ਸ਼ਿਮਲਾ : ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਅਤੇ ਮੰਡੀ ਜ਼ਿਲੇ ਤੋਂ ਹਾਦਸੇ ਦੀ ਭਿਆਨਕ ਖਬਰ ਸਾਹਮਣੇ ਆਈ ਹੈ। ਇੱਥੇ ਸ਼ਿਮਲਾ ਜ਼ਿਲ੍ਹੇ ਦੇ ਰਾਮਪੁਰ ਇਲਾਕੇ ਦੇ ਸਮੇਜ ਖੱਡ ਇਲਾਕੇ ‘ਚ ਬੱਦਲ ਫਟ ਗਿਆ। ਇਸ ਦੇ ਨਾਲ ਹੀ ਮੰਡੀ ਉਪਮੰਡਲ ਦੇ ਥਲਤੂਖੌੜ ਇਲਾਕੇ ਵਿੱਚ ਵੀ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਬੱਦਲ ਫਟਣ ਕਾਰਨ ਕੁੱਲ 28 ਲੋਕ ਲਾਪਤਾ ਹੋ ਗਏ ਹਨ। ਬਚਾਅ ਟੀਮਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਜਾ ਰਿਹਾ ਹੈ।
ਅਪਡੇਟ ਦੇ ਮੁਤਾਬਕ, ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਦੇ ਰਾਮਪੁਰ ਖੇਤਰ ਚ ਇਸ ਤਬਾਹੀ ਤੋਂ ਬਾਅਦ 19 ਲੋਕ ਲਾਪਤਾ ਦੱਸੇ ਜਾ ਰਹੇ ਹਨ। ਸ਼ਿਮਲਾ ਦੇ ਡਿਪਟੀ ਕਮਿਸ਼ਨਰ (ਡੀਸੀ) ਅਨੁਪਮ ਕਸ਼ਯਪ ਨੇ ਕਿਹਾ ਹੈ ਕਿ ਐਸਡੀਆਰਐਫ ਦੀ ਟੀਮ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ।
ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਪਧਰ ਸਬ-ਡਿਵੀਜ਼ਨ ਦੇ ਥਲਤੁਖੋੜ ਵਿੱਚ ਬੱਦਲ ਫਟਣ ਦੀ ਘਟਨਾ ਵਾਪਰੀ ਹੈ। ਇਸ ਹਾਦਸੇ ‘ਚ 9 ਲੋਕ ਲਾਪਤਾ ਦੱਸੇ ਜਾ ਰਹੇ ਹਨ। ਇਸ ਦੇ ਨਾਲ ਹੀ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ, ਜਿਸ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮੰਡੀ ਦੇ ਡਿਪਟੀ ਕਮਿਸ਼ਨਰ ਅਪੂਰਵਾ ਦੇਵਗਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਐਨਡੀਆਰਐਫ ਦੀ ਟੀਮ ਘਟਨਾ ਸਥਾਨ ਲਈ ਰਵਾਨਾ ਹੋ ਗਈ ਹੈ।
ਦੇਰ ਰਾਤ ਹਿਮਾਚਲ ਪ੍ਰਦੇਸ਼ ‘ਚ ਜ਼ਿਆਦਾਤਰ ਥਾਵਾਂ ‘ਤੇ ਮੀਂਹ ਪਿਆ ਹੈ, ਕੁੱਲੂ ਅਤੇ ਸ਼ਿਮਲਾ ਦੀ ਸਰਹੱਦ ‘ਤੇ ਸਥਿਤ ਨਿਰਮੰਡ ਨਾਮਕ ਸਥਾਨ ‘ਤੇ ਮੀਂਹ ਕਾਰਨ ਤਬਾਹੀ ਦੀ ਖਬਰ ਹੈ। ਦੂਜੇ ਪਾਸੇ ਕੁੱਲੂ ਦੀ ਸਾਂਜ ਘਾਟੀ ‘ਚ ਵੀ ਪਾਰਵਤੀ ਨਦੀ ‘ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਬਾਰਿਸ਼ ਰਾਤ ਦੇ ਸਮੇਂ ਵੀ ਜਾਰੀ ਰਹੀ ਇਸ ਲਈ ਫਿਲਹਾਲ ਕੋਈ ਅਣਸੁਖਾਵੀਂ ਖ਼ਬਰ ਨਹੀਂ ਹੈ।
ਕੁੱਲੂ ਜ਼ਿਲ੍ਹੇ ਦੀ ਤੀਜੀ ਘਟਨਾ ਮਣੀਕਰਨ ਘਾਟੀ ਦੀ ਦੱਸੀ ਜਾ ਰਹੀ ਹੈ। ਇੱਥੇ ਮਲਾਨਾ ਡੈਮ ਓਵਰਫਲੋ ਹੋ ਗਿਆ ਹੈ। ਕੁਝ ਲੋਕ ਇਹ ਵੀ ਦੱਸ ਰਹੇ ਹਨ ਕਿ ਬੰਨ੍ਹ ਦੀ ਕੁਝ ਕੰਧ ਟੁੱਟ ਗਈ ਹੈ, ਪਰ ਇਹ ਪਾਣੀ ਘੱਟਣ ਤੋਂ ਬਾਅਦ ਹੀ ਪਤਾ ਲੱਗੇਗਾ। ਇਸ ਸਮੇਂ ਮਲਾਨਾ ਡੈਮ ਦੇ ਆਲੇ-ਦੁਆਲੇ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ। ਮਨਾਲੀ ਵੱਲ ਜਾਣ ਵਾਲਾ ਹਾਈਵੇ ਹੜ੍ਹਾਂ ਕਾਰਨ ਬੰਦ ਕਰ ਦਿੱਤਾ ਗਿਆ ਹੈ, ਮਨਾਲੀ ਨੇੜੇ ਰਾਇਸਨ ਵਿੱਚ ਸੜਕ ਦਾ ਕੁਝ ਹਿੱਸਾ ਨੁਕਸਾਨਿਆ ਗਿਆ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਬੱਦਲ ਫਟਣ ਕਾਰਨ ਹੋਏ ਭਾਰੀ ਨੁਕਸਾਨ ਦਾ ਨੋਟਿਸ ਲਿਆ ਹੈ। ਜੇਪੀ ਨੱਡਾ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨਾਲ ਗੱਲਬਾਤ ਕਰਕੇ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਕੇਂਦਰੀ ਮੰਤਰੀ ਨੱਡਾ ਨੇ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਰੇ ਭਾਜਪਾ ਵਰਕਰਾਂ ਨੂੰ ਰਾਹਤ ਕਾਰਜਾਂ ਵਿੱਚ ਜੁਟ ਜਾਣ ਦੇ ਨਿਰਦੇਸ਼ ਦਿੱਤੇ ਹਨ।