ਪੰਜਾਬ ਦਾ ਧਰਤੀ ਹੇਠਲਾ ਪਾਣੀ ਕਿੰਨਾ ਕੁ ਪੀਣਯੋਗ ਹੈ

TeamGlobalPunjab
3 Min Read

ਪੰਜਾਬ ਦਾ ਗੰਧਲਾ ਹੋ ਰਿਹਾ ਧਰਤੀ ਹੇਠਲਾ ਪਾਣੀ ਖ਼ਤਰੇ ਦੀ ਘੰਟੀ ਹੈ। ਮਾਝਾ, ਮਾਲਵਾ ਅਤੇ ਦੋਆਬਾ ਖੇਤਰ ਦੇ ਪਾਣੀ ਵਿੱਚ ਧਾਤਾਂ ਰਲਣ ਕਾਰਨ ਇਹ ਪੀਣਯੋਗ ਨਹੀਂ ਰਹਿ ਰਿਹਾ। ਜਿਥੇ ਮਾਝਾ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਅਰਸੇਨਿਕ ਹੈ, ਉਥੇ ਦੋਆਬਾ ਤੇ ਮਾਲਵਾ ਦੇ ਪਾਣੀ ਵਿੱਚ ਸੀਲੇਨੀਅਮ ਅਤੇ ਯੂਰੇਨੀਅਮ ਦੇ ਵਧੇਰੇ ਤੱਤ ਮਿਲ ਰਹੇ ਹਨ। ਰਿਪੋਰਟਾਂ ਮੁਤਾਬਿਕ ਇਕ ਮਾਹਿਰ ਹਰਦੇਵ ਸਿੰਘ ਵਿਰਕ ਵਲੋਂ ਕੀਤੀ ਗਈ ਖੋਜ ਅਨੁਸਾਰ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਹੋਰ ਧਾਤਾਂ ਵਧੇਰੇ ਮਾਤਰਾ ‘ਚ ਰਲਣ ਕਾਰਨ ਮਨੁੱਖੀ ਸਿਹਤ ਵਾਸਤੇ ਬੇਹੱਦ ਖ਼ਤਰਨਾਕ ਹੈ। ਇਹ ਸਿੱਟੇ ਪੰਜਾਬ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਵਿਭਾਗ ਵਲੋਂ 2,080 ਥਾਵਾਂ ਤੋਂ ਲਏ ਗਏ ਸੈਪਲਾਂ ‘ਤੇ ਅਧਾਰਤ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪੰਜਾਬ ਦੇ ਇਹਨਾਂ ਖੇਤਰਾਂ ਦਾ ਪਾਣੀ ਸਿਹਤ ਲਈ ਠੀਕ ਨਹੀਂ ਹੈ।

ਪੰਜਾਬ ਦੇ ਮਾਝਾ ਖੇਤਰ ‘ਚ ਅੰਮ੍ਰਿਤਸਰ ਦੇ 504 ਥਾਵਾਂ ਤੋਂ ਜਾਣਕਾਰੀ ਲਈ ਗਈ ਜਿਥੇ ਬਹੁਤਾ ਪਾਣੀ ਟਿਊਬੈੱਲਾਂ ਰਾਹੀਂ ਸਪਲਾਈ ਹੁੰਦਾ ਹੈ। ਗੁਰਦਸਪੁਰ ਦੇ 324 ਅਤੇ ਤਰਨ ਤਾਰਨ ਦੇ 322 ਟਿਊਬੈੱਲਾਂ ਦਾ ਪਾਣੀ ਲੈ ਕੇ ਸੈਂਪਲ ਲਏ ਗਏ। ਖੋਜ ਵਿੱਚ ਸਾਹਮਣੇ ਆਇਆ ਕਿ ਪੀਣ ਵਾਲੇ ਪਾਣੀ ਵਿੱਚ ਆਰਸੈਨਿਕ ਦੀ ਵਧੇਰੇ ਮਾਤਰਾ ਹੋਣ ਨਾਲ ਕੈਂਸਰ ਦਾ ਖ਼ਤਰਾ ਹੁੰਦਾ ਹੈ।

ਰਿਪੋਰਟਾਂ ਅਨੁਸਾਰ ਧਰਤੀ ਹੇਠਲੇ ਪਾਣੀ ਵਿੱਚ ਸਭ ਤੋਂ ਵੱਧ ਯੂਰੇਨੀਅਮ ਮਾਲਵੇ ਦੇ ਤਿੰਨ ਜ਼ਿਲਿਆਂ ਫਾਜ਼ਿਲਕਾ 217 ਪੀਪੀ, ਮੋਗਾ 203 ਅਤੇ ਫਿਰੋਜ਼ਪੁਰ ਵਿੱਚ 139 ਹੈ ਜਦਕਿ ਇਸ ਦੀ ਮਾਤਰਾ 30ਪੀਪੀਬੀ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਜਿਹਨਾਂ ਜ਼ਿਲਿਆਂ ਦੇ ਧਰਤੀ ਹੇਠਲੇ ਪਾਣੀ ਵਿੱਚ ਸਿਲੇਨੀਅਮ ਦੀ ਮਾਤਰਾ ਹੈ ਉਹਨਾਂ ਵਿੱਚ ਜਲੰਧਰ ਚ 105, ਲੁਧਿਆਣਾ ਵਿੱਚ 80 ਅਤੇ ਕਪੂਰਥਲਾ ਦੇ ਪਾਣੀ ਵਿੱਚ 30 ਐੱਮਜੀ (ਘੱਟ ਤੋਂ ਘੱਟ ਮਾਤਰਾ 0.01 ਐੱਮ ਜੀ /1) ਹੁੰਦੀ ਹੈ। ਆਰਸੈਨਿਕ ਨਾਲ ਗੰਧਲੇ ਹੋਏ ਪਾਣੀ ਦੀ ਮਾਰ ਹੇਠ ਆਏ ਜ਼ਿਲਿਆਂ ਵਿੱਚ ਅੰਮ੍ਰਿਤਸਰ ‘ਚ 5044, ਗੁਰਦਸਪੂਰ 324 ਅਤੇ ਤਰਨ ਤਾਰਨ ਦੇ ਪਾਣੀ ਵਿੱਚ 322 ਤਕ ਗੰਧਲਾਪਨ ਹੈ (ਪੀਣਯੋਗ ਪਾਣੀ ਵਿੱਚ 0.01ਐੱਮਜੀ/1) ਮਾਤਰਾ ਹੋਣੀ ਚਾਹੀਦੀ ਹੈ। ਪੀਣ ਵਾਲੇ ਪਾਣੀ ਵਿੱਚ ਇਹਨਾਂ ਧਾਤਾਂ ਦੇ ਮਿਲਣ ਨਾਲ ਮਨੁੱਖੀ ਸਿਹਤ ਨੂੰ ਬਲੱਡ ਪ੍ਰੈਸ਼ਰ, ਡਾਇਰੀਆ, ਪੇਟ ਦਰਦ, ਵਾਲ ਝੜਨ ਵਰਗੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ। ਧਰਤੀ ਹੇਠਲਾ  ਪਾਣੀ ਜਿਸ ਕਦਰ ਖ਼ਤਰਨਾਕ ਹੋ ਰਿਹਾ ਹੈ ਇਸ ਤੋਂ ਲੱਗਦਾ ਕਿ ਫ਼ਸਲਾਂ ਦਾ ਪੈਟਰਨ ਵੀ ਬਦਲਣਾ ਪਵੇਗਾ। ਇਸ ਖ਼ਤਰੇ ਨਾਲ ਸਿੱਝਣ ਲਈ ਛੇਤੀ ਤੋਂ ਛੇਤੀ ਯੋਜਨਾ ਤਿਆਰ ਕਰਨ ਦੀ ਲੋੜ ਹੈ।

ਅਵਤਾਰ ਸਿੰਘ

- Advertisement -

-ਸੀਨੀਅਰ ਪੱਤਰਕਾਰ

Share this Article
Leave a comment