ਨੌਵੇਂ ਮਹਲੇ ਦੀ ਇਲਾਹੀ ਬਾਣੀ ਦੇ ਚੌਥੇ ਸ਼ਬਦ ਦੀ ਵਿਚਾਰ – Shabad Vichaar -4

TeamGlobalPunjab
4 Min Read

-ਡਾ. ਗੁਰਦੇਵ ਸਿੰਘ

ਮਨ ਦੀ ਮਨ ਮਰਜੀ ਰੁੱਕ ਸਕਦੀ ਹੈ

ਅਸੀਂ ਅਜਿਹਾ ਆਮ ਹੀ ਸੁਣਦੇ ਹਾਂ ਕਿ ਮੇਰਾ ਮਨ ਨਹੀਂ ਲੱਗਦਾ, ਮੇਰਾ ਮਨ ਨਹੀਂ ਮੰਨਦਾ, ਮੇਰਾ ਮਨ ਨਹੀਂ ਕਰ ਰਿਹਾ। ਆਪਣੇ ਮਨ ਉੱਤੇ ਕਾਬੂ ਕਰ, ਜੋ ਮਨ ਕਹਿੰਦਾ ਹੈ ਉਹੀ ਕਰ, ਮਨ ਦੇ ਪਿੱਛੇ ਨਾ ਲੱਗ ਆਦਿ ਹੋਰ ਬਹੁਤ ਕੁਝ। ਆਖਿਰ ਕੀ ਹੈ ਇਹ ਮਨ ? ਗੁਰਬਾਣੀ ਫੁਰਮਾਣ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੪੪੧) ਮਨ ਅਕਾਲ ਜੋਤਿ ਦਾ ਹੀ ਇੱਕ ਸਰੂਪ ਹੈ ਪਰ ਇਸ ਨੂੰ ਪਛਾਨਣ ਦੀ ਲੋੜ ਹੈ। ਕਈ ਵਾਰ ਅਜਿਹਾ ਜਾਪਦਾ ਹੈ ਕਿ ਇਹ ਜ਼ਿੰਦਗੀ ਮਨ ਦੀ ਹੀ ਇੱਕ ਖੇਡ ਹੈ। ਜਦੋਂ ਇਸ ਮਨ ਦੀ ਖੇਡ ਸਮਝ ਆ ਗਈ, ਇਸ ਨੂੰ ਸਮਝ ਗਏ ਜਾਂ ਇਸ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਤਾਂ ਉਦੋਂ ਫਿਰ ਅਨੰਦ ਹੀ ਅਨੰਦ ਹੋਵੇਗਾ।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿਚਲੇ ਚੌਥੇ ਸ਼ਬਦ ਸਾਧੋ ਇਹੁ ਮਨੁ ਗਹਿਓ ਨ ਜਾਈ॥ ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥੧॥ ਰਹਾਉ॥ ਵਿੱਚ ਗੁਰੂ ਜੀ ਮਨ ਨੂੰ ਵਸ ਵਿੱਚ ਕਰਨ ਦਾ ਮਾਰਗ ਦਰਸਾ ਰਹੇ ਹਨ। ਇਹ ਸ਼ਬਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ੨੧੯ ‘ਤੇ ਗਉੜੀ ਰਾਗ ਅਧੀਨ ਅੰਕਿਤ ਹੈ।

ਗਉੜੀ ਮਹਲਾ ੯॥
ਸਾਧੋ ਇਹੁ ਮਨੁ ਗਹਿਓ ਨ ਜਾਈ॥

- Advertisement -

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ॥੧॥ ਰਹਾਉ॥

ਹੇ ਸੰਤ ਜਨੋ! ਇਹ ਮਨ ਵੱਸ ਵਿਚ ਕੀਤਾ ਨਹੀਂ ਜਾ ਸਕਦਾ, (ਕਿਉਂਕਿ ਇਹ ਮਨ ਸਦਾ) ਅਨੇਕਾਂ ਹਾਵ-ਭਾਵ ਕਰਨ ਵਾਲੀ ਤ੍ਰਿਸ਼ਨਾ ਨਾਲ ਵੱਸਦਾ ਰਹਿੰਦਾ ਹੈ, ਇਸ ਵਾਸਤੇ ਇਹ ਕਦੇ ਟਿਕ ਕੇ ਨਹੀਂ ਰਹਿੰਦਾ।1। ਰਹਾਉ।

ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ॥

ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ॥੧॥

(ਹੇ ਸੰਤ ਜਨੋ!) ਵੱਸ ਵਿਚ ਨਾਹ ਆ ਸਕਣ ਵਾਲਾ ਕ੍ਰੋਧ ਭੀ ਇਸ ਹਿਰਦੇ ਵਿਚ ਹੀ ਵੱਸਦਾ ਹੈ, ਜਿਸ ਨੇ (ਮਨੁੱਖ ਨੂੰ ਭਲੇ ਪਾਸੇ ਦੀ) ਸਾਰੀ ਹੋਸ਼ ਭੁਲਾ ਦਿੱਤੀ ਹੈ। (ਕ੍ਰੋਧ ਨੇ) ਹਰੇਕ ਮਨੁੱਖ ਦਾ ਸ੍ਰੇਸ਼ਟ ਗਿਆਨ ਚੁਰਾ ਲਿਆ ਹੈ, ਉਸ ਨਾਲ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ।1।

- Advertisement -

ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ॥

ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥

ਸਾਰੇ ਜੋਗੀ (ਇਸ ਮਨ ਨੂੰ ਕਾਬੂ ਕਰਨ ਦੇ) ਜਤਨ ਕਰਦੇ ਕਰਦੇ ਥੱਕ ਗਏ, ਵਿਦਵਾਨ ਮਨੁੱਖ ਆਪਣੀ ਵਿੱਦਿਆ ਦੀਆਂ ਵਡਿਆਈਆਂ ਕਰਦੇ ਥੱਕ ਗਏ (ਨਾਹ ਜੋਗ-ਸਾਧਨ, ਨਾਹ ਵਿੱਦਿਆ-ਮਨ ਨੂੰ ਕੋਈ ਭੀ ਵੱਸ ਵਿਚ ਲਿਆਉਣ ਦੇ ਸਮਰੱਥ ਨਹੀਂ)। ਨੌਵੇਂ ਨਾਨਕ ਆਖ ਰਹੇ ਹਨ ਹੇ ਭਾਈ! ਜਦੋਂ ਪ੍ਰਭੂ ਜੀ ਦਇਆਵਾਨ ਹੁੰਦੇ ਹਨ, ਤਾਂ (ਇਸ ਮਨ ਨੂੰ ਕਾਬੂ ਵਿਚ ਰੱਖਣ ਦੇ) ਸਾਰੇ ਢੋ ਢੁਕ ਪੈਂਦੇ ਹਨ।2।4।

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਇਸ ਸ਼ਬਦ ਰਾਹੀਂ ਉਪਦੇਸ਼ ਕਰ ਰਹੇ ਹਨ ਕਿ ਹੇ ਭਾਈ ਮਨ ਨੂੰ ਕਾਬੂ ਕਰਨ ਲਈ ਜੋਗ ਸਾਧਨਾ ਜਾਂ ਵਿਦਵਤਾ ਆਦਿ ਕਾਫੀ ਨਹੀਂ ਕਿਉਂਕਿ ਵੱਡੇ ਵੱਡੇ ਜੋਗੀ ਤੇ ਵਿਦਵਾਨ ਇਹ ਸਭ ਕਰ ਕੇ ਹਾਰ ਚੁਕੇ ਹਨ। ਇਸ ਲਈ ਕੇਵਲ ਅਕਾਲ ਪੁਰਖ ਦਾ ਨਾਮ ਹੀ ਮਨ ਨੂੰ ਕਾਬੂ ਕਰ ਸਕਦਾ ਹੈ। ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਦਇਆਵਾਨ ਹੋਵੇਗਾ ਉਦੋਂ ਫਿਰ ਸਾਰੇ ਕੀਤੇ ਛੋਟੇ-ਛੋਟੇ ਜਤਨ ਵੀ ਸਾਕਾਰ ਹੋਣਗੇ। ਫਿਰ ਮਨ ਉਹੀ ਕਰੇਗਾ ਜੋ ਤੂੰ ਚਾਹੇਗਾ।

ਸ਼ਬਦ ਦੀ ਵਿਚਾਰ ਲਈ ਅਧਾਰ ਸਰੋਤ ਪ੍ਰੋਫੈਸਰ ਸਾਹਿਬ ਸਿੰਘ ਦੁਆਰਾ ਗੁਰਬਾਣੀ ਦੇ ਕੀਤੇ ਟੀਕੇ ਨੂੰ ਬਣਾਇਆ ਗਿਆ ਹੈ। ਸ਼ਬਦ ਵਿਚਾਰ ਦੀ ਇਹ ਪਾਵਨ ਲੜੀ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 6 ਵਜੇ ਆਪ ਸਭ ਦੇ ਸਨਮੁਖ ਲੈ ਕੇ ਹਾਜਰ ਹੁੰਦੇ ਹਾਂ। ਇਸ ਨੂੰ ਹੋਰ ਵਧੀਆ ਕਰਨ ਲਈ ਤੁਸੀਂ ਆਪਣੇ ਸੁਝਾਅ ਜ਼ਰੂਰ ਦੇਵੋ ਜੀ। ਤੁਹਾਡੇ ਸੁਝਾਅ ਸਾਡਾ ਰਾਹ ਦਸੇਰਾ ਬਣਨਗੇ। ਭੁੱਲਾਂ ਚੁੱਕਾਂ ਦੀ ਖਿਮਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ॥

Share this Article
Leave a comment