ਨਿਊਯਾਰਕ/ਹੁਸ਼ਿਆਰਪੁਰ: ਕੋਰੋਨਾ ਵਾਇਰਸ ਨਾਲ ਅਮਰੀਕਾ ਵਿੱਚ ਹੁਸ਼ਿਆਰਪੁਰ ਦੇ ਨੌਜਵਾਨ ਤੇ ਉਨ੍ਹਾ ਦੇ ਪਿਤਾ ਦੀ ਮੌਤ ਹੋ ਗਈ। ਅਮਰੀਕਾ ਦੇ ਨਿਊਯਾਰਕ ਵਿੱਚ ਬੀਤੇ ਦਿਨੀਂ ਕੋਰੋਨਾ ਵਾਇਰਸ ਨਾਲ ਮੌਤ ਦਾ ਸ਼ਿਕਾਰ ਹੋਏ ਡਾ. ਚਰਣ ਸਿੰਘ ਦੇ ਨੌਜਵਾਨ ਪੁੱਤਰ ਗੁਰਜਸਪ੍ਰੀਤ ਸਿੰਘ ਦੀ ਵੀ ਇਸ ਬੀਮਾਰੀ ਨਾਲ ਮੌਤ ਹੋ ਗਈ। ਉਹ ਬੀਤੇ ਕਈ ਦਿਨਾਂ ਤੋਂ ਨਿਊਯਾਰਕ ਦੇ ਹਸਪਤਾਲ ਵਿੱਚ ਦਾਖਲ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮਾਂ ਜੋਗਿੰਦਰ ਕੌਰ ਵੀ ਇਸ ਵਾਇਰਸ ਨਾਲ ਪੀਡ਼ਿਤ ਹਨ ਅਤੇ ਹਸਪਤਾਲ ਵਿੱਚ ਹਨ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਪ੍ਰੇਮਪੁਰ ਨਾਲ ਸਬੰਧਤ ਗੁਰਜਸਪ੍ਰੀਤ ਸਿੰਘ ਦੇ ਪਿਤਾ ਡਾ.ਚਰਨ ਸਿੰਘ ਨੇ ਅਪ੍ਰੈਲ ਵਿਚ ਦਮ ਤੋੜ ਦਿੱਤਾ ਸੀ। ਗੁਰਜਸਪ੍ਰੀਤ ਸਿੰਘ ਪਿਛਲੇ ਕਈ ਦਿਨ ਤੋਂ ਹਸਪਤਾਲ ਵਿਚ ਦਾਖ਼ਲ ਸੀ ਅਤੇ ਸਾਹ ਲੈਣ ਵਿਚ ਤਕਲੀਫ਼ ਮਗਰੋਂ ਵੈਂਟੀਲੇਟਰ ‘ਤੇ ਰੱਖਿਆ ਗਿਆ।
ਗੁਰਜਸਪ੍ਰੀਤ ਦੇ ਦੇਹਾਂਤ ਦੀ ਖ਼ਬਰ ਜਦੋਂ ਪੰਜਾਬ ਪੁੱਜੀ ਤਾਂ ਪੁਰਾ ਪਿੰਡ ਸੋਗ ਵਿਚ ਡੁੱਬ ਗਿਆ। ਪਿੰਡ ਵਾਸੀਆਂ ਵੱਲੋਂ ਗੁਰਜਸਪ੍ਰੀਤ ਸਿੰਘ ਦੀ ਮਾਤਾ ਜੋਗਿੰਦਰ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਡਾ. ਚਰਨ ਸਿੰਘ ਤਕਰੀਬਨ 25 ਸਾਲ ਤੋਂ ਪਰਿਵਾਰ ਸਣੇ ਅਮਰੀਕਾ ਰਹਿ ਰਹੇ ਸਨ।