ਨਿਊਜ਼ ਡੈਸਕ : ਟੀਵੀ ਇੰਡਸਟਰੀ ਦੇ ਅਦਾਕਾਰ ਨਿਤਿਨ ਕੁਮਾਰ ਸਤਿਆਪਾਲ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। 35 ਸਾਲ ਦੀ ਉਮਰ ‘ਚ ਨਿਤਿਨ ਨੇ ਇਹ ਕਦਮ ਚੁੱਕ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਪੁਲਸ ਰਿਪੋਰਟਾਂ ਮੁਤਾਬਕ ਨਿਤਿਨ ਮੁੰਬਈ ਦੇ ਗੋਰੇਗਾਂਵ ‘ਚ ਰਹਿੰਦਾ ਸੀ। ਉਸ ਨੇ ਸ਼ੁੱਕਰਵਾਰ ਸ਼ਾਮ ਨੂੰ ਖੁਦਕੁਸ਼ੀ ਕਰ ਲਈ। ਟੀਵੀ ਅਦਾਕਾਰ ਨੇ ਕੀਤੀ ਖੁਦਕੁਸ਼ੀ ਨਿਤਿਨ ਕੁਮਾਰ ਦਾ ਅਪਾਰਟਮੈਂਟ ਯਸ਼ੋਧਾਮ ਇਲਾਕੇ ਵਿੱਚ ਸੀ।
ਜਿੱਥੇ ਉਸ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਅਧਿਕਾਰੀਆਂ ਨੇ ਬਿਆਨ ‘ਚ ਇਹ ਜਾਣਕਾਰੀ ਦਿੱਤੀ। ਨਿਤਿਨ ਡਿਪ੍ਰੇਸ਼ਨ ਤੋਂ ਪੀੜਤ ਸੀ। ਉਹ ਕਈ ਸਾਲਾਂ ਤੋਂ ਡਿਪ੍ਰੈਸ਼ਨ ਦੀ ਦਵਾਈ ਵੀ ਲੈ ਰਿਹਾ ਸੀ। ਉਸ ਨੂੰ ਟੀਵੀ ਜਾਂ ਫ਼ਿਲਮਾਂ ਵਿੱਚ ਕੰਮ ਨਹੀਂ ਮਿਲ ਰਿਹਾ ਸੀ। ਅਜਿਹੇ ਹਾਲਾਤ ਵਿੱਚ ਉਹ ਬਹੁਤ ਦੁਖੀ ਰਹਿੰਦਾ ਸੀ। ਥੈਰੇਪੀ ਅਤੇ ਦਵਾਈਆਂ ਦੇ ਬਾਵਜੂਦ ਉਹ ਡਿਪਰੈਸ਼ਨ ਤੋਂ ਬਾਹਰ ਨਹੀਂ ਆ ਸਕਿਆ, ਜਿਸ ਕਾਰਨ ਉਸਨੇ ਖੁਦਕੁਸ਼ੀ ਕਰ ਲਈ।
ਨਿਤਿਨ ਦੀ ਪਤਨੀ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਪਾਰਕ ‘ਚ ਗਈ ਹੋਈ ਸੀ। ਜਦੋਂ ਉਹ ਘਰ ਪਰਤੀ ਤਾਂ ਘਰ ਅੰਦਰੋਂ ਬੰਦ ਸੀ। ਉਸ ਨੂੰ ਨਹੀਂ ਸੀ ਪਤਾ ਕਿ ਨਿਤਿਨ ਪਿੱਛੋਂ ਅਜਿਹਾ ਕਰੇਗਾ। ਜਦੋਂ ਘਰ ਬੰਦ ਮਿਲਿਆ ਤੇ ਵਾਰ-ਵਾਰ ਖੜਕਾਉਣ ਦੇ ਬਾਵਜੂਦ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਉਸ ਨੇ ਰੌਲਾ ਪਾਇਆ। ਕਿਸੇ ਤਰ੍ਹਾਂ ਉਹ ਫਲੈਟ ਦੇ ਅੰਦਰ ਜਾਣ ‘ਚ ਕਾਮਯਾਬ ਰਹੀ। ਅੰਦਰ ਜਾ ਕੇ ਦੇਖਿਆ ਤਾਂ ਨਿਤਿਨ ਪੱਖੇ ਨਾਲ ਲਟਕਿਆ ਹੋਇਆ ਸੀ। ਨਿਤਿਨ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਧਿਕਾਰੀਆਂ ਮੁਤਾਬਕ ਮਾਮਲਾ ਦਰਜ ਕਰ ਲਿਆ ਗਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਨਿਤਿਨ ਦਾ ਪਰਿਵਾਰ ਸਦਮੇ ਵਿੱਚ ਹੈ।