ਇਤਿਹਾਸਕ ਮੀਲ ਪੱਥਰ: NDA ਪੁਣੇ ਤੋਂ ਪਹਿਲੀਆਂ ਮਹਿਲਾ ਕੈਡਿਟਾਂ ਦੀ ਗ੍ਰੈਜੂਏਸ਼ਨ

Global Team
2 Min Read

ਪੁਣੇ ਸਥਿਤ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਤੋਂ 17 ਮਹਿਲਾ ਕੈਡਿਟਾਂ ਦੇ ਪਹਿਲੇ ਬੈਚ ਨੇ ਸ਼ੁੱਕਰਵਾਰ ਨੂੰ ਇਤਿਹਾਸ ਰਚਦਿਆਂ 300 ਤੋਂ ਵੱਧ ਪੁਰਸ਼ ਸਹਿਪਾਠੀਆਂ ਨਾਲ ਗ੍ਰੈਜੂਏਸ਼ਨ ਕੀਤੀ।

ਕੈਡਿਟਾਂ ਨੇ ਖਡਕਵਾਸਲਾ ਵਿਚ ਤਿੰਨ-ਸੇਵਾ ਸਿਖਲਾਈ ਅਕੈਡਮੀ ਦੇ ਖੇਤਰਪਾਲ ਪਰੇਡ ਗਰਾਊਂਡ ਵਿਚ ‘ਅੰਤਿਮ ਪਗ’ ਨੂੰ ਪਾਰ ਕੀਤਾ, ਜਿਸ ਨੂੰ ਵਿਆਪਕ ਤੌਰ ‘ਤੇ ‘ਲੀਡਰਸ਼ਿਪ ਦਾ ਪੰਘੂੜਾ’ ਕਿਹਾ ਜਾਂਦਾ ਹੈ। ਸਾਬਕਾ ਫੌਜ ਮੁਖੀ ਅਤੇ ਮਿਜ਼ੋਰਮ ਦੇ ਮੌਜੂਦਾ ਰਾਜਪਾਲ ਜਨਰਲ ਵੀ.ਕੇ. ਸਿੰਘ ਪਾਸਿੰਗ ਆਊਟ ਪਰੇਡ ਦੇ ਸਮੀਖਿਆ ਅਧਿਕਾਰੀ ਸਨ।

ਮਹਿਲਾ ਕੈਡਿਟਾਂ ਦਾ ਪਹਿਲਾ ਬੈਚ 2022 ਵਿਚ ਐਨ.ਡੀ.ਏ. ਦੇ 148ਵੇਂ ਕੋਰਸ ਵਿਚ ਸ਼ਾਮਲ ਹੋਇਆ ਸੀ, ਜਦੋਂ ਯੂ.ਪੀ.ਐਸ.ਸੀ. ਨੇ 2021 ਵਿਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਔਰਤਾਂ ਨੂੰ ਰੱਖਿਆ ਅਕੈਡਮੀ ਵਿਚ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਸੀ। ਅਕੈਡਮੀ ਦੇ ਕੈਡਿਟ ਕਪਤਾਨ ਉਦੈਵੀਰ ਨੇਗੀ ਨੇ 148ਵੇਂ ਕੋਰਸ ਦੀ ਪਰੇਡ ਦੀ ਕਮਾਂਡ ਕੀਤੀ।

ਜਨਰਲ ਸਿੰਘ ਨੇ ਇਸ ਮੌਕੇ ‘ਤੇ ਕਿਹਾ, “ਅੱਜ ਅਕੈਡਮੀ ਦੇ ਇਤਿਹਾਸ ਵਿਚ ਇਕ ਵਿਲੱਖਣ ਅਤੇ ਮਹੱਤਵਪੂਰਨ ਦਿਨ ਹੈ ਕਿਉਂਕਿ ਐਨ.ਡੀ.ਏ. ਤੋਂ ਮਹਿਲਾ ਕੈਡਿਟਾਂ ਦਾ ਪਹਿਲਾ ਬੈਚ ਪਾਸ ਹੋਇਆ ਹੈ। ਇਹ ਸਾਡੀ ਸਮਾਵੇਸ਼ੀ ਅਤੇ ਸਸ਼ਕਤੀਕਰਨ ਵੱਲ ਸਾਮੂਹਿਕ ਯਾਤਰਾ ਵਿਚ ਇਕ ਇਤਿਹਾਸਕ ਮੀਲ ਪੱਥਰ ਹੈ।”

ਉਨ੍ਹਾਂ ਕਿਹਾ, “ਇਹ ਨੌਜੁਆਨ ਔਰਤਾਂ ‘ਨਾਰੀ ਸ਼ਕਤੀ’ ਦਾ ਪ੍ਰਤੀਕ ਹਨ, ਜੋ ਨਾ ਸਿਰਫ਼ ਔਰਤਾਂ ਦੇ ਸਸ਼ਕਤੀਕਰਨ ਨੂੰ ਦਰਸਾਉਂਦੀਆਂ ਹਨ, ਸਗੋਂ ਔਰਤਾਂ ਦੀ ਅਗਵਾਈ ਵਾਲੇ ਵਿਕਾਸ ਨੂੰ ਵੀ ਪ੍ਰਦਰਸ਼ਿਤ ਕਰਦੀਆਂ ਹਨ।”

ਉਨ੍ਹਾਂ ਨੇ ਅੱਗੇ ਕਿਹਾ, “ਮੈਂ ਇਕ ਅਜਿਹੇ ਭਵਿੱਖ ਦੀ ਕਲਪਨਾ ਕਰਦਾ ਹਾਂ ਜਦੋਂ ਇਨ੍ਹਾਂ ਨੌਜੁਆਨ ਔਰਤਾਂ ਵਿਚੋਂ ਕੋਈ ਇਕ ਉਸ ਸੇਵਾ ਵਿਚ ਉੱਚ ਅਹੁਦਿਆਂ ‘ਤੇ ਪਹੁੰਚ ਸਕਦੀ ਹੈ ਜਿਸ ਵਿਚ ਉਹ ਜਾਂਦੀ ਹੈ।”

Share This Article
Leave a Comment