Home / ਧਰਮ ਤੇ ਦਰਸ਼ਨ / ਸ਼ਬਦ ਵਿਚਾਰ -111 ਜਪੁਜੀ ਸਾਹਿਬ – ਪਉੜੀ 35- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -111 ਜਪੁਜੀ ਸਾਹਿਬ – ਪਉੜੀ 35- ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ – 111

 ਜਪੁਜੀ ਸਾਹਿਬਪਉੜੀ 35

ਡਾ. ਗੁਰਦੇਵ ਸਿੰਘ*

ਜਪੁਜੀ ਸਾਹਿਬ ਦੀ ਪਉੜੀ 34 ਤੋਂ 37 ਤਾਈਂ ਮਨੁੱਖ ਦੀ ਆਤਮਕ ਅਵਸਥਾ ਦੇ ਪੰਜ ਹਿੱਸੇ ਦੱਸਦੇ ਹਨ: ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸਚਖੰਡ। ਇਹਨਾਂ ਚਾਰ ਪਉੜੀਆਂ ਵਿਚ ਜ਼ਿਕਰ ਹੈ ਕਿ ਪ੍ਰਭੂ ਦੀ ਮਿਹਰ ਨਾਲ ਮਨੁੱਖ ਸਾਧਾਰਨ ਹਾਲਤ ਤੋਂ ਉੱਚਾ ਹੋ ਹੋ ਕੇ ਕਿਵੇਂ ਪ੍ਰਭੂ ਨਾਲ ਇੱਕ-ਰੂਪ ਹੋ ਜਾਂਦਾ ਹੈ। ਪਹਿਲਾਂ ਮਨੁੱਖ ਦੁਨੀਆ ਦੇ ਵਿਸ਼ੇ-ਵਿਕਾਰਾਂ ਵਲੋਂ ਪਰਤ ਕੇ ‘ਆਤਮਾ’ ਵੱਲ ਝਾਤੀ ਮਾਰਦਾ ਹੈ, ਤੇ ਇਹ ਸੋਚਦਾ ਹੈ ਕਿ ਮੇਰੇ ਜੀਵਨ ਦਾ ਕੀਹ ਪ੍ਰਯੋਜਨ ਹੈ, ਮੈਂ ਸੰਸਾਰ ਵਿਚ ਕਿਉਂ ਆਇਆ ਹਾਂ, ਮੇਰਾ ਕੀਹ ਫ਼ਰਜ਼ ਹੈ। ਇਸ ਅਵਸਥਾ ਵਿਚ ਮਨੁੱਖ ਇਹ ਵਿਚਾਰਦਾ ਹੈ ਕਿ ਇਸ ਧਰਤੀ ਉੱਤੇ ਜੀਵ ਧਰਮ ਕਮਾਉਣ ਲਈ ਆਏ ਹਨ; ਅਕਾਲ ਪੁਰਖ ਦੇ ਦਰ ‘ਤੇ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਨਿਬੇੜਾ ਹੁੰਦਾ ਹੈ। ਜਿਨ੍ਹਾਂ ਗੁਰਮੁਖਾਂ ਉੱਤੇ ਅਕਾਲ ਪੁਰਖ ਦੀ ਬਖ਼ਸ਼ਸ਼ ਹੁੰਦੀ ਹੈ। ਉਹ ਉਸ ਦੀ ਹਜ਼ੂਰੀ ਵਿਚ ਸੋਭਦੇ ਹਨ। ਇੱਥੇ ਦੁਨੀਆ ਵਿਚ ਆਦਰ ਜਾਂ ਨਿਰਾਦਰੀ ਕੋਈ ਮੁੱਲ ਨਹੀਂ ਰੱਖਦੇ, ਉਹੀ ਆਦਰ ਵਾਲੇ ਹਨ ਜੋ ਅਕਾਲ ਪੁਰਖ ਦੇ ਦਰ ‘ਤੇ ਪ੍ਰਵਾਨ ਹਨ। ਜਿਉਂ ਜਿਉਂ ਮਨੁੱਖ ਦੀ ਸੁਰਤਿ ਇਹੋ ਜਿਹੇ ਖ਼ਿਆਲਾਂ ਵਿਚ ਜੁੜਦੀ ਹੈ, ਤਿਉਂ ਤਿਉਂ ਉਸ ਅੰਦਰੋਂ ‘ਸੁਆਰਥ’ ਦੀ ਗੰਢ ਖੁਲ੍ਹਦੀ ਜਾਂਦੀ ਹੈ। ਮਨੁੱਖ ਪਹਿਲਾਂ ਮਾਇਆ ਵਿਚ ਮਸਤ ਰਹਿਣ ਕਰਕੇ ਆਪਣੇ ਆਪ ਨੂੰ ਜਾਂ ਆਪਣੇ ਪ੍ਰਵਾਰ ਨੂੰ ਹੀ ‘ਆਪਣਾ’ ਜਾਣਦਾ ਸੀ ਤੇ ਇਹਨਾਂ ਤੋਂ ਪਰੇ ਹੋਰ ਕਿਸੇ ਵਿਚਾਰ ਵਿਚ ਨਹੀਂ ਸੀ ਪੈਂਦਾ, ਹੁਣ ਆਪਣਾ ‘ਧਰਮ’ ਸਮਝਣ ਤੇ ਆਪਣੀ ਵਾਕਫ਼ੀਅਤ ਨੂੰ ਵਧਾਣ ਦਾ ਜਤਨ ਕਰਦਾ ਹੈ। ਵਿੱਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪੈਂਦਾ ਹੈ। ਗਿਆਨ ਦੀ ਹਨੇਰੀ ਆ ਜਾਂਦੀ ਹੈ, ਜਿਸ ਦੇ ਅੱਗੇ ਸਭ ਭਰਮ ਵਹਿਮ ਉੱਡ ਜਾਂਦੇ ਹਨ। ਜਿਉਂ ਜਿਉਂ ਅੰਦਰ ਵਿੱਦਿਆ ਦੁਆਰਾ ਸਮਝ ਵਧਦੀ ਹੈ, ਤਿਉਂ ਤਿਉਂ ਉਹ ਆਨੰਦ ਮਿਲਦਾ ਹੈ, ਜੋ ਪਹਿਲਾਂ ਮਾਇਆ ਦੇ ਪਦਾਰਥਾਂ ਵਿਚ ਨਹੀਂ ਸੀ ਮਿਲਦਾ। ਆਤਮਕ ਪੈਂਡੇ ਵਿਚ ਇਸ ਅਵਸਥਾ ਦਾ ਨਾਮ ‘ਗਿਆਨ ਖੰਡ’ ਹੈ। ਸ਼ਬਦ ਵਿਚਾਰ ਦੀ ਚੱਲ ਰਹੀ ਲੜੀਵਾਰ ਸ਼ਬਦ ਵਿਚਾਰ ਅਧੀਨ ਅੱਜ ਅਸੀਂ ਜਪੁ ਜੀ ਸਾਹਿਬ ਦੀ 35ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਪਉੜੀ ਵਿੱਚ ਗਿਆਨ ਖੰਡ ਬਾਰੇ ਹੀ ਗੁਰੂ ਜੀ ਉਪਦੇਸ਼ ਕਰ ਰਹੇ ਹਨ:

ਧਰਮ ਖੰਡ ਕਾ ਏਹੋ ਧਰਮੁ ॥ ਗਿਆਨ ਖੰਡ ਕਾ ਆਖਹੁ ਕਰਮੁ ॥

ਪਦ ਅਰਥ: ਧਰਮੁ = ਮਨਤਵ, ਕਰਤੱਬ। ਆਖਹੁ = ਦੱਸੋ, ਵਰਣਨ ਕਰੋ, ਸਮਝ ਲਵੋ। ਕਰਮ = ਕੰਮ, ਕਰਤੱਬ। ਏਹੋ = ਇਹੀ ਜੋ ਉਪਰ ਦਸਿਆ ਗਿਆ ਹੈ।

ਵਿਆਖਿਆ : ਧਰਮ ਖੰਡ ਦਾ ਨਿਰਾ ਇਹੀ ਕਰਤੱਬ ਹੈ, (ਜੋ ਉੱਪਰ ਦੱਸਿਆ ਗਿਆ ਹੈ) । ਹੁਣ ਗਿਆਨ ਖੰਡ ਦਾ ਕਰਤੱਬ (ਭੀ) ਸਮਝ ਲਵੋ (ਜੋ ਅਗਲੀਆਂ ਤੁਕਾਂ ਵਿਚ ਹੈ) ।

ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥

ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥

ਪਦ ਅਰਥ: ਕੇਤੇ = ਕਈ, ਬੇਅੰਤ। ਵੈਸੰਤਰ = ਅਗਨੀਆਂ। ਮਹੇਸ = (ਕਈ) ਸ਼ਿਵ। ਬਰਮੇ = ਕਈ ਬ੍ਰਹਮਾ। ਘਾੜਤਿ ਘੜੀਅਹਿ = ਘਾੜਤ ਵਿਚ ਘੜੀਦੇ ਹਨ, ਪੈਦਾ ਕੀਤੇ ਜਾ ਰਹੇ ਹਨ। ਕੇ ਵੇਸ = ਕਈ ਵੇਸਾਂ ਦੇ 

ਵਿਆਖਿਆ : (ਅਕਾਲ ਪੁਰਖ ਦੀ ਰਚਨਾ ਵਿਚ) ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮੇ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ।

ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥

ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥

ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥

ਪਦ ਅਰਥ : ਕੇਤੀਆ = ਕਈ, ਬੇਅੰਤ। ਕਰਮ ਭੂਮੀ = ਕੰਮ ਕਰਨ ਦੀਆਂ ਭੂਮੀਆਂ, ਧਰਤੀਆਂ। ਮੇਰ = ਮੇਰੁ ਪਰਬਤ। ਧੂ = ਧ੍ਰ ਭਗਤ। ਉਪਦੇਸ਼ = ਉਹਨਾਂ ਧੂ੍ਰ ਭਗਤਾਂ ਦੇ ਉਪਦੇਸ਼। ਇੰਦ = ਇੰਦਰ ਦੇਵਤੇ। ਚੰਦ = ਚੰਦਰਮਾ। ਸੂਰ = ਸੂਰਜ। ਮੰਡਲ ਦੇਸ = ਭਵਣ-ਚਕੱਰ। ਬੁਧ = ਬੁਧ ਅਵਤਾਰ। ਦੇਵੀ ਵੇਸ = ਦੇਵੀਆਂ ਦੇ ਪਹਿਰਾਵੇ। (ਨੋਟ: ‘ਕੇਤੇ’ ਪੁਲਿੰਗ ਹੈ ਜੋ ‘ਵੇਸ’ ਸ਼ਬਦ ਨਾਲ ਵਰਤਿਆ ਗਿਆ ਹੈ। ਇਸ ਵਾਸਤੇ ‘ਦੇਵੀ ਵੇਸ’ ਦਾ ਅਰਥ ਕਰਨਾ ਹੈ ‘ਦੇਵੀਆਂ ਦੇ ਪਹਿਰਾਵੇ’) ।

ਵਿਆਖਿਆ : (ਅਕਾਲ ਪੁਰਖ ਦੀ ਕੁਦਰਤਿ ਵਿਚ) ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧੂ੍ਰ ਭਗਤ ਤੇ ਉਹਨਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ-ਚੱਕਰ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ।

ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ ॥

ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥

ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥

ਪਦ ਅਰਥ: ਦਾਨਵ = ਰਾਖਸ਼, ਦੈਂਤ। ਮੁਨਿ = ਮੋਨ-ਧਾਰੀ ਰਿਸ਼ੀ। ਰਤਨ ਸੁਮੰਦ = ਰਤਨ ਅਤੇ ਸਮੁੰਦਰ। ਪਾਤ = ਪਾਤਸ਼ਾਹ। ਨਰਿੰਦ = ਰਾਜੇ। ਸੁਰਤੀ = ਸੁਰਤਾਂ, ਲਿਵ। (ਨੋਟ: ਇਸ ਸਾਰੀ ਪਉੜੀ ਵਲ ਰਤਾ ਧਿਆਨ ਦਿੱਤਿਆਂ ਇਹ ਸਪੱਸ਼ਟ ਮਲੂਮ ਹੋ ਜਾਂਦਾ ਹੈ ਕਿ ‘ਕੇਤੇ’ ਪੁਲਿੰਗ ਸ਼ਬਦਾਂ ਨਾਲ ਵਰਤਿਆ ਗਿਆ ਹੈ ਅਤੇ ‘ਕੇਤੀਆ’ ਇਸਤ੍ਰੀ-ਲਿੰਗ ਸ਼ਬਦਾਂ ਨਾਲ। ਸੋ ‘ਸੁਰਤੀ’ ਇਸਤ੍ਰੀ-ਲਿੰਗ ਹੈ, ਤੇ ‘ਸੁਰਤਿ’ ਦਾ ਬਹੁ-ਵਚਨ ਹੈ) ।

ਵਿਆਖਿਆ : (ਅਕਾਲ ਪੁਰਖ ਦੀ ਰਚਨਾ ਵਿਚ) ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ (ਰਤਨਾਂ ਦੇ) ਸਮੁੰਦਰ ਹਨ। (ਜੀਵ-ਰਚਨਾ ਦੀਆਂ) ਬੇਅੰਤ ਖਾਣੀਆਂ ਹਨ, (ਜੀਵਾਂ ਦੀਆਂ ਬੋਲੀਆਂ ਭੀ ਚਾਰ ਨਹੀਂ) ਬੇਅੰਤ ਬਾਣੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ (ਜੋ ਜੀਵ ਮਨ ਦੁਆਰਾ ਲਾਂਦੇ ਹਨ) , ਬੇਅੰਤ ਸੇਵਕ ਹਨ। ਹੇ ਨਾਨਕ! ਕੋਈ ਅੰਤ ਨਹੀਂ ਪੈ ਸਕਦਾ। 35।

ਜਪੁ ਜੀ ਸਾਹਿਬ ਦੀ ਇਸ ਪਉੜੀ ਵਿੱਚ ਗੁਰੂ ਸਾਹਿਬ ਮਨੁੱਖ ਸਮਝਾਂ ਰਹੇ ਹਨ ਕਿ ਮਨੁੱਖਾ ਜਨਮ ਦੇ ਫ਼ਰਜ਼ (‘ਧਰਮ’) ਦੀ ਸਮਝ ਪਿਆਂ ਮਨੁੱਖ ਦਾ ਮਨ ਬੜਾ ਵਿਸ਼ਾਲ ਹੋ ਜਾਂਦਾ ਹੈ। ਪਹਿਲਾਂ ਇਕ ਨਿੱਕੇ ਜਿਹੇ ਟੱਬਰ ਦੇ ਸੁਆਰਥ ਵਿਚ ਬੱਝਾ ਹੋਇਆ ਇਹ ਜਵਿ ਬਹੁਤ ਤੰਗ-ਦਿਲ ਸੀ। ਹੁਣ ਇਹ ਗਿਆਨ ਹੋ ਜਾਂਦਾ ਹੈ ਕਿ ਬੇਅੰਤ ਪ੍ਰਭੂ ਦਾ ਪੈਦਾ ਕੀਤਾ ਹੋਇਆ ਇਹ ਬੇਅੰਤ ਜਗਤ ਇੱਕ ਬੇਅੰਤ ਵੱਡਾ ਟੱਬਰ ਹੈ, ਜਿਸ ਵਿਚ ਬੇਅੰਤ ਕ੍ਰਿਸ਼ਨ, ਬੇਅੰਤ ਵਿਸ਼ਨੂੰ, ਬੇਅੰਤ ਬ੍ਰਹਮੇ, ਬੇਅੰਤ ਧਰਤੀਆਂ ਹਨ। ਇਸ ਗਿਆਨ ਦੀ ਬਰਕਤਿ ਨਾਲ ਤੰਗ-ਦਿਲੀ ਹਟ ਕੇ ਇਸਦੇ ਅੰਦਰ ਜਗਤ-ਪਿਆਰ ਦੀ ਲਹਿਰ ਚੱਲ ਕੇ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ। ਸ਼ਬਦ ਵਿਚਾਰ ਦੀ ਅਗਲੀ ਲੜੀ ਵਿੱਚ ਜਪੁਜੀ ਸਾਹਿਬ ਦੀ 35ਵੀਂ ਪਉੜੀ ਦੀ ਵਿਚਾਰ ਕਰਾਂਗੇ। ਇਸ ਸਬੰਧੀ ਆਪ ਜੀ ਦਾ ਜੇ ਕੋਈ ਵਿਚਾਰ ਹੋਵੇ ਤਾਂ ਸਾਡੇ ਨਾਲ ਜ਼ਰੂਰ ਸਾਂਝਾ ਕਰੋ ਜੀ।

*gurdevsinghdr@gmail.com

Check Also

ਭਾਈ ਰੇ ਸੰਤ ਜਨਾ ਕੀ ਰੇਣੁ … -ਡਾ. ਗੁਰਦੇਵ ਸਿੰਘ

ਸ਼ਬਦ ਵਿਚਾਰ -134 ਭਾਈ ਰੇ ਸੰਤ ਜਨਾ ਕੀ ਰੇਣੁ  … *ਡਾ. ਗੁਰਦੇਵ ਸਿੰਘ ਚੰਗਿਆਂ ਦੀ …

Leave a Reply

Your email address will not be published. Required fields are marked *