ਹਾਈਕੋਰਟ ਵੱਲੋਂ ਪੰਜਾਬ ਪੁਲਿਸ ਨੂੰ ਫਟਕਾਰ, ਕਿਹਾ ਦਸਤਾਵੇਜ਼ਾਂ ‘ਚ ਅਫਰੀਕੀ ਨਿਵਾਸੀ ਦੇ ਲਈ ਨੀਗਰੋ ਸ਼ਬਦ ਲਿਖਣਾ ਸ਼ਰਮਨਾਕ

TeamGlobalPunjab
2 Min Read

ਚੰਡੀਗੜ੍ਹ : ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਐਨਡੀਪੀਐਸ ਕੇਸ ਵਿੱਚ ਦੋਸ਼ੀ ਅਫਰੀਕੀ ਨਿਵਾਸੀ ਨੂੰ ਨੀਗਰੋ ਲਿਖਣ ‘ਤੇ ਪੰਜਾਬ ਪੁਲਿਸ ਨੂੰ ਫਟਕਾਰ ਲਗਾਈ ਹੈ। ਹਾਈ ਕੋਰਟ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਨਸਲਵਾਦ ਖਿਲਾਫ ਦੋ ਦਹਾਕੇ ਜੰਗ ਲੜੀ ਸੀ। ਅਜਿਹੇ ‘ਚ ਪੁਲਿਸ ਵੱਲੋਂ ਐੱਫਆਈਆਰ ਅਤੇ ਚਲਾਨ ਆਦਿ ਦਸਤਾਵੇਜ਼ਾਂ ‘ਚ ਅਫਰੀਕੀ ਨਿਵਾਸੀ ਨੂੰ ਨੀਗਰੋ ਲਿਖਣਾ ਭਾਰਤ ਲਈ ਸ਼ਰਮਨਾਕ ਗੱਲ ਹੈ।

ਐਨਡੀਪੀਐਸ ਦੇ ਇੱਕ ਕੇਸ ਵਿੱਚ ਸੁਣਵਾਈ ਦੌਰਾਨ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਨੀਗਰੋ ਸ਼ਬਦ ਬੋਲਣ ‘ਤੇ ਦੁਨੀਆ ਭਰ ਵਿੱਚ ਮਨਾਹੀ ਹੈ। ਇਸ ਲਈ ਪੁਲਿਸ ਵੱਲੋਂ ਦਸਤਾਵੇਜ਼ਾਂ ‘ਚ ਇਸ ਸ਼ਬਦ ਦਾ ਇਸਤੇਮਾਲ ਕਰਨਾ ਦੇਸ਼ ਨੂੰ ਸ਼ਰਮਿੰਦਾ ਕਰਨ ਵਾਲਾ ਹੈ। ਹਾਈਕੋਰਟ ਨੇ ਕਿਹਾ ਕਿ ਨੀਗਰੋ ਸ਼ਬਦ ਵਰਤਣ ਤੋਂ ਭਾਵ ਹੈ ਕਿ ਹਰ ਕਾਲਾ ਵਿਅਕਤੀ ਨਸ਼ਾ ਤਸਕਰ ਹੈ। ਇਹ ਬਹੁਤ ਘਟੀਆ ਸੋਚ ਹੈ ਅਤੇ ਰੰਗ ਦਾ ਅਪਰਾਧ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।

ਮਾਨਯੋਗ ਹਾਈਕੋਰਟ ਨੇ ਕਿਹਾ ਕਿ ਜਾਂਚ ਅਧਿਕਾਰੀ ਇਹ ਸੁਨਿਸ਼ਚਿਤ ਕਰਨ ਕਿ ਰੰਗ ਦੇ ਅਧਾਰ ‘ਤੇ ਕੋਈ ਭੇਦ-ਭਾਵ ਨਾ ਹੋਵੇ। ਹਾਈਕੋਰਟ ਦੇ ਜਸਟਿਸ ਰਾਜੀਵ ਨਾਰਾਇਣ ਰੈਨਾ ਨੇ ਪੰਜਾਬ ਡੀਜੀਪੀ ਨੂੰ ਇਸ ਸਬੰਧ ਵਿੱਚ ਐਕਸ਼ਨ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪੰਜਾਬ ਦੇ ਡੀਜੀਪੀ ਨੂੰ ਇਹ ਵੀ ਸੁਨਿਸ਼ਚਿਤ ਕਰਨ ਦੇ ਆਦੇਸ਼ ਦਿੱਤੇ ਗਏ ਹਨ ਕਿ ਪੁਲਿਸ ਐਫਆਈਆਰ ਜਾਂ ਚਲਾਨ ਵਿਚ ਰੰਗ ਦੇ ਅਧਾਰ ‘ਤੇ ਅਜਿਹੇ ਸ਼ਬਦਾਂ ਇਸਤੇਮਾਲ ਨਾ ਕਰੇ। ਹਾਈ ਕੋਰਟ ਨੇ ਕਿਹਾ ਕਿ ਅਜ਼ਾਦ ਭਾਰਤ ਦੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਸਾਮਾਨ ਜੀਉਣ ਦਾ ਅਧਿਕਾਰ ਹੈ, ਪਰ ਸਾਨੂੰ ਕਿਸੇ ਨੂੰ ਉਸ ਦੇ ਰੰਗ ਦੇ ਅਧਾਰ ‘ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ।

ਦੱਸ ਦਈਏ ਕਿ ਇਹ ਆਪਣੇ ਆਪ ਵਿਚ ਇਕ ਵੱਖਰਾ ਕੇਸ ਹੈ ਜਿਸ ਵਿਚ ਹਾਈ ਕੋਰਟ ਨੇ ਅਜਿਹੇ ਆਦੇਸ਼ ਜਾਰੀ ਕੀਤੇ ਹਨ। ਅਕਸਰ ਹੀ ਪੰਜਾਬ ਪੁਲਿਸ ਅਫਰੀਕੀ ਨਾਗਰਿਕਾਂ ਨੂੰ ਐਨਡੀਪੀਐਸ ਮਾਮਲਿਆਂ ਵਿੱਚ ਦਰਜ ਐਫਆਈਆਰਜ਼ ਵਿੱਚ ਨੀਗਰੋ ਸ਼ਬਦ ਨਾਲ ਸੰਬੋਧਿਤ ਕਰਦੀ ਹੈ। ਹਾਈ ਕੋਰਟ ਦੇ ਇਸ ਆਦੇਸ਼ ਤੋਂ ਬਾਅਦ ਹੁਣ ਅਫਰੀਕੀ ਨਾਗਰਿਕਾਂ ਨੂੰ ਨੀਗਰੋ ਸ਼ਬਦ ਨਾਲ ਸੰਬੋਧਨ ਨਹੀਂ ਕੀਤਾ ਜਾਵੇਗਾ।

- Advertisement -

Share this Article
Leave a comment