ਕੈਨੇਡਾ ਵਿਚ ਪੰਜਾਬੀਆਂ ਨੂੰ ਦਾਖਲ ਨਾ ਹੋਣ ਦੇਣ ‘ਤੇ ਕਿਸ ਨੇ ਝੱਲੇ ਤਸ਼ੱਦਦ – ਜਾਣੋ ਇਤਿਹਾਸਕ ਤੱਥ

TeamGlobalPunjab
3 Min Read

-ਅਵਤਾਰ ਸਿੰਘ

ਬਾਬਾ ਗੁਰਦਿਤ ਸਿੰਘ ਦਾ ਜਨਮ ਭਾਈ ਹੁਕਮ ਸਿੰਘ ਦੇ ਘਰ ਪਿੰਡ ਸਰਹਾਲੀ ਕਲਾਂ (ਵੱਡੀ ਸਰਹਾਲੀ) ਜ਼ਿਲਾ ਤਰਨ ਤਾਰਨ ਵਿੱਚ 25-8-1860 ਈ: ਨੂੰ ਹੋਇਆ। ਉਨ੍ਹਾਂ ਦੇ ਪਿਤਾ ਇਕ ਵਾਰ ਇਥੇ ਫਸਲ ਚੰਗੀ ਨਾ ਹੋਣ ਕਰਕੇ ਮਲਾਇਆ ਚਲੇ ਗਏ। ਉਥੋਂ ਸੱਤ ਸਾਲ ਬਾਅਦ ਚੰਗੀ ਕਮਾਈ ਕਰਕੇ ਪਿੰਡ ਆ ਗਏ।

ਬਾਬਾ ਗੁਰਦਿਤ ਸਿੰਘ ਵੀ ਕੰਮ ਦੀ ਭਾਲ ਵਿੱਚ 1894 ਨੂੰ ਮਲਾਇਆ ਚਲੇ ਗਏ। ਉਥੇ ਇਕ ਚੀਨੀ ਮਾਲਕ ਕੋਲ ਕੰਮ ਕਰਨ ਲਗੇ। ਪੈਸੇ ਇਕਠੇ ਹੋਣ ‘ਤੇ ਖੁਦ ਠੇਕੇ ਲੈ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਕ ਵਾਰ ਠੇਕੇਦਾਰੀ ਦੇ ਕੰਮ ਲਈ ਸਿੰਗਾਪੁਰ ਗਏ ਤਾਂ ਉਥੇ ਗੁਰਦੁਆਰੇ ਵਿੱਚ ਬਹੁਤ ਸਾਰੇ ਪੰਜਾਬੀ ਮਿਲੇ ਜਿਹੜੇ ਕੈਨੇਡਾ ਜਾਣ ਵਾਸਤੇ ਰੁਕੇ ਹੋਏ ਸਨ। ਉਥੇ ਭਾਈ ਬਲਵੰਤ ਸਿੰਘ ਮੁਰਾਦਪੁਰ ਨਾਲ ਵੀ ਮੁਲਾਕਾਤ ਹੋਈ ਜੋ ਪਰਵਾਸੀਆਂ ਦੀਆਂ ਤਕਲੀਫਾਂ ਲੈ ਕੇ ਹਿੰਦੋਸਤਾਨ ਆਇਆ ਸੀ ਪਰ ਕੁਝ ਨਾ ਬਣਦਾ ਵੇਖ ਕੇ ਵਾਪਸ ਕੈਨੇਡਾ ਜਾ ਰਿਹਾ ਸੀ।

ਬਾਬਾ ਜੀ ਨੇ ਉਨ੍ਹਾਂ ਨਾਲ ਸਲਾਹ ਕਰਕੇ ਕਾਮਾਗਾਟਾ ਮਾਰੂ ਜਹਾਜ਼ ਜਪਾਨੀ ਕੰਪਨੀ ਤੋਂ ਕਿਰਾਏ ਲਿਆ ਸੀ। ਕੈਨੇਡਾ ਵਿਚ ਦਾਖਲ ਨਾ ਹੋਣ ‘ਤੇ ਵਾਪਸ ਕਲਕੱਤਾ ਦੀ ਬੰਦਰਗਾਹ ਉਪਰ ਬਾਬਾ ਜੀ ਸਮੇਤ ਸਾਰਿਆਂ ਦੀ ਗ੍ਰਿਫਤਾਰੀ ਸਮੇਂ ਬਜਬਜ ਘਾਟ ਵਿਖੇ ਵਾਪਰੇ ਸਾਕੇ ਦੌਰਾਨ ਹਨੇਰੇ ਵਿਚ ਬਚ ਨਿਕਲੇ ਸਨ।ਸੱਤ ਸਾਲ ਗੁਪਤਵਾਸ ਰਹੇ ਤੇ ਬਹੁਤ ਤਕਲੀਫਾਂ ਝੱਲੀਆਂ।

- Advertisement -

5 ਨਵੰਬਰ 1921 ਨੂੰ ਦਿੱਲੀ ਵਿੱਚ ਕਾਂਗਰਸ ਦੇ ਸਰਬ ਹਿੰਦ ਇਜਲਾਸ ਵਿੱਚ ਡੈਲੀਗੇਟ ਬਣ ਕੇ ਸ਼ਾਮਲ ਹੋਏ। ਮਹਾਤਮਾ ਗਾਂਧੀ ਦੇ ਕਹਿਣ ‘ਤੇ 15 ਨਵੰਬਰ 1921 ਨੂੰ ਨਨਕਾਣਾ ਸਾਹਿਬ ਦੇ ਇਕ ਪਬਲਿਕ ਇਜਲਾਸ ਵਿੱਚ ਭਾਸ਼ਣ ਕਰਨ ਤੋਂ ਬਾਅਦ ਆਪਣੇ ਆਪ ਨੂੰ ਸਰਕਾਰ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਖਿਲਾਫ ਕੋਈ ਸਬੂਤ ਨਾ ਹੋਣ ‘ਤੇ ਸਾਢੇ ਤਿੰਨ ਮਹੀਨੇ ਬਾਅਦ ਰਿਹਾਅ ਕਰ ਦਿੱਤਾ ਗਿਆ। ਉਨ੍ਹਾਂ ਨੇ 28 ਫਰਵਰੀ 1922 ਨੂੰ ਆਪਣੇ ਸਵਾਗਤੀ ਜਲੂਸ ਵਿੱਚ ਜਜਬਾਤੀ ਤਕਰੀਰ ਕੀਤੀ ਤਾਂ ਸਰਕਾਰ ਨੇ ਉਹਨਾਂ ਖਿਲਾਫ ਮੁਕੱਦਮਾ ਚਲਾ ਕੇ ਪੰਜ ਸਾਲ ਦੀ ਸਜ਼ਾ ਸੁਣਾ ਦਿਤੀ ਤੇ 26-7-1926 ਨੂੰ ਰਿਹਾਅ ਹੋਏ। 1931 ਵਿਚ ਵੀ ਪੰਜ ਮਹੀਨੇ ਦੀ ਸਜ਼ਾ ਹੋਈ।

ਕਲਕੱਤਾ, ਅਲੀਪੁਰ ਤੇ ਪਰੈਜੀਡੈਂਸੀ ਜੇਲ੍ਹ ਵਿੱਚ ਨਜ਼ਰਬੰਦ ਰਹੇ। 1947 ਤਕ ਸਰਕਾਰ ਖਿਲਾਫ ਲੜਦੇ ਰਹੇ। ਆਜ਼ਾਦੀ ਤੋਂ ਬਾਅਦ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੂੰ ਕਹਿ ਕੇ ਬਜਬਜ ਘਾਟ ‘ਤੇ ਸ਼ਹੀਦਾਂ ਦੀ ਯਾਦਗਾਰ ਬਣਵਾਈ ਜਿਸ ਦਾ ਉਦਘਾਟਨ 1952 ਵਿੱਚ ਜਵਾਹਰ ਲਾਲ ਨਹਿਰੂ ਤੋਂ ਕਰਵਾਇਆ।

24 ਜੁਲਾਈ 1954 ਨੂੰ ਅੰਮਿ੍ਤਸਰ ਵਿਖੇ ਆਪਣੇ ਵਾਕਫ ਦੇ ਘਰ ਬਿਮਾਰ ਹੋਣ ‘ਤੇ ਇਲਾਜ ਕਰਦੇ ਸਮੇਂ ਸਦਾ ਲਈ ਵਿਛੋੜਾ ਦੇ ਗਏ। ਉਨ੍ਹਾਂ ਦੀ ਦੇਹ ਨੂੰ ਅੰਮਿ੍ਤਸਰ ਵਿਚੋਂ ਜਲੂਸ ਦੀ ਸ਼ਕਲ ਵਿਚ ਸਰਹਾਲੀ ਲਿਆ ਕੇ ਬਾਬਾ ਰਾਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਥੇ ਉਨ੍ਹਾਂ ਦਾ ਅੰਗੀਠਾ ਸਾਹਿਬ ਬਣਿਆ ਹੋਇਆ ਹੈ। ਹਰ ਸਾਲ ਪਿੰਡ ਨਿਵਾਸੀਆਂ ਵਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕੀਤੇ ਜਾਂਦੇ ਹਨ।

Share this Article
Leave a comment