ਨਿਊਜ਼ ਡੈਸਕ – ਇਮਾਨਦਾਰੀ ਸਾਡੀ ਮਾਨਸਿਕ ਅਵਸਥਾ ਦਾ ਇਕ ਪੱਧਰ ਹੈ। ਇਹ ਸਾਡੇ ਵਿਹਾਰ ’ਚੋਂ ਪ੍ਰਗਟ ਹੁੰਦੀ ਹੈ ਤੇ ਸਮਾਜ ਦੇ ਸੰਦਰਭ ’ਚ ਸਾਡੇ ਚਰਿੱਤਰ ਦਾ ਨਿਰਮਾਣ ਕਰਦੀ ਹੈ। ਸਮਾਜ ’ਚ ਇਕ ਵਿਅਕਤੀ ਵਜੋਂ ਸਾਡੀ ਕੀ ਕੀਮਤ ਹੈ, ਇਹ ਸਾਡੇ ਚਰਿੱਤਰ ’ਤੇ ਹੀ ਨਿਰਭਰ ਕਰਦੀ ਹੈ। ਵਧੀਆ ਗੱਲ ਇਹ ਹੈ ਕਿ ਪੈਸਾ ਇੰਨਾ ਕਾਬਲ ਨਹੀਂ ਹੈ ਕਿ ਉਹ ਕਿਸੇ ਵਿਅਕਤੀ ਦੀ ਸਮਾਜਿਕ ਕੀਮਤ ਵਧਾ ਸਕੇ ਜਾਂ ਘਟਾ ਸਕੇ। ਦੁਨੀਆ ’ਚ ਸਭ ਤੋਂ ਜ਼ਿਆਦਾ ਤਿਰਸਕਾਰ ਦਾ ਪਾਤਰ ਉਹ ਹੁੰਦਾ ਹੈ, ਜਿਸ ਨੂੰ ਲੋਕ ਬੇਈਮਾਨ ਕਹਿਣ। ਅਜਿਹਾ ਬੇਈਮਾਨ ਵਿਅਕਤੀ ਆਪਣੇ ਇਸ ਵਿਹਾਰ ਜ਼ਰੀਏ ਹੌਲੀ-ਹੌਲੀ ਸਭ ਨੂੰ ਆਪਣੇ ਤੋਂ ਦੂਰ ਕਰ ਲੈਂਦਾ ਹੈ ਤੇ ਇਕ ਦਿਨ ਅਜਿਹਾ ਵੀ ਆਉਂਦਾ ਹੈ ਕਿ ਉਹ ਹਜ਼ਾਰਾਂ ਬੰਦਿਆਂ ’ਚ ਖੜ੍ਹਾ ਹੋਇਆ ਵੀ ਖ਼ੁਦ ਨੂੰ ਇਕੱਲਾ ਮਹਿਸੂਸ ਕਰਦਾ ਹੈ।
ਬੜੀ ਹੈਰਾਨੀ ਦੀ ਗੱਲ ਹੈ ਕਿ ਸਿਰਫ਼ ਮਨੁੱਖ ਹੀ ਹੈ ਜਿਸ ਨੂੰ ਇਮਾਨਦਾਰੀ ਦਾ ਪਾਠ ਵਾਰ-ਵਾਰ ਪੜ੍ਹਾਉਣਾ ਪੈਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਮਨੁੱਖ ਹੀ ਬੇਈਮਾਨ ਵਿਹਾਰ ਵਾਲੇ ਪਾਸੇ ਜਾਂਦਾ ਹੈ। ਪਸ਼ੂ ਜਗਤ ’ਚ ਇਸ ਤਰ੍ਹਾਂ ਨਹੀਂ ਵਾਪਰਦਾ। ਇਸੇ ਲਈ ਸਾਡੇ ਧਾਰਮਿਕ ਸਾਹਿਤ ’ਚ ਮਨੁੱਖ ਨੂੰ ਸਮਝਾਉਣ ਲਈ ਪਸ਼ੂ ਜਗਤ ਦੀਆਂ ਬਹੁਤ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਇਮਾਨਦਾਰੀ ਨਾਲ ਜੀਵਨ ’ਚ ਸਹਿਜਤਾ, ਨਿਮਰਤਾ, ਦਿਆਨਤਦਾਰੀ, ਸਲੀਕਾ ਆਦਿ ਨੈਤਿਕ ਗੁਣ ਆਪਣੇ ਆਪ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਇਮਾਨਦਾਰੀ ਵਾਲੀ ਜੀਵਨ ਜਾਚ ਦਾ ਆਪਣਾ ਇਕ ਸਰੂਰ ਹੁੰਦਾ ਹੈ। ਇਹ ਅਜਿਹਾ ਸਰੂਰ ਹੈ ਜਿਸ ਸਦਕਾ ਤੁਸੀਂ ਸਮਾਜ ’ਚ ਸਿਰ ਉੱਚਾ ਕਰ ਕੇ ਚੱਲ ਸਕਦੇ ਹੋ। ਇਮਾਨਦਾਰ ਵਿਅਕਤੀ ਖ਼ੁਦ ਦਾ ਹੀ ਨਹੀਂ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਸਿਰ ਉੱਚਾ ਕਰ ਜਾਂਦਾ ਹੈ। ਉਂਝ ਇਮਾਨਦਾਰੀ ਸਾਨੂੰ ਵਿਰਸੇ ’ਚੋਂ ਮਿਲਣ ਵਾਲੀ ਦਾਤ ਨਹੀਂ, ਇਹ ਤਾਂ ਮਨੁੱਖ ਦੇ ਅੰਦਰੋਂ ਪੈਦਾ ਹੋਣ ਵਾਲਾ ਗੁਣ ਹੈ। ਬੇਸ਼ੱਕ ਸਾਡੇ ਆਚਰਨ ਤੇ ਰਹਿਣੀ-ਬਹਿਣੀ ਦੀ ਨੀਂਹ ਸਾਡੇ ਘਰ ਵਿਚ ਹੀ ਰੱਖੀ ਜਾਂਦੀ ਹੈ।
ਸ੍ਰੇਸ਼ਠ ਗੁਣਾਂ ਦਾ ਧਾਰਨੀ ਵਿਅਕਤੀ ਹੀ ਸੇ੍ਰਸ਼ਠ ਅਹੁਦਾ ਪਾ ਸਕਦਾ ਹੈ। ਜਿਸ ਵਿਅਕਤੀ ’ਚ ਨੈਤਿਕ ਗੁਣਾਂ ਦੀ ਘਾਟ ਹੁੰਦੀ ਹੈ, ਸਮਾਜਿਕ ਪੱਧਰ ’ਤੇ ਉਸ ਵਿਅਕਤੀ ਕੋਲ ਵਿਸ਼ਾਵਾਸਹੀਣਤਾ ਤੋਂ ਸਿਵਾਏ ਹੋਰ ਕੁਝ ਨਹੀਂ ਹੋ ਸਕਦਾ।
ਧਰਮ ਮਨੁੱਖ ਨੂੰ ਉੱਚ ਨੈਤਿਕ ਜੀਵਨ ਜਿਊਣ ਲਈ ਪ੍ਰੇਰਦਾ ਹੈ। ਨੈਤਿਕਤਾ ਦੇ ਵੱਖ-ਵੱਖ ਪੱਖਾਂ ’ਚ ਇਮਾਨਦਾਰੀ ਵੀ ਇਕ ਅਹਿਮ ਹੈ। ਧਰਤ ਦਾ ਪਾਠ ਇਮਾਨਦਾਰੀ ਦਾ ਪਾਠ ਹੀ ਤਾਂ ਹੈ। ਜ਼ਰਾ ਗਹੁ ਨਾਲ ਧਿਆਨ ਮਾਰੀਏ ਤਾਂ ਕੁਦਰਤ ਦਾ ਹਰ ਵਰਤਾਰਾ ਆਪਣਾ ਕੰਮ ਇਮਾਨਦਾਰੀ ਨਾਲ ਕਰਦਾ ਹੈ। ਸੂਰਜ ਦਾ ਚੜ੍ਹਨਾ ਤੇ ਲਹਿਣਾ, ਸੂਰਜ ਦਾ ਤਪਸ਼ ਦੇਣਾ, ਧਰਤੀ ਦਾ ਘੁੰਮਣਾ, ਰੁੱਤਾਂ ਦਾ ਬਦਲਣਾ ਆਦਿ ਸਾਰੇ ਕੁਦਰਤੀ ਵਰਤਾਰੇ ਇਮਾਨਦਾਰੀ ਨਾਲ ਹੀ ਤਾਂ ਵਾਪਰ ਰਹੇ ਹਨ।
ਇਮਾਨਦਾਰੀ ਨਾਲ ਹਾਸਿਲ ਕੀਤਾ ਅਹੁਦਾ ਸਕੂਨ ਦਿੰਦਾ ਹੈ ਪਰ ਬੇਈਮਾਨੀ ਨਾਲ ਕਿਸੇ ਹੋਰ ਦਾ ਹੱਕ ਮਾਰ ਕੇ ਹਾਸਿਲ ਕੀਤਾ ਅਹੁਦਾ ਆਤਮਿਕ ਸਕੂਨ ਨਹੀਂ ਦੇ ਸਕਦਾ। ਦੁਨੀਆ ਦਾ ਕੋਈ ਵੀ ਧਰਮ ਜਾਂ ਦਰਸ਼ਨ ਅਜਿਹਾ ਨਹੀਂ, ਜਿਸ ’ਚ ਇਮਾਨਦਾਰੀ ਦੇ ਪੱਖ ਵਿਚ ਵਿਚਾਰ ਨਾ ਦਿੱਤੇ ਹੋਣ।