ਖਨੌਰੀ ਅਤੇ ਸ਼ੰਭੂ ਸਰਹੱਦ ਤੋਂ ਇੱਕ ਸਾਲ ਬਾਅਦ ਅੱਜ ਖੁੱਲ੍ਹੇਗਾ ਹਾਈਵੇਅ

Global Team
5 Min Read

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਕਿਸਾਨ ਅੰਦੋਲਨ 2.0 ‘ਤੇ ਬੁੱਧਵਾਰ ਰਾਤ ਨੂੰ ਪੁਲਿਸ ਨੇ ਪੂਰੀ ਯੋਜਨਾਬੰਦੀ ਨਾਲ ਵੱਡੀ ਕਾਰਵਾਈ ਕੀਤੀ। ਭਾਰੀ ਪੁਲਿਸ ਫੋਰਸ ਨੇ ਦੋਵਾਂ ਸਰਹੱਦਾਂ ਤੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਦੌਰਾਨ ਪੁਲਿਸ ਕਾਰਵਾਈ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਨੂੰ ਜਬਰੀ ਬੱਸਾਂ ਵਿੱਚ ਬਿਠਾ ਦਿੱਤਾ ਗਿਆ। ਇਸ ਤੋਂ ਇਲਾਵਾ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਬਣਾਏ ਗਏ ਸਟੇਜਾਂ ਅਤੇ ਆਰਜ਼ੀ ਮਕਾਨਾਂ ਨੂੰ ਵੀ ਢਾਹ ਦਿੱਤਾ ਗਿਆ ਹੈ। ਕਿਸਾਨਾਂ ਦੀਆਂ ਟਰੈਕਟਰ-ਟਰਾਲੀਆਂ ਵੀ ਸਰਹੱਦਾਂ ਤੋਂ ਹਟਾਈਆਂ ਗਈਆਂ ਹਨ। ਸ਼ੰਭੂ ਅਤੇ ਖਨੌਰੀ ਮੋਰਚੇ ਤੋਂ ਔਰਤਾਂ ਨੂੰ ਵਾਹਨਾਂ ਵਿੱਚ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਗਿਆ। ਕਈ ਕਿਸਾਨਾਂ ਨੇ ਆਪ ਹੀ ਆਪਣੇ ਘਰਾਂ ਲਈ ਮੋਰਚਾ ਛੱਡ ਦਿੱਤਾ। ਕਿਸਾਨਾਂ ਦੇ ਪੱਕੇ ਢਾਂਚੇ ਨੂੰ ਕਰੇਨਾਂ ਅਤੇ ਜੇਸੀਬੀ ਨਾਲ ਤੋੜਿਆ ਜਾ ਰਿਹਾ ਹੈ। ਹੁਣ ਵੀਰਵਾਰ ਤੋਂ ਹਾਈਵੇਅ ਦਾ ਕੰਮ ਸ਼ੁਰੂ ਹੋ ਜਾਵੇਗਾ।

ਪੁਲਿਸ ਦੀ ਇਸ ਕਾਰਵਾਈ ਦੇ ਬੁੱਧਵਾਰ ਸਵੇਰ ਤੋਂ ਹੀ ਸੰਕੇਤ ਮਿਲੇ ਹਨ ਕਿਉਂਕਿ ਸਰਹੱਦਾਂ ਦੇ ਨੇੜੇ ਵੱਡੀ ਗਿਣਤੀ ‘ਚ ਪੁਲਿਸ ਤਾਇਨਾਤ ਕੀਤੀ ਗਈ ਸੀ ਅਤੇ ਬੱਸਾਂ, ਐਂਬੂਲੈਂਸਾਂ, ਟਰੈਕਟਰਾਂ ਅਤੇ ਰਾਈਟ ਕੰਟਰੋਲ ਵਾਹਨਾਂ ਨੂੰ ਤਾਇਨਾਤ ਕੀਤਾ ਗਿਆ ਸੀ। ਪੁਲਿਸ ਨੇ ਇਹ ਕਾਰਵਾਈ ਪੂਰੀ ਯੋਜਨਾਬੰਦੀ ਨਾਲ ਕੀਤੀ ਹੈ। ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਮਨਜੀਤ ਸਿੰਘ ਰਾਏ, ਸੁਖਜੀਤ ਸਿੰਘ ਹਰਦੋਝੰਡੇ ਸਮੇਤ ਸਾਰੇ ਵੱਡੇ ਕਿਸਾਨ ਆਗੂ ਕੇਂਦਰ ਨਾਲ ਮੀਟਿੰਗ ਲਈ ਬੁੱਧਵਾਰ ਸਵੇਰ ਤੋਂ ਹੀ ਚੰਡੀਗੜ੍ਹ ਚਲੇ ਗਏ ਸਨ। ਪੁਲਿਸ  ਨੇ ਪਹਿਲਾਂ ਮੀਟਿੰਗ ਤੋਂ ਵਾਪਸ ਸਰਹੱਦਾਂ ਵੱਲ ਜਾ ਰਹੇ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ।

ਇਸ ਤੋਂ ਬਾਅਦ ਭਾਰੀ ਪੁਲਿਸ ਫੋਰਸ ਦੋਵੇਂ ਮੋਰਚਿਆਂ ਕੋਲ ਪਹੁੰਚ ਗਈ। ਕਿਉਂਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਸੀ ਕਿ ਉਨ੍ਹਾਂ ਦੇ ਆਗੂਆਂ ਦੀ ਗੈਰਹਾਜ਼ਰੀ ਵਿੱਚ ਕਿਸਾਨ ਬਹੁਤਾ ਰੋਸ ਪ੍ਰਦਰਸ਼ਨ ਨਹੀਂ ਕਰ ਸਕਣਗੇ। ਕਿਸਾਨਾਂ ਨੂੰ ਸੇਧ ਦੇਣ ਵਾਲਾ ਕੋਈ ਨਹੀਂ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਕੋਲ ਇਹ ਵੀ ਜਾਣਕਾਰੀ ਸੀ ਕਿ ਸਰਹੱਦਾਂ ‘ਤੇ ਬਹੁਤੇ ਕਿਸਾਨ ਨਹੀਂ ਹਨ। ਜਿਸ ਸਮੇਂ ਪੁਲਿਸ ਨੇ ਖਨੌਰੀ ਬਾਰਡਰ ‘ਤੇ ਕਾਰਵਾਈ ਕੀਤੀ, ਉਸ ਸਮੇਂ ਸਿਰਫ਼ 200 ਦੇ ਕਰੀਬ ਕਿਸਾਨ ਉੱਥੇ ਮੌਜੂਦ ਸਨ, ਜਦੋਂਕਿ ਪੁਲਿਸ ਫੋਰਸ ਦੀ ਗਿਣਤੀ 3000 ਦੇ ਕਰੀਬ ਸੀ। ਕਿਸਾਨ ਇੰਨੀ ਵੱਡੀ ਪੁਲਿਸ ਫੋਰਸ ਦੇ ਸਾਹਮਣੇ ਨਹੀਂ ਖੜੇ ਸਨ।

ਕੇਂਦਰ ਨਾਲ ਮੀਟਿੰਗ ਕਰਕੇ ਸਰਹੱਦਾਂ ’ਤੇ ਪਰਤਦੇ ਸਮੇਂ ਗ੍ਰਿਫ਼ਤਾਰ ਕੀਤੇ ਕਿਸਾਨ ਆਗੂਆਂ ਨੂੰ ਪਟਿਆਲਾ ਲਿਆਂਦਾ ਗਿਆ ਹੈ। ਜਿੱਥੇ ਡੱਲੇਵਾਲ ਨੂੰ ਛੱਡ ਕੇ ਬਾਕੀ ਕਿਸਾਨ ਆਗੂਆਂ ਨੂੰ ਪਟਿਆਲਾ ਨੇੜੇ ਬਹਾਦਰਗੜ੍ਹ ਸਥਿਤ ਕਮਾਂਡੋ ਪੁਲਿਸ ਟਰੇਨਿੰਗ ਸੈਂਟਰ ਵਿਖੇ ਬਣਾਏ ਗਏ ਆਰਜ਼ੀ ਹਿਰਾਸਤੀ ਕੇਂਦਰ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਸਪੱਸ਼ਟ ਕਿਹਾ ਕਿ ਪੁਲਿਸ ਨੂੰ ਹੁਕਮ ਮਿਲੇ ਹਨ, ਜਿਸ ਅਨੁਸਾਰ ਸਰਹੱਦਾਂ ਨੂੰ ਪੂਰੀ ਤਰ੍ਹਾਂ ਖਾਲੀ ਕਰਵਾਇਆ ਜਾ ਰਿਹਾ ਹੈ। ਕਿਉਂਕਿ ਇਨ੍ਹਾਂ ਬਾਰਡਰਾਂ ਦੇ ਬੰਦ ਹੋਣ ਕਾਰਨ ਵਪਾਰੀਆਂ, ਟਰਾਂਸਪੋਰਟਰਾਂ ਦੇ ਨਾਲ-ਨਾਲ ਪੰਜਾਬ ਦੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਦਾ ਕਾਰੋਬਾਰ ਖਤਮ ਹੋਣ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਦੇ ਰਾਹ ਵਿੱਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ?

ਹੁਣ ਦੇਖਣਾ ਇਹ ਹੈ ਕਿ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ। ਕਿਉਂਕਿ ਕਿਸਾਨ ਆਗੂ ਗੁਰਮਨਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਉਸ ਸਮੇਂ ਮੁਹਾਲੀ ਵਿੱਚ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਜਲੰਧਰ ਦੇ ਪਿਮਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 

ਕਿਸਾਨਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ: ਐਡਵੋਕੇਟ ਧਾਮੀ

ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲਈ ਲੜ ਰਹੇ ਕਿਸਾਨਾਂ ਦੀ ਧੋਖੇਬਾਜ਼ੀ ਨਾਲ ਕੀਤੀ ਗਈ ਗਿ੍ਰਫਤਾਰੀ ਦੇਸ਼ ਦੇ ਅੰਨਦਾਤਾਵਾਂ ਦਾ ਵੱਡਾ ਅਪਮਾਨ ਹੈ। ਇਹ ਦੁੱਖ ਦੀ ਗੱਲ ਹੈ ਕਿ ਦੇਸ਼ ਦੀ ਤਰੱਕੀ, ਖੁਸ਼ਹਾਲੀ ਅਤੇ ਆਰਥਿਕਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਕਿਸਾਨ ਅੱਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਪੀੜਤ ਹਨ।

ਪੰਜਾਬ ਸਰਕਾਰ ਲਈ ਬਹੁਤ ਹੀ ਸ਼ਰਮਨਾਕ ਦਿਨ ਹੈ, ਜਦੋਂ ਕਿਸਾਨ ਆਗੂਆਂ ਨੂੰ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਤੋਂ ਬਾਅਦ ਧੋਖੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕੀ ਸਰਕਾਰਾਂ ਕਿਸਾਨਾਂ ਤੋਂ ਇੰਨੀਆਂ ਡਰ ਗਈਆਂ ਹਨ ਕਿ ਉਹ ਉਨ੍ਹਾਂ ਨਾਲ ਗੱਲਬਾਤ ਵੀ ਨਹੀਂ ਕਰ ਪਾ ਰਹੀਆਂ।

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਗ੍ਰਿਫ਼ਤਾਰ ਕਿਸਾਨ ਆਗੂਆਂ ਅਤੇ ਕਿਸਾਨਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਤੋਂ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਵੀ ਤੁਰੰਤ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਨੂੰ ਵਾਰ-ਵਾਰ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਨਾ ਹੋਣਾ ਪਵੇ।

 

Share This Article
Leave a Comment