-ਜਗਤਾਰ ਸਿੰਘ ਸਿੱਧੂ
ਪੰਜਾਬ ‘ਚ ਹਾਕਮ ਧਿਰ ਕਾਂਗਰਸ ਪਾਰਟੀ ਦੀ ਲੜਾਈ ਬਹੁਤ ਹੀ ਦਿਲਚਸਪ ਮੋੜ ‘ਤੇ ਪੁੱਜ ਗਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਦਿਨ ਪਹਿਲਾਂ ਲੰਚ ਡਿਪਲੋਮੇਸੀ ਦਾ ਪੱਤਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਖੇਡਣ ਦੀ ਵੀ ਕੋਸ਼ਿਸ਼ ਕੀਤੀ ਪਰ ਉਲਟਾ ਮਨਪ੍ਰੀਤ ਸਿੰਘ ਬਾਦਲ ਅਤੇ ਚੰਨੀ ਨੇ ਮਾਮਲੇ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਉੱਪਰ ਹੀ ਪਾ ਦਿੱਤੀ। ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਦੋਹਾਂ ਮੰਤਰੀਆਂ ਨੇ ਕਿਹਾ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹਟਾਉਣ ਦੀ ਮੰਗ ਮੰਤਰੀ ਮੰਡਲ ਦੇ ਮੈਂਬਰਾਂ ਨੇ ਮਤਾ ਪਾਸ ਕਰਕੇ ਸਮੂਹਿਕ ਰੂਪ ‘ਚ ਕੀਤੀ ਸੀ। ਇਸ ਤਰ੍ਹਾਂ ਮੁੱਖ ਮੰਤਰੀ ਇਕੱਲੇ-ਇਕੱਲੇ ਮੰਤਰੀਆਂ ਨਾਲ ਮੀਟਿੰਗ ਕਰਕੇ ਫੈਸਲਾ ਨਹੀਂ ਲੈ ਸਕਦੇ। ਇਨ੍ਹਾਂ ਦੋਹਾਂ ਮੰਤਰੀਆਂ ਨੇ ਕਿਹਾ ਕਿ ਇਸ ਬਾਰੇ ਕੋਈ ਵੀ ਫੈਸਲਾ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਹੀ ਲਿਆ ਜਾਵੇ। ਇਹ ਸੁਨੇਹਾ ਦੇ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਆਪ ਨੂੰ ਘੱਟੋ ਘੱਟ ਅਲੱਗ ਥਲੱਗ ਪੈਣ ਤੋਂ ਬਚਾ ਲਿਆ। ਉਂਝ ਹੀ ਸੂਬੇ ਦੇ ਲੋਕਾਂ ਪ੍ਰਤੀ ਸਾਂਝੀ ਜ਼ਿੰਮੇਵਾਰੀ ਮੰਤਰੀ ਮੰਡਲ ਦੀ ਹੁੰਦੀ ਹੈ। ਰਾਜਸੀ ਮਾਹਿਰਾਂ ਅਨੁਸਾਰ ਹੁਣ ਇਸ ਤਰ੍ਹਾਂ ਮੁੱਖ ਸਕੱਤਰ ਦੇ ਮਾਮਲੇ ਨੂੰ ਲੈ ਕੇ ਮੰਤਰੀ ਮੰਡਲ ਹੀ ਪੰਜਾਬ ਦੇ ਲੋਕਾਂ ਅੱਗੇ ਜੁਆਬਦੇਹ ਹੋਵੇਗਾ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਸ਼ਰਾਬ ਦੀ ਤਸਕਰੀ ਨੂੰ ਨੱਥ ਪਾਉਣ ਲਈ ਕਾਰਪੋਰੇਸ਼ਨ ਬਨਾਉਣ ਦਾ ਸੁਝਾਅ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਦੀ ਕਾਰਜਸ਼ੈਲੀ ‘ਤੇ ਵੀ ਸਵਾਲ ਉਠਾਏ ਸਨ। ਪਰ ਨਵਜੋਤ ਸਿੰਘ ਸਿੱਧੂ ਇਨ੍ਹਾਂ ਮਾਮਲਿਆਂ ਵਿੱਚ ਅਲੱਗ ਥਲੱਗ ਪੈ ਗਏ।
ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਸਿੱਧੂ ਦੀ ਕੋਸ਼ਿਸ਼ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨਾਲ ਜੋੜ ਕੇ ਪੇਸ਼ ਕੀਤਾ। ਦੂਜੇ ਪਾਸੇ ਭਾਜਪਾ ਅਤੇ ਅਕਾਲੀ ਦਲ ਨੇ ਵੀ ਸਥਿਤੀ ਦਾ ਫਾਇਦਾ ਉਠਾ ਕੇ ਨਵਜੋਤ ਸਿੰਘ ਸਿੱਧੂ ਨੂੰ ਲੰਮੇ ਰਗੜੇ ਲਾਏ। ਸਥਿਤੀ ਇਹ ਬਣ ਗਈ ਕਿ ਨਵਜੋਤ ਸਿੰਘ ਸਿੱਧੂ ਵਜ਼ਾਰਤ ਤੋਂ ਅਸਤੀਫਾ ਦੇ ਕੇ ਘਰ ਬੈਠ ਗਿਆ। ਕਾਂਗਰਸ ਦੇ ਅੰਦਰ ਕੁਝ ਲੋਕਾਂ ਨੇ ਵੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਇਸ ਮੁੱਦੇ ‘ਤੇ ਬੋਲਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਸਕੱਤਰ ਦੇ ਮਾਮਲੇ ‘ਚ ਪਹਿਲਾਂ ਤਿੰਨ ਮੰਤਰੀਆਂ ਨੂੰ ਨਾਲ ਲੈ ਕੇ ਮੁੱਖ ਸਕੱਤਰ ਨਾਲ ਕੋਰੋਨਾ ਵਾਇਰਸ ਦੇ ਮਾਮਲੇ ‘ਤੇ ਮੀਟਿੰਗ ਕੀਤੀ। ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਐੱਮਐੱਲਏ ਪਰਗਟ ਸਿੰਘ, ਐੱਮਐੱਲਏ ਰਾਜਾ ਵੜਿੰਗ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨਾਲ ਮੀਟਿੰਗ ਕੀਤੀ। ਉਨ੍ਹਾਂ ਨੇ ਆਪੋ ਆਪਣੇ ਢੰਗ ਨਾਲ ਕਰਨ ਅਵਤਾਰ, ਮੁੱਖ ਸਕੱਤਰ ਦੇ ਮਾਮਲੇ ‘ਚ ਕਾਰਵਾਈ ਕਰਨ ਦੀ ਸਲਾਹ ਦਿੱਤੀ। ਪੰਜਾਬ ਨਾਲ ਜੁੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਟ੍ਰਾਂਸਪੋਰਟ, ਰੇਤਾ ਬਜਰੀ ਅਤੇ ਬਿਜਲੀ ਸਮਝੌਤੇ ਵਰਗੇ ਮੁੱਦੇ ਵੀ ਉਠਾਏ। ਮੁੱਖ ਮੰਤਰੀ ਨੇ ਉਸ ਮੀਟਿੰਗ ਵਿੱਚ ਸੁਣਿਆ ਅਤੇ ਅਧਿਕਾਰੀਆਂ ਵੱਲੋਂ ਵਿਭਾਗਾਂ ਬਾਰੇ ਮੰਗੀ ਜਾਣਕਾਰੀ ਵੀ ਦਿੱਤੀ। ਇਸ ਤੋਂ ਅੱਗੇ ਮਾਮਲਾ ਕਿਸੇ ਸਿਰੇ ਨਾਲ ਲੱਗਾ। ਹੁਣ ਆਖਰੀ ਗੇੜ ਦੀ ਮਨਪ੍ਰੀਤ ਬਾਦਲ ਅਤੇ ਚੰਨੀ ਨਾਲ ਹੋਈ ਮੀਟਿੰਗ ਵਿੱਚ ਆਬਕਾਰੀ ਦੇ ਘਾਟੇ ਬਾਰੇ ਅਤੇ ਮੁੱਖ ਸਕੱਤਰ ਨੂੰ ਹਟਾਉਣ ਬਾਰੇ ਤਾਂ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਪਰ ਇਸ ਮੀਟਿੰਗ ਨੇ ਇਹ ਮਾਮਲਾ ਕਿਸੇ ਇੱਕ ਮੰਤਰੀ ਜਾਂ ਵਿਧਾਇਕ ਨਾਲ ਜੋੜਨ ਦੀ ਥਾਂ ਪੂਰੀ ਕੈਬਨਿਟ ਦਾ ਬਣਾ ਦਿੱਤਾ। ਇਸ ਦਾ ਨਤੀਜਾ ਇਹ ਵੀ ਹੋਇਆ ਕਿ ਜਿਹੜੇ ਮੰਤਰੀ ਜਾਂ ਵਿਧਾਇਕ ਮੁੱਖ ਮੰਤਰੀ ਕੋਲ ਹੋਰ ਬੋਲੀ ਬੋਲਦੇ ਸਨ ਅਤੇ ਬਾਹਰ ਆਪਣੇ ਸਾਥੀਆਂ ਕੋਲ ਹੋਰ ਬੋਲੀ ਬੋਲਦੇ ਸਨ, ਹੁਣ ਮੰਤਰੀ ਮੰਡਲ ਦੀ ਆਉਣ ਵਾਲੀ ਮੀਟਿੰਗ ਵਿੱਚ ਸਥਿਤੀ ਸਪਸ਼ਟ ਹੋ ਜਾਵੇਗੀ। ਇਹ ਵੀ ਕਿਹਾ ਜਾਂਦਾ ਹੈ ਕਿ ਮਨਪ੍ਰੀਤ ਬਾਦਲ ਨੇ ਭਾਵੁਕ ਹੋ ਕੇ ਕੋਈ ਅਜਿਹਾ ਬਿਆਨ ਵੀ ਨਹੀਂ ਦਿੱਤਾ ਜਿਹੜਾ ਕਿ ਉਸ ਨੂੰ ਸਾਂਝੀ ਜ਼ਿੰਮੇਵਾਰੀ ਤੋਂ ਪਾਸੇ ਕਰਦਾ ਹੋਵੇ। ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਆਪਣੇ ਤਾਇਆ ਜੀ ਪ੍ਰਕਾਸ਼ ਸਿੰਘ ਬਾਦਲ ਅਤੇ ਪਿਤਾ ਗੁਰਦਾਸ ਸਿੰਘ ਬਾਦਲ ਦੀ ਰਾਜਸੀ ਯੂਨੀਵਰਸਿਟੀ ਦਾ ਪੜ੍ਹਿਆ ਅਤੇ ਹੰਢਿਆ ਹੋਇਆ ਵਿਦਿਆਰਥੀ ਹੈ। ਇਸੇ ਲਈ ਉਹ ਮੁੱਖ ਮੰਤਰੀ ਦੀ ਲੰਚ ਡਿਪਲੋਮੇਸੀ ਵਿਚੋਂ ਵੀ ਬਾਹਰ ਨਿਕਲ ਗਿਆ ਅਤੇ ਆਪਣਾ ਸਟੈਂਡ ਵੀ ਸਪਸ਼ਟ ਕਰ ਦਿੱਤਾ। ਦੇਸ਼ ਵਿੱਚ ਪੰਜਾਬ ਅੰਦਰ ਵਿਰੋਧੀ ਧਿਰ ਦੀ ਸਰਕਾਰ ਹੋਣ ਕਾਰਨ ਕੌਮੀ ਪੱਧਰ ਦੀਆਂ ਪ੍ਰਸਥਿਤੀਆਂ ਵੀ ਵੱਖਰੀਆਂ ਹਨ। ਜਿੱਥੇ ਕੌਮੀ ਪੱਧਰ ‘ਤੇ ਕਾਂਗਰਸ ਲਈ ਮੁਸ਼ਕਲ ਦਾ ਸਮਾਂ ਹੈ ਉੱਥੇ ਸੂਬਿਆਂ ਦੀਆਂ ਵਿਰੋਧੀ ਸਰਕਾਰਾਂ ਵੀ ਭਾਜਪਾ ਦੇ ਨਿਸ਼ਾਨੇ ‘ਤੇ ਹਨ। ਅਜਿਹੀ ਹਾਲਤ ਵਿੱਚ ਪੰਜਾਬ ਦੀ ਹਾਕਮ ਧਿਰ ਅੰਦਰ ਵਿਰੋਧ ਵੀ ਤਲਵਾਰ ਦੀ ਧਾਰ ‘ਤੇ ਤੁਰਨ ਦੇ ਬਰਾਬਰ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਲਈ ਵੀ ਇਹ ਪਰਖ ਦੀ ਘੜੀ ਹੈ ਕਿ ਆਪਣੀ ਸਰਕਾਰ ਨੂੰ ਕਿਸੇ ਵੀ ਮੁਸ਼ਕਲ ਤੋਂ ਕਿਵੇਂ ਬਚਾ ਕੇ ਰੱਖਦੇ ਹਨ?
ਸੰਪਰਕ : 98140-02186