ਪੰਜਾਬ ਵਿਧਾਨ ਸਭਾ ‘ਚ ਬੇਜ਼ੁਬਾਨ ਜਾਨਵਰਾਂ ਦੀ ਭਲਾਈ ਲਈ ਇਤਿਹਾਸਕ ਬਿਲ ਪੇਸ਼, ਡਾ. ਬਲਜੀਤ ਕੌਰ ਨੇ ਬਿੱਲ ਦੀ ਕੀਤੀ ਸ਼ਲਾਘਾ

Global Team
3 Min Read

ਚੰਡੀਗੜ੍ਹ: ਅੱਜ ਇਥੇ ਪੰਜਾਬ ਵਿਧਾਨ ਸਭਾ ਵਿੱਚ ‘ਪ੍ਰੀਵੈਨਸ਼ਨ ਆਫ ਕਰੂਐਲਟੀ ਟੂ ਐਨੀਮਲਜ਼ (ਪੰਜਾਬ ਸੋਧਨਾ) ਬਿਲ 2025’ ਦੀ ਪੇਸ਼ਕਸ਼ ਤੇ ਚਰਚਾ ਦੌਰਾਨ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਇਸ ਬਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਿਲ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਬਚਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ।

ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਮਨੁੱਖ ਅਤੇ ਜਾਨਵਰਾਂ ਦਾ ਰਿਸ਼ਤਾ ਬਹੁਤ ਹੀ ਪੁਰਾਤਨ ਅਤੇ ਗੂੜਾ ਹੈ। ਮਨੁੱਖ ਜੰਗਲਾਂ ਵਿਚੋ ਉਭਰ ਕੇ, ਆਪਣੇ ਬੁੱਧੀ ਤੇ ਸੰਚਾਰ ਦੇ ਸਾਧਨਾਂ ਰਾਹੀਂ ਅੱਜ ਤੱਕ ਤਰੱਕੀ ਕੀਤੀ ਹੈ, ਪਰ ਦੁੱਖ ਦੀ ਗੱਲ ਹੈ ਕਿ ਵਿਕਾਸ ਦੇ ਇਸ ਦੌਰ ਵਿੱਚ ਮਨੁੱਖ ਪਸ਼ੂ ਪੰਛੀਆਂ ਨਾਲ ਜ਼ੁਰਮ ਅਤੇ ਬਦਸਲੂਕੀ ਵੀ ਕਰਨ ਲੱਗ ਪਿਆ।

ਉਨ੍ਹਾਂ ਕਿਹਾ ਕਿ ਮਨੁੱਖ ਜਿੱਥੇ ਆਪਣੀ ਸਮਝਦਾਰੀ ਨਾਲ ਰਾਜ ਕਰਦਾ ਗਿਆ, ਉੱਥੇ ਆਪਣੇ ਸਵਾਰਥ ਦੀ ਪੁਸ਼ਟੀ ਲਈ ਪਸ਼ੂਆਂ ਉੱਤੇ ਵੀ ਹਕ ਜਤਾਉਣ ਲੱਗ ਗਿਆ। ਮੰਤਰੀ ਨੇ ਇੱਕ ਕਥਾ ਜ਼ਰੀਏ ਇਹ ਦਰਸਾਇਆ ਕਿ ਅਸਲ ਵਿੱਚ ਸਭ ਤੋਂ ਵਧ ਤਾਕਤਵਰ ਜੀਵ ਮਨੁੱਖ ਬਣ ਗਿਆ, ਜੋ ਜਾਨਵਰਾਂ ਦੀ ਭਲਾਈ ਜਾਂ ਸੁਰੱਖਿਆ ਦੀ ਜਿੰਮੇਵਾਰੀ ਨਿਭਾਉਣ ਦੀ ਥਾਂ ਉਨ੍ਹਾਂ ਉੱਤੇ ਅੱਤਿਆਚਾਰ ਕਰਨ ਲੱਗ ਪਿਆ।

ਡਾ. ਬਲਜੀਤ ਕੌਰ ਨੇ ਵਿਧਾਨ ਸਭਾ ਰਾਹੀਂ ਇਹ ਸੰਦੇਸ਼ ਦਿੱਤਾ ਕਿ ਧਰਤੀ ਸਿਰਫ ਮਨੁੱਖਾਂ ਲਈ ਨਹੀਂ, ਸਗੋਂ ਹਰ ਜੀਵ ਜੰਤੂ, ਪਸ਼ੂ, ਪੰਛੀ ਤੇ ਮਾਈਕਰੋ ਆਰਗਨਿਜ਼ਮ ਲਈ ਬਣੀ ਹੈ। ਜਦੋਂ ਕੁਦਰਤ ਦੇ ਕਿਸੇ ਭਾਗ ‘ਤੇ ਅੱਤਿਆਚਾਰ ਹੁੰਦਾ ਹੈ, ਤਾਂ ਕੁਦਰਤੀ ਸੰਤੁਲਨ ਟੁੱਟਦਾ ਹੈ, ਜਿਸ ਦਾ ਨੁਕਸਾਨ ਅਖ਼ੀਰ ਮਨੁੱਖੀ ਜਾਤੀ ਨੂੰ ਹੀ ਭੁਗਤਣਾ ਪੈਂਦਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਹਮੇਸ਼ਾ ਤੋਂ ਪਸ਼ੂ ਪੰਛੀਆਂ ਨੂੰ ਘਰਾਂ ਦਾ ਹਿੱਸਾ ਮੰਨਦਾ ਆਇਆ ਹੈ। ਗਾਵਾਂ, ਮੱਝਾਂ, ਬੈਲਾਂ ਅਤੇ ਹੋਰ ਪਸ਼ੂਆਂ ਨੂੰ ਬੱਚਿਆਂ ਵਾਂਗ ਪਾਲਿਆ ਜਾਂਦਾ ਸੀ। ਮੰਤਰੀ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਪਸ਼ੂ ਪੰਛੀਆਂ ਦੀ ਸੁਰੱਖਿਆ ਅਤੇ ਪੰਜਾਬੀ ਰਿਵਾਇਤਾਂ ਨੂੰ ਮੁੜ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਬਿਲ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਇਆ ਹੈ, ਜੋ ਮਨੁੱਖੀ ਸੱਭਿਆਚਾਰ, ਪਸ਼ੂ ਪੰਛੀਆਂ ਦੇ ਹੱਕਾਂ ਅਤੇ ਕੁਦਰਤ ਦੇ ਸੰਤੁਲਨ ਲਈ ਮਹੱਤਵਪੂਰਨ ਹੈ।

ਉਨ੍ਹਾਂ ਆਖਿਰ ਵਿੱਚ ਕਿਹਾ ਕਿ, ‘’ਪਸ਼ੂ ਪੰਛੀਆਂ ਦੀ ਸੁਰੱਖਿਆ ਅਤੇ ਸੇਵਾ ਸਾਡੀ ਜਿੰਮੇਵਾਰੀ ਹੈ, ਤੇ ਮੈਂ ਇਸ ਬਿਲ ਦੀ ਪੂਰੀ ਹਮਾਇਤ ਕਰਦੀ ਹਾਂ।’’

Share This Article
Leave a Comment