁਝਾਨ ਵੱਧ ਰਿਹਾ ਹੈ। ਜਿਸ ਕਰਕੇ ਜ਼ਿਆਦਾ ਮੁਨਾਫ਼ਾ ਕਮਾ ਸਕਦੇ ਹਨ। ਦੋਗਲੀਆਂ ਕਿਸਮਾਂ ਦੇ ਬੀਜ ਦੀ ਘਾਟ ਹੋਣ ਕਰਕੇ ਕਿਸਾਨਾਂ ਨੂੰ ਗੈਰ-ਸਿਫ਼ਾਰਸ਼ ਕਿਸਮਾਂ ਦਾ ਬੀਜ ਲੈਣਾ ਪੈਂਦਾ ਹੈ, ਜਿਸ ਕਰਕੇ ਝਾੜ ਦਾ ਨੁਕਸਾਨ ਹੁੰਦਾ ਹੈ। ਉਨਤ ਕਿਸਮ ਦਾ ਸੁਧਰਿਆ ਬੀਜ ਝਾੜ ਵਧਾਉਣ ਵਿਚ ਇੱਕ ਮੁਢਲੀ ਕੁੰਜੀ ਹੈ। ਝੋਨੇ ਹੇਠੋਂ ਕੁਝ ਰਕਬਾ ਘਟਾ ਕੇ ਸਮੇਂ ਦੀ ਲੋੜ ਅਨੁਸਾਰ ਖੇਤੀ ਵਿਭਿੰਨਤਾ ਵਿਚ ਵੀ ਇਕਹਿਰੇ ਮੇਲ ਦੀਆਂ ਦੋਗਲੀਆਂ ਕਿਸਮਾਂ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀਆਂ ਹਨ। ਦੋਗਲੀਆਂ ਕਿਸਮਾਂ ਅਤੇ ਉਹਨਾਂ ਦੇ ਮਾਪਿਆਂ ਦੇ ਅੰਦਰੂਨੀ ਗੁਣਾਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਇਹਨਾਂ ਗੁਣਾਂ ਦੀ ਸਾਂਭ- ਸੰਭਾਲ ਨਾ ਕੀਤੀ ਜਾਵੇ ਤਾਂ ਦੋਗਲੀਆਂ ਕਿਸਮਾਂ ਦੇ ਵਧੀਆ ਝਾੜ ਦੇਣ ਵਾਲੇ ਗੁਣਾਂ ਦੇ ਖਤਮ ਹੋਣ ਦੀ ਸੰਭਾਵਨਾ ਬਣ ਜਾਂਦੀ ਹੈ ਅਤੇ ਫਿਰ ਇਹਨਾਂ ਕਿਸਮਾਂ ਦਾ ਝਾੜ ਵੀ ਘਟ ਜਾਂਦਾ ਹੈ। ਦੋਗਲੀਆਂ ਕਿਸਮਾਂ ਦੇ ਬੀਜ ਉਤਪਾਦਨ ਦੇ ਕੁਝ ਜ਼ਰੂਰੀ ਨੁਕਤੇ ਹੇਠਾਂ ਵਿਸਥਾਰ ਨਾਲ ਦਿੱਤੇ ਗਏ ਹਨ।

ਦੋਗਲੀ ਕਿਸਮ:- ਭਿੰਨ-ਭਿੰਨ ਅੰਦਰੂਨੀ ਗੁਣਾਂ ਵਾਲੀਆਂ ਨਰ ਅਤੇ ਮਾਦਾ ਲਾਈਨਾਂ ਦੇ ਮਿਲਾਣ ਉਪਰੰਤ, ਮਾਦਾ ਲਾਇਨ ਉਤੇ ਪੈਦਾ ਹੋਏ ਬੀਜ ਨੂੰ ਦੋਗਲੀ ਕਿਸਮ ਦਾ ਬੀਜ ਕਹਿੰਦੇ ਹਨ।
ਦੋਗਲੇ ਬੀਜ ਉਤਪਾਦਨ ਲਈ ਮੁੱਖ ਲੋੜਾਂ
ਉਚੇ ਮਿਆਰ ਵਾਲੀਆਂ ਨਰ ਅਤੇ ਮਾਦਾ ਲਾਈਨਾਂ
ਖੇਤ ਦਾ ਨਵੇਕਲਾਪਣ
ਝਾੜ ਵਧਾਉਣ ਲਈ ਸਹੀ ਅਨੁਪਾਤ ਦੀ ਜਾਣਕਾਰੀ
ਸਹੀ ਸਮੇਂ ਅਤੇ ਰੁੱਤ ਦੀ ਜਾਣਕਾਰੀ
ਉਚੇ ਮਿਆਰ ਦਾ ਦੋਗਲਾ ਬੀਜ ਪੈਦਾ ਕਰਨ ਲਈ ਸਹੀ ਜਾਣਕਾਰੀ

- Advertisement -

ਨਰ ਅਤੇ ਮਾਦਾ ਲਾਈਨਾਂ ਦਾ ਬੀਜ : ਨਰ ਅਤੇ ਮਾਦਾ ਲਾਈਨਾਂ ਦੇ ਬੀਜ, ਬਿਜਾਈ ਦਾ ਸਮਾਂ ਸ਼ੁਰੂ ਹੋਣ ਤੋਂ ਪਹਿਲਾਂ, ਸਹਿਯੋਗੀ ਨਿਰਦੇਸ਼ਕ, ਬੀਜ, ਪੰਜਾਬ ਐਗਰੀਕਲਚਰਲ ਯੂਨੀਵਰੀਸਟੀ, ਲੁਧਿਆਣਾ ਨੂੰ ਲਿਖਤੀ ਬੇਨਤੀ ਕਰਕੇ ਲਏ ਜਾ ਸਕਦੇ ਹਨ।

ਖੇਤ ਦਾ ਨਿਵੇਕਲਾਪਣ : ਮੱਕੀ ਦਾ ਇਕਹਿਰੇ ਮੇਲ ਦਾ ਦੋਗਲਾ ਬੀਜ ਉਤਪਾਦਨ ਕਰਨ ਲਈ ਨਿਵੇਕਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ। ਇਸ ਪਲਾਂਟ ਦੇ ਆਲੇ ਦੁਆਲੇ 200-300 ਮੀਟਰ ਦੀ ਦੂਰੀ ਤੱਕ ਮੱਕੀ ਦਾ ਕੋਈ ਦੂਜਾ ਖੇਤ ਨਹੀ ਹੋਣਾ ਚਾਹੀਦਾ ਜਾਂ ਫੇਰ ਸਮੇਂ ਦਾ ਫਾਸਲਾ ਦੂਜੀ ਮੱਕੀ ਨਾਲੋਂ ਘੱਟੋ-ਘੱਟ ਇੱਕ ਮਹੀਨਾ ਰੱਖ ਕੇ ਕੀਤੀ ਜਾ ਸਕਦੀ ਹੈ। ਜਾਂ ਫਿਰ ਬੂਰ ਝੜਣ ਅਤੇ ਵਾਲ ਨਿਕਲਣ ਦਾ ਸਮਾਂ ਮੱਕੀ ਦੇ ਦੂਜੇ ਪਲਾਂਟਾ ਨਾਲ ਮੇਲ ਨਾ ਖਾਵੇ। ਇਸ ਤਰਾਂ ਮੱਕੀ ਦਾ ਵਧੀਆ ਦੋਗਲਾ ਬੀਜ ਪੈਦਾ ਕੀਤਾ ਜਾ ਸਕਦਾ ਹੈ।

ਲਾਈਨਾਂ ਦਾ ਅਨੁਪਾਤ ਅਤੇ ਬੀਜ ਦੀ ਮਾਤਰਾ : ਨਰ ਅਤੇ ਮਾਦਾ ਲਾਈਨਾਂ ਦਾ ਅਨੁਪਾਤ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਨਰ ਲਾਈਨ ਉਤੋਂ ਬੂਰ ਕਿੰਨਾ ਅਤੇ ਕਿੰਨਾ ਸਮਾਂ ਝੜਦਾ ਹੈ। ਨਰ ਅਤੇ ਮਾਦਾ ਲਾਈਨਾਂ ਦੇ ਵਿਚਕਾਰ ਬੂਰ ਝੜਨ ਅਤੇ ਵਾਲ ਨਿਕਲਣ ਦੇ ਸਮੇਂ ਦਾ ਆਪਸ ਵਿਚ ਸਹੀ ਮੇਲ ਹੋਣਾ ਚਾਹੀਦਾ ਹੈ। ਇਹ ਵੇਰਵਾ ਸਾਰਣੀ ਨੰ. 1 ਵਿੱਚ ਦਿੱਤਾ ਗਿਆ ਹੈ।

ਬਾਬੂ ਝੰਡੇ ਕੱਢਣਾ : ਦੋਗਲੀ ਕਿਸਮ ਦਾ ਬੀਜ ਬਣਾਉਣ ਲਈ ਬਾਬੂ ਝੰਡੇ ਕੱਢਣ ਦੀ ਪ੍ਰਕ੍ਰਿਆ ਬਹੁਤ ਹੀ ਜ਼ਰੂਰੀ ਅਤੇ ਧਿਆਨ ਪੂਰਵਕ ਕਰਨ ਵਾਲੀ ਹੈ। ਮਾਦਾ ਕਤਾਰਾਂ ਵਿਚੋਂ ਪਰਾਗ ਕਣ ਝੜਨ ਤੋਂ ਪਹਿਲਾਂ ਬਾਬੂ ਝੰਡੇ ਕੱਢ ਦੇਣੇ ਚਾਹੀਦੇ ਹਨ। ਭਾਵੇਂ ਮੀਹ ਜਾਂ ਹਨੇਰੀ ਹੋਵੇ, ਮਾਦਾ ਲਾਈਨਾਂ ਵਿੱਚੋਂ ਬਾਬੂ ਝੰਡੇ ਹਰ ਰੋਜ਼ ਕੱਢੋ। ਇਹ ਕੰਮ ਲਗਭਗ 8-10 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਬੂ ਝੰਡੇ ਕੱਢਣ ਸਮੇਂ ਪੱਤੇ ਨਾ ਟੁੱਟਣ ਜਿਸ ਦਾ ਝਾੜ ਉਤੇ ਸਿੱਧੇ ਤੌਰ ਤੇ ਮਾੜਾ ਅਸਰ ਪੈਂਦਾ ਹੈ ।

ਓਪਰੇ ਬੂਟੇ ਕੱਢਣਾ : ਦੋਗਲੀਆਂ ਕਿਸਮਾਂ ਦੇ ਬੀਜ ਦੀ ਗੁਣਵੱਤਾ ਬਰਕਰਾਰ ਰੱਖਣ ਵਾਸਤੇ ਬੀਜ ਉਤਪਾਦਨ ਪਲਾਟ ਵਿੱਚੋਂ ਓਪਰੇ ਬੂਟੇ ਬੂਰ ਝਾੜਨ ਤੋਂ ਪਹਿਲਾਂ ਹੀ ਪੁੱਟ ਦਿਉ। ਪੂਰੀ ਫ਼ਸਲ ਦੇ ਸਮੇਂ ਦੌਰਾਨ ਤਿੰਨ ਵਾਰੀ :
ਓ .) ਬਿਜਾਈ ਤੋਂ 12-15 ਦਿਨਾਂ ਤੇ
ਅ.) ਜਦੋਂ ਫ਼ਸਲ ਗੋਡੇ ਜਿੰਨੀ ਹੋ ਜਾਵੇ ਅਤੇ
ਏ.) ਬੂਰ ਝੜਨ ਤੋਂ ਪਹਿਲਾਂ ਅਸ਼ੁੱਧ ਬੂਟੇ ਜ਼ਰੂਰ ਕੱਢਣੇ ਚਾਹੀਦੇ ਹਨ। ਓਪਰੇ ਦਿੱਸਣ ਵਾਲੇ ਸਾਰੇ ਬੂਟਿਆਂ ਨੂੰ ਪਹਿਚਾਣ ਕੇ ਤੁਰੰਤ ਕੱਢ ਦਿਉ ਤਾਂ ਕਿ ਵਧੀਆ ਅਤੇ ਸ਼ੁੱਧ ਦੋਗਲਾ ਬੀਜ ਪੈਦਾ ਕੀਤਾ ਜਾ ਸਕੇ।

- Advertisement -

ਦੋਗਲਾ ਬੀਜ ਪੈਦਾ ਉਨਤ ਕਰਨ ਦੀ ਤਕਨੀਕ :

ਬਿਜਾਈ ਦਾ ਸਮਾਂ : ਲੋੜ ਤੋਂ ਵੱਧ ਬਾਰਸ਼ਾਂ ਦੋਗਲੀਆਂ ਕਿਸਮਾਂ ਦੇ ਬੀਜ ਉਤਪਾਦਨ ਉਤੇ ਮਾੜਾ ਅਸਰ ਪਾਉਦੀਆਂ ਹਨ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੂਰ ਝੜਨ ਜਾਂ ਸੂਤ ਨਿਕਲਣ ਦਾ ਸਮਾਂ ਬਾਰਸ਼ ਨਾਲ ਮੇਲ ਨਾ ਖਾਵੇ।ਸਾਉਣੀ ਰੁੱਤ ਵਿਚ ਦੋਗਲੀਆਂ ਕਿਸਮਾਂ ਦਾ ਬੀਜ ਜੁਲਾਈ ਦੇ ਦੂਜੇ ਪੰਦਰਵਾੜੇ ਜਾਂ ਅਗਸਤ ਦੇ ਪਹਿਲੇ ਹਫ਼ਤੇ ਵਿਚ ਬੀਜਾਈ ਕਰਕੇ ਸਫ਼ਲਤਾ ਪੂਰਵਕ ਪੈਦਾ ਕੀਤਾ ਜਾ ਸਕਦਾ ਹੈ। ਇਸ ਸਮੇਂ ਬੀਜਾਈ ਕਰਨ ਨਾਲ ਪਰਾਗ ਕਣ ਵਰਖਾ ਦੇ ਪਾਣੀ ਨਾਲ ਬੇਕਾਰ ਹੋਣ ਤੋਂ ਬਚ ਜਾਂਦੇ ਹਨ।

ਬਿਜਾਈ ਦਾ ਢੰਗ : ਨਰ ਅਤੇ ਮਾਦਾ ਲਾਈਨਾਂ ਨੂੰ ਸ਼ਿਫ਼ਾਰਸ਼ ਕੀਤੇ ਸਹੀ ਅਨੁਪਾਤ ਅਨੁਸਾਰ ਖੇਤ ਵਿੱੱਚ ਵੱਟਾਂ ਉਤੇ ਬੀਜੋ। ਕਤਾਰਾਂ ਦੀ ਆਪਸ ਵਿਚ ਦੂਰੀ 60 ਸੈ.ਮੀ. ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 15 ਸੈ.ਮੀ. ਰੱਖਣਾ ਚਾਹੀਦਾ ਹੈ। ਇਹ ਜ਼ਰੁਰੀ ਹੈ ਕਿ ਬਿਜਾਈ ਤੋਂ ਪਹਿਲਾਂ ਨਰ ਅਤੇ ਮਾਦਾ ਲਾਈਨਾਂ ਦੀ ਪਹਿਚਾਣ ਵਾਸਤੇ ਕੋਈ ਨਿਸ਼ਾਨ ਲਗਾ ਲਿਆ ਜਾਵੇ।

ਖਾਦਾਂ ਦੀ ਵਰਤੋਂ : ਲਾਇਨਾਂ ਹੌਲੀ ਵਧਦੀਆਂ ਹਨ । ਜਿਸ ਕਰਕੇ ਇਨ੍ਹਾਂ ਨੂੰ ਛੇਤੀ ਅਤੇ ਜ਼ਿਆਦਾ ਮਾਤਰਾ ਵਿੱਚ ਖਾਦਾਂ ਦੀ ਲੋੜ ਪੈਂਦੀ ਹੈ। ਚੰਗੇਰਾ ਝਾੜ ਲੈਣ ਲਈ ਸਾਉਣੀ ਵਿਚ ਬੀਜ ਉਤਪਾਦਨ ਪਲਾਂਟ ਨੂੰ 75 ਕਿਲੋ ਨਾਇਟਰੋਜਨ (163 ਕਿਲੋ ਯੂਰੀਆ), 24 ਕਿਲੋ ਫਾਸਫੋਰਸ (55 ਕਿਲੋ ਡੀ ਏ ਪੀ) ਅਤੇ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਹੈ।

ਸਿੰਚਾਈ : ਖੇਤ ਨੂੰ ਪਾਣੀ ਜ਼ਮੀਨ ਅਤੇ ਬਾਰਿਸ਼ਾਂ ਅਨੁਸਾਰ ਜ਼ਰੂਰਤ ਮੁਤਾਬਿਕ ਹੀ ਲਾਉਣਾ ਚਾਹੀਦਾ ਹੈ। ਬੀਜ ਉਤਪਾਦਨ ਵਾਲੇ ਖੇਤ ਨੂੰ ਸੂਤ ਕੱਤਣ, ਬੂਰ ਅਤੇ ਬੀਜ ਪੈਣ ਵੇਲੇ ਪਾਣੀ ਦੀ ਘਾਟ ਨਹੀਂ ਲੱਗਣ ਦੇਣੀ ਚਾਹੀਦੀ। ਆਮ ਤੌਰ ਤੇ ਸਾਉਣੀ ਰੁੱਤ ਵਿੱਚ 4-6 ਪਾਣੀ ਦੀ ਲੋੜ ਹੁੰਦੀ ਹੈ। ਮੀਹਾਂ ਦੌਰਾਨ ਖੇਤ ਵਿੱਚੋਂ ਵਾਧੂ ਪਾਣੀ ਕੱਢਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਨਦੀਨਾਂ ਦੀ ਰੋਕਥਾਮ : ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿੱਚ ਐਟਰਾਟਾਫ਼ 50 ਡਬਲਯੂ ਪੀ (ਐਟਰਾਜੀਨ) 800 ਗ੍ਰਾਮ ਪ੍ਰਤੀ ਏਕੜ ਅਤੇ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਪ੍ਰਤੀ ਏਕੜ ਬਿਜਾਈ ਤੋਂ ਦਸ ਦਿਨਾਂ ਦੇ ਅੰਦਰ-ਅੰਦਰ 200 ਲਿਟਰ ਪਾਣੀ ਵਿੱਚ ਘੋਲ ਕੇ ਵਰਤੋਂ ਜਾਂ ਲੌਡਿਸ 420 ਐਸ ਸੀ (ਟੈਂਬੋਟਰਾਇਨ) 105 ਮਿਲੀਲਿਟਰ ਪ੍ਰਤੀ ਏਕੜ ਦਾ ਛਿੜਕਾਅ 150 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ 20 ਦਿਨਾਂ ਬਾਅਦ ਕਰੋ। ਇਸ ਤੋਂ ਇਲਾਵਾ, ਹੱਥ / ਟਰੈਕਟਰ ਨਾਲ ਗੋਡੀ ਕਰਕੇ ਨਦੀਨਾਂ ਉਤੇ ਸਫ਼ਲਤਾਪੂਰਵਕ ਕਾਬੂ ਪਾਇਆ ਜਾ ਸਕਦਾ ਹੈ।

ਮਿੱਟੀ ਲਾਉਣਾ : ਜਦੋਂ ਮੱਕੀ ਦੇ ਬੂਟਿਆਂ ਦੀ ਉਚਾਈ ਗੋਡੇ ਤੱਕ ਹੋ ਜਾਵੇ ਤਾਂ ਇਸ ਦੀ ਗੋਡੀ ਕਰਕੇ ਮਿੱਟੀ ਬੂਟਿਆਂ ਦੇ ਆਲੇ ਦੁਆਲੇ ਲਾ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਮਿੱਟੀ ਚੜ੍ਹਾਉਣ ਨਾਲ ਬੂਟਿਆਂ ਨੂੰ ਡਿੱਗਣ ਤੋਂ ਬਚਾਇਆ ਜਾ ਸਕਦਾ ਹੈ। ਮਿੱਟੀ ਚੜ੍ਹਾਉਣ ਤੋਂ ਇੱਕ ਦਿਨ ਪਹਿਲਾਂ ਨਾਈਟਰੋਜਨ ਖਾਦ ਪਾ ਕੇ ਗੋਡੀ ਕਰ ਦਿਉ।

ਮੱਕੀ ਦੀ ਕਟਾਈ ਅਤੇ ਛੜਾਈ : ਨਰ ਲਾਈਨ ਨੂੰ ਪਹਿਲਾਂ ਹੀ ਕੱਟ ਲਉ ਅਤੇ ਇਕ ਪਾਸੇ ਰੱਖ ਦਿਉ। ਸਿਰਫ ਮਾਦਾ ਕਤਾਰਾਂ ਵਿਚੋਂ ਲਿਆ ਗਿਆ ਬੀਜ ਹੀ ਦੋਗਲੇ ਬੀਜ ਦੇ ਤੌਰ ਤੇ ਵਰਤੋ। ਫ਼ਸਲ ਦੀ ਕਟਾਈ ਸਮੇਂ ਦਾਣਿਆਂ ਵਿਚ ਨਮੀਂ ਦੀ ਮਾਤਰਾ ਤਕਰੀਬਨ 20 ਪ੍ਰਤੀਸ਼ਤ ਹੋਣੀ ਚਾਹੀਦੀ ਹੈ। ਬੀਜ ਦੀ ਵਧੇਰੀ ਗੁਣਵਤਾ ਵਾਸਤੇ ਦਾਣੇ ਕੱਢਣ ਤੋਂ ਪਹਿਲਾਂ ਓਪਰੀਆਂ ਛੱਲੀਆਂ ਦੀ ਛਾਂਟੀ ਕਰ ਦਿਉ। ਮਾਦਾ ਲਾਈਨਾਂ ਦੀਆਂ ਛੱਲੀਆਂ ਦੇ ਦਾਣੇ ਨਰ ਲਾਈਨਾਂ ਨਾਲੋਂ ਪਹਿਲਾਂ ਕੱਢੋ ਤਾਂ ਕਿ ਇਹਨਾਂ ਦੇ ਬੀਜ ਆਪਸ ਵਿਚ ਮਿਲਣ ਦੀ ਸੰਭਾਵਨਾ ਨਾ ਰਹੇ।

ਦਾਣੇ ਕੱਢਣ ਤੋਂ ਬਾਅਦ ਬੀਜ ਦੀ ਤਿਆਰੀ

ਬੀਜ ਨੂੰ ਸੁਕਾਉਣਾ : ਬੀਜ ਜਾਂ ਛੱਲੀਆਂ ਨੂੰ 13-14 ਫੀਸਦੀ ਨਮੀ ਦੀ ਮਾਤਰਾ ਆਉਣ ਤੱਕ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਬੀਜ ਨੂੰ ਸੁਕਾ ਕੇ ਇਸ ਨੂੰ ਗੱਲਣ ਸੜਨ ਅਤੇ ਕੀੜਿਆਂ ਦੇ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਛੱਲੀਆਂ ਨੂੰ ਕੁਦਰਤੀ ਤੌਰ ਤੇ ਜਾਂ ਮਸ਼ੀਨਾਂ ਰਾਹੀਂ ਵੀ ਸੁਕਾਇਆ ਜਾ ਸਕਦਾ ਹੈ।ਬੀਜ ਨੂੰ ਸੀਮੈਂਟ ਦੇ ਗਰਮ ਫਰਸ਼ ਉਤੇ ਨਹੀਂ ਸੁਕਾਉਣਾ ਚਾਹੀਦਾ ਕਿਉਂਕਿ ਤਾਪਮਾਨ ਜ਼ਿਆਦਾ ਹੋਣ ਕਰਕੇ ਬੀਜ ਦੀ ਉਗਣ ਸ਼ਕਤੀ ਤੇ ਮਾੜਾ ਅਸਰ ਪੈ ਸਕਦਾ ਹੈ।ਬੀਜ ਸੁਕਾਉਣ ਲਈ ਬਾਜ਼ਾਰ ਵਿਚ ਡਰਾਇਅਰ ਮੌਜੂਦ ਹਨ, ਜੋ ਕਿ ਨਮੀ ਨੂੰ 8-10 ਘੰਟਿਆਂ ਵਿੱਚ 25 ਤੋਂ 15 ਪ੍ਰਤੀਸ਼ਤ ਕਰ ਦਿੰਦੇ ਹਨ।

ਬੀਜ ਦੀ ਸਫ਼ਾਈ ਅਤੇ ਦਰਜਾਬੰਦੀ-ਦੋਗਲੀਆਂ ਕਿਸਮਾਂ ਦੇ ਬੀਜ ਉਤਪਾਦਨ ਵਿਚ ਬੀਜ ਦੀ ਸਫ਼ਾਈ ਅਤੇ ਦਰਜਾਬੰਦੀ ਦੀ ਇੱਕ ਖਾਸ ਅਹਮੀਅਤ ਹੈ।ਬੀਜ ਦੀ ਸਫ਼ਾਈ ਤੋਂ ਭਾਵ ਬੀਜ ਵਿਚੋਂ ਫ਼ਾਲਤੂ ਦੇ ਕਣ, ਨਦੀਨਾਂ ਦੇ ਬੀਜ ਅਤੇ ਦੂਸਰੀਆਂ ਫ਼ਸਲਾਂ ਦੇ ਬੀਜ ਨੂੰ ਅਲੱਗ ਕਰਨਾ ਅਤੇ ਦਰਜਾਬੰਦੀ ਤੋਂ ਭਾਵ ਬੀਜ ਵਿਚੋਂ ਛੋਟੇ ਅਤੇ ਸੁੰਗੜੇ ਹੋਏ ਦਾਣੇ ਕੱਢਣਾ ਹੈ। ਦਰਜਾਬੰਦੀ ਬੀਜ ਦੇ ਜੰਮ ਦਾ ਅਨੁਪਾਤ ਵਧਾਉਂਦੀ ਹੈ।

ਬੀਜ ਦਾ ਭੰਡਾਰਨ ਅਤੇ ਮੰਡੀਕਰਨ : ਬੀਜ ਨੂੰ ਭੰਡਾਰ ਕਰਨ ਤੋਂ ਪਹਿਲਾਂ 12% ਫੀਸਦੀ ਨਮੀ ਦੀ ਮਾਤਰਾ ਤੱਕ ਸੁਕਾ ਲੈਣਾ ਚਾਹੀਦਾ ਹੈ। ਭੰਡਾਰਨ ਵਿਚ ਨੁਕਸਾਨ ਕਰਨ ਵਾਲੇ ਕੀੜਿਆਂ ਅਤੇ ਮਕੌੜਿਆਂ ਤੋਂ ਬਚਾਉਣ ਦੇ ਵਾਸਤੇ ਬੀਜ ਨੂੰ ਸਿਫਾਰਸ਼ ਕੀਤੇ ਕੀਟ ਨਾਸ਼ਕ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ ਠੰਢੇ ਅਤੇ ਨਮੀ ਰਹਿਤ ਭੰਡਾਰ ਵਿਚ ਰੱਖਣਾ ਇਸ ਦੀ ਉਗਣ ਸ਼ਕਤੀ ਨੂੰ ਬਰਕਰਾਰ ਰੱਖਣ ਵਿਚ ਸਹਾਈ ਹੁੰਦਾ ਹੈ। ਬੀਜ ਦਾ ਮੰਡੀਕਰਨ ਬੀਜ ਦੇ ਸਹੀ ਮਿਆਰ ਅਤੇ ਬੀਜ ਸਬੰਧੀ ਕਾਨੂੰਨ ਦੇ ਅਨੁਸਾਰ ਹੀ ਕਰਨਾ ਚਾਹੀਦਾ ਹੈ।

ਸੰਪਰਕ: 98726-60990

Share this Article
Leave a comment