ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦਾ ਇਤਿਹਾਸ-ਡਾ. ਗੁਰਦੇਵ ਸਿੰਘ

TeamGlobalPunjab
6 Min Read

ਇਤਿਹਾਸਕ ਗੁਰਦੁਆਰਿਆਂ ਦਾ ਲੜੀਵਾਰ ਪਾਵਨ ਇਤਿਹਾਸ -1

ਗੁਰਦੁਆਰਾ ਜਨਮ ਅਸਥਾਨ, ਸ੍ਰੀ ਨਨਕਾਣਾ ਸਾਹਿਬ ਦਾ ਇਤਿਹਾਸ

ਨਨਕਾਣਾ ਸਾਹਿਬ ਦਾ ਨਾਮ ਲੈਂਦਿਆਂ ਹੀ ਮਨ ਸ਼ਰਧਾ ਤੇ ਪਿਆਰ ਵਿੱਚ ਆ ਜਾਂਦਾ ਹੈ। ਮਨ ਵਿੱਚ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਨਨਕਾਣਾ ਸਾਹਿਬ ਦਾ ਸਿੱਖਾਂ ਵਿੱਚ ਹੀ ਨਹੀਂ ਸਗੋਂ ਧਰਮ ਦੇ ਸੰਸਾਰ ਵਿੱਚ ਵੱਡਾ ਸਥਾਨ ਹੈ। ਇਹ ਉਹ ਪਾਵਨ ਮੁਕੱਦਸ ਧਰਤੀ ਹੈ ਜਿਸ ਨੇ ਪੀਰਾਂ ਦੇ ਪੀਰ; ਗੁਰੂਆਂ ਦੇ ਗੁਰੂ;  ਨਾਥਾਂ ਦੇ ਨਾਥ; ਧਰਮ ਦੀ ਦੁਨੀਆਂ ਦੀ ਰੂਪ ਰੇਖਾ ਬਦਲਣ ਵਾਲੇ; ਇਲਾਹੀ ਬਾਣੀ ਦੇ ਵਾਹਕ; ਸਤਿਨਾਮ ਦਾ ਚੱਕਰ ਚਲਾਉਣ ਵਾਲੇ; ਵਾਹਿਗੁਰੂ ਦਾ ਗੁਰਮੰਤ੍ਰ ਦੇਣ ਵਾਲੇ; ਲੋਕਾਈ ਨੂੰ ਤਾਰਣ ਵਾਲੇ; ਜਗ ਵਿੱਚ ਗਿਆਨ ਦਾ ਚਾਨਣ ਕਰਨ ਵਾਲੇ; ਅਕਾਲ ਪੁਰਖ ਨਾਲ ਸਿੱਧਾ ਜੋੜਨ ਵਾਲੇ; ਗਿਆਨ ਗੋਸਟੀਆਂ ਕਰਨ ਵਾਲੇ; ਸੱਚ ਦਾ ਮਾਰਚ ਦਰਸਾਉਣ ਵਾਲੇ; ਪਾਖੰਡਾਂ, ਵਹਿਮਾਂ ਤੇ ਕਰਮ ਕਾਡਾਂ ਦਾ ਖੰਡਨ ਕਰਨ ਵਾਲੇ; ਬਾਬਰ ਨੂੰ ਜਾਬਰ ਕਹਿਣ ਵਾਲੇ; ਠੱਗ ਨੂੰ ਸੱਜਣ ਬਣਾਉਣ ਵਾਲੇ; ਕੌੜੇ ਰੀਠੇ ਮਿੱਠੇ ਕਰਨ ਵਾਲੇ; ਪੱਥਰ ਨੂੰ ਪੰਜੇ ਨਾਲ ਰੋਕਣ ਵਾਲੇ; ਭਾਈ ਲਾਲੋ ਦੀ ਰੁਖੀ ਸੁਖੀ ਖਾਣ ਵਾਲੇ; ਮੱਕੇ ਨੂੰ ਫੇਰਨ ਵਾਲੇ; ਪ੍ਰੇਮ ਦੀ ਖੇਡ ਖੇਡਣ ਲਈ ਸਿਰ ਤਲੀ ‘ਤੇ ਧਰਨ ਦੀ ਤਾਕੀਦ ਵਾਲੇ; ਅਕਾਲ ਪੁਰਖ ਦੀ ਸੱਚੀ ਆਰਤੀ ਕਰਨ ਵਾਲੇ;  ਭਾਈ ਮਰਦਾਨੇ ਦੇ ਰਹਿਬਰ ਤੇ ਮਿੱਤਰ; ਪੁੱਤਰਾਂ ਨੂੰ ਨਾ ਪੈਣ ਵਾਲੇ, ਭਾਈ ਲਹਿਣੇ ਵਿੱਚ ਅਕਾਲ ਜੋਤ ਟਿਕਾਉਂਣ ਵਾਲੇ; ਬੀਬੀ ਨਾਨਕੀ ਦੇ ਭਰਾ; ਮਹਿਤਾ ਕਾਲੂ ਦੇ ਲਾਲ; ਮਾਤਾ ਤ੍ਰਿਪਤਾ ਦੇ ਜਾਏ; ਧਰਮ ਦੀ ਦੁਨੀਆਂ ਵਿੱਚ ਨਹੀਂ ਚੇਤਨਾ ਦਾ ਪ੍ਰਵਾਹ ਚਲਾਉਂਣ ਵਾਲੇ; ਅਕਾਲ ਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਚਰਨ ਛੋਹ ਦਾ ਸੁੱਖ ਮਾਣਿਅ ਹੈ।

ਵਰਤਮਾਨ ਸਮੇਂ ਨਨਕਾਣਾ ਸਾਹਿਬ ਪਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਸ ਦਾ ਨਾਮ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਪਿਆ। ਇਸ ਸਥਾਨ ਨੂੰ ਪਹਿਲਾਂ ਰਾਇ ਭੋਇ ਦੀ ਤਲਵੰਡੀ ਕਰਕੇ ਜਾਣਿਆ ਜਾਂਦਾ ਸੀ। ਇਸ ਨੂੰ ਤਲਵੰਡੀ ਜਾਂ ਰਾਇਪੁਰ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਇਹ ਵੀ ਆਖਿਆ ਜਾਂਦਾ ਹੈ ਕਿ ਇਸ ਨੂੰ ਭੱਟੀ ਗੋਤ ਦੇ ਰਾਇ ਭੋਇ ਨਾਮੀ ਸੱਜਣ ਨੇ ਵਸਾਇਆ ਸੀ। ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਰਾਇ ਭੋਇ ਦੇ ਪਰਿਵਾਰ ਵਿੱਚੋਂ ਹੀ ਰਾਏ ਬੁਲਾਰ ਨਾਮੀ ਸੱਜਣ ਇਸ ਨਗਰ ਦਾ ਹਾਕਮ ਸੀ। ਬਾਅਦ ਵਿੱਚ ਇਸ ਨਗਰ ਦਾ ਨਾਮ ਰਾਏ ਭੋਇ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਨਨਕਾਣਾ ਸਾਹਿਬ ਪ੍ਰਸਿਧ ਹੋਇਆ। ਕਿਉਂਕਿ ਇਹ ਨਗਰ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੇ ਬਚਪਨ ਨਾਲ ਜੁੜਿਆ ਹੋਇਆ ਹੈ ਇਸ ਲਈ ਇਹ ਸੁਭਾਵਿਕ ਹੀ ਹੈ ਇਥੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਕਈ ਯਾਦਗਾਰੀ ਇਤਿਹਾਸਕ ਸਥਾਨ ਹੋਣਗੇ। ਇਸ ਲਈ ਵੱਖ ਵੱਖ ਗੁਰਦੁਆਰਾ ਸਾਹਿਬਾਨ ਦੇ ਇਤਿਹਾਸ ਨਾਲ ਸਬੰਧਤ ਇਸ ਲੜੀ ਵਿੱਚ ਅਸੀਂ ਉਨ੍ਹਾਂ ਅਸਥਾਨਾਂ ਦੇ ਪ੍ਰਚਲਿਤ ਇਤਿਹਾਸ ਦੀ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਾਂਗੇ।

ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਨਾਲ ਸਬੰਧਤ ਗੁਰਦੁਆਰਾ ਜਨਮ ਅਸਥਾਨ;  ਗੁਰਦੁਆਰਾ ਪੱਟੀ ਸਾਹਿਬ; ਗੁਰਦੁਆਰਾ ਕਿਆਰਾ ਸਾਹਿਬ; ਗੁਰਦੁਆਰਾ ਬਾਲ ਲੀਲਾ ਸਾਹਿਬ, ਗੁਰਦੁਆਰਾ ਤੰਬੂ ਸਾਹਿਬ; ਗੁਰਦੁਆਰਾ ਮਾਲ ਜੀ ਸਾਹਿਬ ਸਥਾਪਿਤ ਹਨ। ਇਸ ਤੋਂ ਇਲਾਵਾ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਦੀ ਯਾਦ ਵਿੱਚ ਗੁਰਦੁਆਰਾ ਛੱਟੀ ਪਾਤਿਸ਼ਾਹੀ ਵੀ ਸਥਾਪਿਤ ਹੈ। ਅੱਜ ਅਸੀਂ ਗੁਰੂ ਨਾਨਕ ਦੇਵ ਜੀ ਦੇ ਜਨਮ ਨਾਲ ਸਬੰਧਤ ਸਥਾਨ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ  ਦੇ ਇਤਿਹਾਸ ਬਾਰੇ ਜਾਨਣ ਦਾ ਯਤਨ ਕਰਾਂਗੇ।

- Advertisement -

ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ

ਲਾਹੌਰ ਸ਼ਹਿਰ ਤੋਂ ਲਗਭਗ ਇਹ 80 ਕਿਲੋਮੀਟਰ ਦੀ ਦੂਰੀ ਉੱਤੇ ਨਨਕਾਣਾ ਸਾਹਿਬ ਦਾ ਪਾਵਨ ਨਗਰ ਹੈ। ਗੁਰੂ ਨਾਨਕ ਦੇਵ ਜੀ ਦੇ ਮਾਤਾ ਪਿਤਾ ਇਸੇ ਨਗਰ ਵਿੱਚ ਨਿਵਾਸ ਕਰਦੇ ਸਨ। ਉਸੇ ਨਿਵਾਸ ਅਸਥਾਨ ‘ਤੇ ਗੁਰੂ ਜੀ ਨੇ ਅਵਤਾਰ ਧਾਰਿਆ। ਇਸ ਅਸਥਾਨ ਦੇ ਚੱਪੇ-ਚੱਪੇ ਨੂੰ ਗੁਰੂ ਜੀ ਦੀ ਪਾਵਨ ਚਰਣ ਛੋਹ ਪ੍ਰਾਪਤ ਹੈ। ਇਸ ਪਾਵਨ ਅਸਥਾਨ ‘ਤੇ ਪਹਿਲਾਂ ਗੁਰੂ ਜੀ ਦੇ ਪੋਤਰੇ ਧਰਮਚੰਦ ਨੇ ਇੱਕ ਕੋਠਾ ਉਸਰਵਾਇਆ ਸੀ ਜੋ ‘ਕਾਲੂ ਕਾ ਕੋਠਾ’ ਦੇ ਨਾਮ ਨਾਲ ਪ੍ਰਸਿਧ ਹੋਇਆ। ਫਿਰ ਬਾਬਾ ਸਾਹਿਬ ਸਿੰਘ ਬੇਦੀ ਅਤੇ ਅਕਾਲੀ ਫੂਲਾ ਸਿੰਘ ਦੀ ਪ੍ਰੇਰਣਾ ਸਦਕਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਅਸਥਾਨ ‘ਤੇ ਸੁੰਦਰ ਇਮਾਰਤ ਬਣਵਾਈ ਅਤੇ ਲਗਭਗ ਵੀਹ ਹਜ਼ਾਰ ਏਕੜ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਂ ਲਗਵਾਈ। ਪਹਿਲੇ ਪਹਿਲ ਇਸ ਗੁਰੂ ਧਾਮ ਦਾ ਪ੍ਰਬੰਧ ਉਦਾਸੀ ਸਾਧ ਕਰਦੇ ਰਹੇ। 20ਵੀਂ ਸਦੀ ਦੇ ਦੂਸਰੇ ਦਹਾਕੇ ਭਾਵ 1910-1920 ਵਿੱਚ ਇਸ ਗੁਰੂ ਧਾਮ ਦੀ ਆਮਦਨ ਕਾਰਣ ਮਹੰਤ ਨਰੈਣ ਦਾਸ ਬਹੁਤ ਵਿਲਾਸੀ ਹੋ ਗਿਆ ਤੇ ਗੁਰਦੁਆਰਾ ਸਾਹਿਬ ‘ਤੇ ਕਾਬਜ ਹੋ ਗਿਆ। ਉਸ ਨੇ ਗੁਰਦੁਆਰਾ ਸਾਹਿਬ ਵਿੱਚ ਅੱਤ ਨੀਚ ਕੰਮ ਕੀਤੇ। ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਤੁਰ ਪਈ। ਉਸ ਤੋਂ ਗੁਰਦੁਆਰਾ ਸਾਹਿਬ ਅਜ਼ਾਦ ਕਰਵਾਇਆ ਗਿਆ ਪਰ ਇਸ ਦੇ ਲਈ ਅਨੇਕ ਸ਼ਹੀਦੀਆਂ ਦੇਣੀਆਂ ਪਈਆਂ। ਸਾਕਾ ਨਨਕਾਣਾ ਸਾਹਿਬ ਉਸ ਸਮੇਂ ਦੀ ਹੀ ਵੱਡੀ ਦਰਦਨਾਕ ਘਟਨਾ ਹੈ। ਬਾਅਦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਿਆ। 1947 ਦੀ ਵੰਡ ਤੋਂ ਬਾਅਦ ਇਹ ਗੁਰੂਧਾਮ ਪਾਕਿਸਤਾਨ ਦੇ ਹਿੱਸੇ ਚਲਾ ਗਿਆ।

ਗੁਰਦੁਆਰਾ ਜਨਮ ਅਸਥਾਨ, ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਦੇ ਹਵਾਲੇ ਨਾਲ ਸਿੱਖਾਂ ਦਾ ਪ੍ਰਮੁੱਖ ਧਾਰਮਿਕ ਅਸਥਾਨ ਹੈ। ਇਸ ਗੁਰਦੁਆਰਾ ਸਾਹਿਬ ਨੂੰ ਸਿੱਖ ਸੰਗਤਾਂ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਮ ਨਾਲ ਵੀ ਸੰਬੋਧਿਤ ਹੁੰਦੀਆਂ ਹਨ।

ਗੁਰਦੁਆਰਿਆਂ ਦੇ ਇਤਿਹਾਸ ਦੀ ਪਾਵਨ ਲੜੀ ਦੇ ਦੂਸਰੇ ਭਾਗ ਵਿੱਚ ਅਸੀਂ ਗੁਰਦੁਆਰਾ ਪੱਟੀ ਸਾਹਿਬ; ਗੁਰਦੁਆਰਾ ਕਿਆਰਾ ਸਾਹਿਬ ਦੇ ਇਤਿਹਾਸ ਨਾਲ ਸਾਂਝ ਪਾਵਾਂਗੇ। ਆਸ ਕਰਦੇ ਹਾਂ ਕਿ ਭਵਿੱਖ ਵਿੱਚ ਜਦੋਂ ਵੀ ਕੋਈ ਤੁਹਾਨੂੰ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਇਤਿਹਾਸ ਬਾਰੇ ਪੁੱਛੇਗਾ ਤਾਂ ਆਪ ਬਿਨਾਂ ਝਿਜਕ ਇਤਿਹਾਸ ਦਸ ਸਕੋਗੇ। ਅਗਰ ਆਪ ਜੀ ਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ । ਇਸ ਦੇ ਨਾਲ ਤੁਸੀਂ ਸਾਨੂੰ ਮੈਸਜ ਕਰਕੇ ਸਾਡਾ ਹੌਸਲਾ ਵੀ ਵਧਾ ਸਕਦੇ ਹੋ ਤੇ ਆਪਣੇ ਕੀਮਤੀ ਵਿਚਾਰ ਵੀ ਦੇ ਸਕਦੇ ਹੋ। ਰਹੀਆਂ ਕਮੀਆਂ ਲਈ ਖਿਮਾ।

Share this Article
Leave a comment