ਅਵਤਾਰ ਸਿੰਘ
ਪਰਿੰਦੇ ਆਜ਼ਾਦ ਹੁੰਦੇ ਹਨ। ਉਨ੍ਹਾਂ ਦਾ ਕੋਈ ਮਜ਼੍ਹਬ, ਜਾਤ, ਕੌਮ ਅਤੇ ਦੇਸ਼ ਨਹੀਂ ਹੁੰਦਾ। ਉਨ੍ਹਾਂ ਦੀ ਪਰਵਾਜ਼ ਮੁਲਕਾਂ ਦੀਆਂ ਬੰਦਸ਼ਾਂ ਵੀ ਤੋੜ ਦਿੰਦੀ ਅਤੇ ਕੰਡਿਆਲੀਆਂ ਤਾਰਾਂ ਦੀ ਪ੍ਰਵਾਹ ਕੀਤੇ ਬਿਨਾ ਸਰਹਦ ਵੀ ਚੀਰ ਕੇ ਦੂਜੇ ਪਾਰ ਚਲੇ ਜਾਂਦੇ। ਪੰਛੀਆਂ ਦਾ ਨਾ ਕੋਈ ਦੁਸ਼ਮਮਨ ਹੁੰਦਾ ਅਤੇ ਨਾ ਕੋਈ ਦੋਸਤ। ਉਨ੍ਹਾਂ ਦੀ ਦੋਸਤੀ ਤਾਂ ਸਿਰਫ ਆਪਣੇ ਵਲੋਂ ਮਸਤੀ ਵਿੱਚ ਭਰੀ ਲੰਮੀ ਪਰਵਾਜ਼ ਨਾਲ ਹੁੰਦੀ ਹੈ। ਉਹ ਆਸਮਾਨ ਵਿਚ ਆਪਣੀ ਸਮਰੱਥਾ ਅਨੁਸਾਰ ਉਡ ਸਕਦੇ ਤੇ ਮਨਭਾਉਂਦੀ ਟਾਹਣੀ ਉਪਰ ਆਪਣੀ ਠਾਹਰ ਬਣਾ ਸਕਦੇ ਹਨ। ਤਾਂ ਹੀ ਤਾਂ ਇਨ੍ਹਾਂ ਨੂੰ ਕਿਹਾ ਜਾਂਦਾ ਹੈ ਭੋਲੇ ਪੰਛੀ। ਦਰਅਸਲ ਦੁਸ਼ਮਣੀ ਵਾਲੇ ਦੇਸ਼ਾਂ ਦੀਆਂ ਸਰਹਦਾਂ ਉਪਰ ਖੜੇ ਸਿਪਾਹੀ ਪਰਿੰਦਿਆਂ ਉਪਰ ਵੀ ਸ਼ੱਕ ਕਰਦੇ ਰਹਿੰਦੇ ਹਨ।
ਪਿਛਲੇ ਦਿਨੀਂ ਭਾਰਤ-ਪਾਕਿਸਤਾਨ ਸਰਹੱਦ ਤੋਂ ਇਕ ਬਹੁਤ ਦਿਲਚਪਸ ਖ਼ਬਰ ਆਈ ਹੈ ਪਰਿੰਦਿਆਂ ਬਾਰੇ। ਇਕ ਪਾਕਿਸਤਾਨੀ ਨਾਗਰਿਕ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਕ ਚਿਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਉਸ ਦਾ ਪਿਆਰਾ ਕਬੂਤਰ ਉਸ ਨੂੰ ਵਾਪਿਸ ਕਰਵਾਇਆ ਜਾਵੇ।
ਰਿਪੋਰਟਾਂ ਮੁਤਾਬਿਕ ਜੰਮੂ-ਕਸ਼ਮੀਰ ਦੇ ਮਨਿਆਰੀ ਪਿੰਡ ਵਿੱਚ ਇਕ ਪਾਕਿਸਤਾਨੀ ਕਬੂਤਰ ਨੂੰ ਜਾਸੂਸੀ ਦੇ ਸ਼ੱਕ ਵਿੱਚ ਫੜਿਆ ਗਿਆ। ਪਾਕਿਸਤਾਨ ਦੇ ਨਾਰੋਵਾਲ ਜ਼ਿਲੇ ਦੇ ਪਿੰਡ ਬੰਗਾ ਸ਼ਰੀਫ ਦੇ ਵਾਸੀ ਹਬੀਬਉੱਲਾ ਦਾ ਇਕ ਵੀਡੀਓ ਸ਼ੋਸ਼ਲ ਮੀਡੀਆ ਉਪਰ ਖੂਬ ਵਾਇਰਲ ਹੋਇਆ ਹੈ। ਵੀਡੀਓ ਵਿੱਚ ਹਬੀਬਉੱਲਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਗੇ ਵਾਸਤਾ ਪਾਇਆ ਕਿ ਉਸਦਾ ਕਬੂਤਰ ਰਿਹਾਅ ਕਰਵਾਇਆ ਜਾਵੇ। ਉਸ ਨੇ ਆਪਣੇ ਆਪ ਨੂੰ ਕਬੂਤਰ ਦਾ ਅਸਲ ਮਾਲਕ ਵੀ ਦੱਸਿਆ ਹੈ। ਵੀਡੀਓ ਵਿੱਚ ਪ੍ਰਧਾਨ ਮੰਤਰੀ ਨੂੰ ਹਬੀਬਉੱਲਾ ਗੁਹਾਰ ਲਗਾ ਰਿਹਾ ਹੈ ਕਿ ਮੋਦੀ ਸਾਹਿਬ ਮੇਰਾ ਕਬੂਤਰ ਵਾਪਸ ਕਰੋ ! ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ।
ਇਸ ਪਾਕਿਸਤਾਨੀ ਮੁੰਡੇ ਦਾ ਕਹਿਣਾ ਹੈ ਕਿ ਉਸ ਦਾ ਕਬੂਤਰ ਜਾਸੂਸੀ ਕਰਨ ਨਹੀਂ ਗਿਆ ਸੀ। ਪਰਿੰਦੇ ਸਰਹੱਦਾਂ ਦੇ ਬੰਧਨ ਤੋਂ ਮੁਕਤ ਹੁੰਦੇ ਹਨ। ਉਹ ਕਬੂਤਰ ਪਾਲਦਾ ਹੈ, ਕਬੂਤਰ ਉਸਦੇ ਘਰ ਤੋਂ ਉਡ ਕੇ ਕਠੁਆ ਦੇ ਮਨਿਆਰੀ ਪਿੰਡ ਪਹੁੰਚ ਗਿਆ। ਉਥੇ ਪੁਲਿਸ ਨੇ ਜਾਸੂਸ ਸਮਝ ਕੇ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।
ਹਬੀਬਉੱਲਾ ਨੇ ਅੱਗੇ ਆਖਿਆ ਕਿ ਜਿਸ ਨਸਲ ਦਾ ਕਬੂਤਰ ਪਿੰਡ ਮਨਿਆਰੀ ਵਿੱਚੋਂ ਫੜਿਆ ਗਿਆ ਹੈ ਉਸ ਨਸਲ ਦੇ ਕਬੂਤਰ ਉਸ ਦੇ ਘਰ ਹੋਰ ਵੀ ਹਨ, ਜਿਨ੍ਹਾਂ ਨੂੰ ਉਸ ਨੇ ਵੀਡੀਓ ਵਿੱਚ ਵੀ ਦਿਖਾਇਆ ਹੈ। ਇਸ ਨਸਲ ਦੇ ਉਸ ਕੋਲ 100 ਤੋਂ ਵੱਧ ਕਬੂਤਰ ਹਨ। ਇਨ੍ਹਾਂ ਕਬੂਤਰਾਂ ਦੀ ਨਿਸ਼ਾਨੀ ਤੇ ਨਿਗਰਾਨੀ ਲਈ ਉਨ੍ਹਾਂ ਦੇ ਪੈਰਾਂ ਵਿੱਚ ਛੱਲੇ ਪਾ ਕੇ ਰੱਖਦਾ ਹੈ ਜਿਸ ‘ਤੇ ਉਸਦਾ ਮੋਬਾਈਲ ਨੰਬਰ ਵੀ ਲਿਖਿਆ ਹੁੰਦਾ ਹੈ।
ਹਬੀਬਉੱਲਾ ਨੇ ਦੱਸਿਆ ਕਿ ਈਦ ਵਾਲੇ ਦਿਨ ਉਸ ਨੇ ਆਪਣੇ ਘਰ ਤੋਂ ਕੁਝ ਕਬੂਤਰ ਉਡਾਏ ਸਨ। ਉਨ੍ਹਾਂ ਵਿਚੋਂ ਇਕ ਭੋਲਾ ਪੰਛੀ ਕਬੂਤਰ ਸਰਹਦ ਪਾਰ ਕਰ ਗਿਆ। ਉਸ ਨੇ ਤਰਲਾ ਪਾਉਂਦਿਆਂ ਕਿਹਾ ਕਿ ਉਸ ਕੋਲ ਜਿੰਨੇ ਵੀ ਇਸ ਨਸਲ ਦੇ ਕਬੂਤਰ ਹਨ, ਉਨ੍ਹਾਂ ਸਭ ਦੇ ਪੈਰਾਂ ਵਿੱਚ ਇਕ ਛੱਲਾ ਪਾ ਕੇ ਉਸ ਉਪਰ ਆਪਣਾ ਨਾਮ ਤੇ ਮੋਬਾਈਲ ਨੰਬਰ ਲਿਖਿਆ ਹੋਇਆ ਹੈ ਤਾਂ ਕਿ ਗੁੰਮ ਜਾਣ ਦੀ ਸੂਰਤ ਵਿਚ ਕਬੂਤਰ ਵਾਪਿਸ ਮਿਲ ਸਕੇ। ਹਬੀਬਉੱਲਾ ਨੇ ਪਾਕਿਸਤਾਨ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਕਬੂਤਰ ਵਾਪਸ ਕਰਵਾਉਣ ਲਈ ਭਾਰਤ ਸਰਕਾਰ ਨਾਲ ਗੱਲ ਕਰੇ। ਉਸ ਨੇ ਧਮਕੀ ਵੀ ਦਿੱਤੀ ਕਿ ਜੇ ਉਸ ਦਾ ਕਬੂਤਰ ਨਾ ਮਿਲਿਆ ਤਾਂ ਉਹ ਸਰਹੱਦ ਉਪਰ ਜਾ ਕੇ ਪ੍ਰਦਰਸ਼ਨ ਕਰੇਗਾ। ਇਥੇ ਚੇਤੇ ਕਰਵਾਇਆ ਜਾਂਦਾ ਹੈ ਕਿ ਐਸ ਐਸ ਪੀ ਕਠੁਆ ਸ਼ੈਲੰਦਰ ਮੁਤਾਬਿਕ ਇਹ ਕਬੂਤਰ ਕੰਡਿਆਲੀ ਤਾਰ ਦੇ ਨੇੜਿਓਂ ਫੜਿਆ ਗਿਆ ਸੀ।
ਭਾਰਤ-ਪਾਕਿਸਤਾਨ ਦੇ ਸਰਹੱਦੀ ਪਿੰਡਾਂ ਦੇ ਵਸਨੀਕਾਂ ਨੂੰ ਦਹਾਕਿਆਂ ਤੋਂ ਕਬੂਤਰ ਪਾਲਣ ਦਾ ਸ਼ੌਕ ਹੈ। ਅਟਾਰੀ ਸੈਕਟਰ ਦੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਵੱਖ ਵੱਖ ਨਸਲ ਦੇ ਕਬੂਤਰ ਪਾਲੇ ਹੋਏ ਹਨ। ਕਬੂਤਰ ਪਾਲਣ ਦੇ ਸ਼ੌਕੀਨ ਇਨ੍ਹਾਂ ਕਬੂਤਰਾਂ ਦੇ ਮੁਕਾਬਲੇ ਵੀ ਕਰਵਾਉਂਦੇ ਹਨ। ਜੋਸ਼ ਵਿਚ ਆਏ ਇਹ ਪਰਿੰਦੇ ਕਈ ਵਾਰ ਉਡ ਕੇ ਸਰਹਦ ਵੀ ਟੱਪ ਜਾਂਦੇ ਹਨ ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਸਰਹੱਦਾਂ ਕੀ ਹੁੰਦੀਆਂ ਹਨ। ਉਹ ਤਾਂ ਉਡਦੇ ਪਰਿੰਦੇ ਹਨ।
ਸੰਪਰਕ: 9872661281