ਸਭ ਥਾਈਂ ਹੋਇ ਸਹਾਇ – ਗੁਰੂ ਤੇਗ਼ ਬਹਾਦਰ ਜੀ

TeamGlobalPunjab
7 Min Read

-ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ;

ਮੀਰੀ-ਪੀਰੀ ਦੀ ਆਤਮਿਕ ਜੋਤ ਸੀ੍ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਨ 1630 ਈਸਵੀ ਤਕ ਸੀ੍ ਅੰਮਿ੍ਤਸਰ ਵਿਖੇ ਪਰਿਵਾਰ ਸਮੇਤ ਨਿਵਾਸ ਕੀਤਾ। ਅੰਮ੍ਰਿਤਸਰ ਵਿਖੇ ਸਤਿਗੁਰ ਜੀ ਗੁਰ ਨਾਨਕ ਪੰਥ ਫੁਲਵਾੜੀ ਦੀਆਂ ਮਹਿਕਾਂ ਦੀ ਰਾਖੀ ਵੀ ਕਰਦੇ ਰਹੇ ਅਤੇ ਸੰਗਤਾਂ ਵਿੱਚ ਵੰਡ ਕੇ ਨਿਹਾਲ ਵੀ ਕਰਦੇ ਰਹੇ।ਜਬਰ ਜੁਲਮ ਖਿਲਾਫ ਤਿੰਨ ਜੰਗਾਂ ਜਿੱਤਣ ਉਪਰੰਤ ਛੇਵੇਂ ਪਾਤਸ਼ਾਹ ਕਰਤਾਰਪੁਰ (ਜਲੰਧਰ) ਵਿਖੇ ਜਾ ਬਿਰਾਜੇ। ਸੰਨ 1634 ਵਿਚ ਹੱਥੀਂ ਪਾਲੇ਼ ਪ੍ਰੰਤੂ ਗੁਰੂ ਘਰ ਦੇ ਵਿਰੋਧੀਆਂ ਦੀ ਚਾਲ ਵਿਚ ਫ਼ਸੇ ਹੰਕਾਰੀ ਪੈਂਦੇ ਖਾਂ ਦਾ ਗਹਿਗੱਚ ਮੁਕਾਬਲੇ ਵਿਚ ਉਧਾਰ ਕੀਤਾ। ਇਸ ਸਾਲ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਬਾਕੀ ਪਰਿਵਾਰ ਨੂੰ ਨਾਲ ਲੈਕੇ ਕੀਰਤਪੁਰ ਸਾਹਿਬ ਨੂੰ ਚਲੇ ਗਏ । ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਪੋਤਰੇ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ,ਪਰੰਤੂ ਸਭ ਤੋਂ ਛੋਟੇ ਸਪੁੱਤਰ (ਗੁਰੂ) ਤੇਗ਼ ਬਹਾਦਰ ਜੀ ਨੂੰ ਉਨ੍ਹਾਂ ਦੀ ਮਾਤਾ ਨਾਨਕੀ ਅਤੇ ਪਰਿਵਾਰ ਸਮੇਤ ਸਮੇਤ ਪਿੰਡ ਬਕਾਲੇ਼ ਜਾਣ ਦੀ ਆਗਿਆ ਕੀਤੀ। ਬਕਾਲਾ਼ ਸੀ੍ ਗੁਰੂ ਤੇਗ ਬਹਾਦਰ ਜੀ ਦਾ ਨਾਨਕਾ ਪਿੰਡ ਹੈ।

ਸੰਨ 1664 ਦੇ ਆਰੰਭਕ ਮਹੀਨਿਆਂ ਦੌਰਾਨ ਸੀ੍ ਗੁਰੂ ਹਰਕ੍ਰਿਸ਼ਨ ਜੀ ਔਰੰਗਜੇਬ ਦੇ ਸੱਦੇ ਤੇ ਦਿੱਲੀ ਵਿਖੇ ਅੰਬਰਪਤਿ ਮਿਰਜ਼ਾ ਜੈ ਸਿੰਘ ਦੁਆਰਾ ਗੁਰੂ ਜੀ ਦੇ ਨਿਵਾਸ ਲਈ ਬਣਵਾਏ ਬੰਗਲੇ ਵਿਚ ਠਹਿਰੇ ਹੋਏ ਸਨ। ਓਹਨਾਂ ਦਿਨਾਂ ਵਿਚ ਦਿੱਲੀ ਵਿਚ ਚੇਚਕ ਬੀਮਾਰੀ ਪੂਰੀ ਤਰ੍ਹਾਂ ਫੈਲੀ ਹੋਈ ਸੀ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਚੇਚਕ ਦੇ ਰੋਗੀਆਂ ਨੂੰ ਹੌਸਲਾ ਅਤੇ ਇਮਦਾਦ ਦੇਣ ਲਈ ਲੋੜਵੰਦਾਂ ਪਾਸ ਖ਼ੁਦ ਪਹੁੰਚਦੇ ਸਨ। ਉਸ ਵਕਤ ਗੁਰੂ ਜੀ ਦੀ ਉਮਰ ਅੱਠ ਸਾਲ ਤੋਂ ਵੀ ਘੱਟ ਸੀ।ਦੁੱਖੀ ਅਤੇ ਬੀਮਾਰ ਲੋੜਵੰਦਾਂ ਦੀ ਸੇਵਾ ਕਰਦਿਆਂ ਹੋਇਆਂ ਆਪਜੀ ਦੇ ਸਰੀਰ ਨੂੰ ਨਾਮੁਰਾਦ ਚੇਚਕ ਦੀ ਲਾਗ ਲੱਗ ਗਈ। ਤੇਜ਼ ਬੁਖਾਰ ਕਰਕੇ ਸਰੀਰਕ ਕਮਜ਼ੋਰੀ ਬਹੁਤ ਹੋ ਗਈ ਸੀ।ਧੀਮੀ ਆਵਾਜ਼ ਵਿਚ ਆਪਜੀ ਨੇ ਜੋ ਅਗਲੇ ਗੁਰੂ ਸਾਹਿਬ ਬਾਰੇ ਹਾਜ਼ਰ ਸੰਗਤਾਂ ਨੂੰ ਦੱਸਿਆ, ਸੰਗਤਾਂ ਉਸ ਵਿਚੋਂ ਕੇਵਲ “ਬਾਬਾ”ਅਤੇ “ਬਕਾਲੇ” ਸ਼ਬਦਾਂ ਨੂੰ ਹੀ ਸਮਝ ਸਕੀਆਂ। 30 ਮਾਰਚ 1664 ਨੂੰ ਗੁਰੂ ਹਰਕ੍ਰਿਸ਼ਨ ਜੀ ਦੀ ਆਤਮਿਕ ਜੋਤ ਪਰਮਜੋਤ ਵਿਚ ਸਮਾ ਗਈ।ਨੌਵੇਂ ਗੁਰੂ ਮਹਾਰਾਜ ਸਬੰਧੀ ” ਬਾਬਾ ਬਕਾਲੇ” ਖੁਲਾਸਾ ਹੋਣ ਕਾਰਨ ਗੁਰ ਗੱਦੀ ਦੇ ਲਾਲਸੀਆਂ ਨੂੰ ਆਪਣੀਆਂ ਚਾਲਾਂ ਚਲਾਉਣ ਦਾ ਮੌਕਾ ਮਿਲ ਗਿਆ। “ਬਾਬਾ” ਸ਼ਬਦ ਗੁਰੂ ਅਤੇ ਦਾਦਾ ਦੋਹਾਂ ਲਈ ਪ੍ਰਚਲਿਤ ਹੈ।”ਬਾਬਾ” ਸ਼ਬਦ ਦਾ ਫਾਇਦਾ ਲੈ ਕੇ 22 ਸੋਢੀਆਂ ਨੇ ਬਕਾਲਾ ਵਿਖੇ ਆਪਣੇ-ਆਪ ਨੂੰ ਗੁਰੂ ਸਥਾਪਿਤ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ। ਇਨ੍ਹਾਂ ਸਾਰਿਆਂ ਵਿਚ ਪ੍ਰਮੁੱਖ ਧੀਰ ਮੱਲ ਸੀ, ਜਿਸ ਪਾਸ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਅਤੇ ਭਾਈ ਗੁਰਦਾਸ ਜੀ ਦੀ ਹੱਥ ਲਿਖਤ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੀ। ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਨੂਦੀ ਹਾਸਲ ਕਰਨ ਲਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿੱਚ ਬਦਲਾਅ ਕਰਨ ਕਰਕੇ ਸ੍ਰੀ ਗੁਰੂ ਹਰਿਰਾਏ ਸਾਹਿਬ ਵੱਲੋਂ ਧਿਰਕਾਰੇ ਬਾਬਾ ਰਾਮ ਰਾਇ ਨੇ ਵੀ ਬਕਾਲੇ ਗੁਰਗੱਦੀ ਸਜਾ ਲਈ। ਹਾਲਾਤ ਨੇ ਸੰਗਤਾਂ ਵਿੱਚ ਦੁਬਿਧਾ ਅਤੇ ਨਿਰਾਸ਼ਤਾ ਪੈਦਾ ਕਰ ਦਿੱਤੀ।

ਇਸ ਨਿਰਾਸ਼ਾ ਅਤੇ ਦਵੰਦ ਭਰੇ ਮਾਹੌਲ ਵਿਚ ਜ਼ਿਲ੍ਹਾ ਜਿਹਲਮ ਦੇ ਨਗਰ ਟਾਂਡਾ ਦਾ ਵਸਨੀਕ ਸਿੱਖ ਵਿਉਪਾਰੀ ਭਾਈ ਮੱਖਣ ਸ਼ਾਹ ਲੁਬਾਣਾ ਗੁਰੂ ਚਰਨਾਂ ਵਿਚ ਆਪਣੇ ਵਿਉਪਾਰ ਦੀ ਕਮਾਈ ਵਿਚੋਂ ਦਸਵੰਧ ਭੇਂਟ ਕਰਨ ਅਤੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਲਈ ਬਕਾਲੇ ਆਇਆ। ਗੁਰਗੱਦੀ ਦੇ ਬਾਈ ਦਾਅਵੇਦਾਰ ਵੇਖ ਕੇ ਉਹ ਵੀ ਹੈਰਾਨ ਅਤੇ ਦਿਲਗੀਰ ਹੋ ਗਿਆ।ਉਸ ਦਾ ਸ਼ਰਧਾ-ਸਿਦਕ ਰੂਪੀ ਜਹਾਜ਼ ਨਿਰਾਸ਼ਾ ਦੇ ਭਵਸਾਗਰ ਵਿਚ ਡੱਕੋ ਡੋਲੇ ਖਾ ਗਿਆ। ਅਜਿਹੀ ਡਾਵਾਂਡੋਲ ਮਾਨਸਿਕ ਸਥਿਤੀ ਵਿਚ ਉਸ ਨੇ ਇਕਾਗਰ ਚਿੱਤ ਹੋ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਸੱਚੇ ਸਤਿਗੁਰਾਂ ਦੇ ਦਰਸ਼ਨਾਂ ਲਈ ਅਰਦਾਸ ਕੀਤੀ।ਨਿਸਚਾ ਦਿ੍ੜ ਕਰਕੇ ਇਸ ਕਠਿਨ ਅਤੇ ਦੁਬਿਧਾ ਭਰੇ ਮਾਹੌਲ ਦਾ ਨਿਤਾਰਾ ਕਰਨ ਲਈ ਉਹ ਹਰੇਕ ਅਖੌਤੀ ਅਤੇ ਦਾਅਵੇਦਾਰ ਗੁਰੂ ਦੇ ਸਨਮੁਖ ਹਾਜ਼ਰ ਹੋਇਆ। ਹਰੇਕ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਇਹ ਕਾਰਜ ਕਰਦਿਆਂ ਹੋਇਆਂ ਕੋਈ ਵੀ ਉਸਦੀ ਸ਼ਰਧਾ ਭਾਵਨਾ ਨੂੰ ਸਮਝ ਨਾ ਸਕਿਆ।ਗੁਰ-ਭਾਲ ਕਿਸੇ ਤਣ ਪੱਤਣ ਨਾ ਲੱਗੀ। ਜਦੋਂ ਸੂਰਜ ਸਿਰ ਤੇ ਆ ਗਿਆ ਤਾਂ ਆਪਣੇ ਸਾਥੀਆਂ ਸਮੇਤ ਕਈ (ਗੁਰੂ) ਤੇਗ਼ ਬਹਾਦਰ ਜੀ ਦੇ ਦਰ ਤੇ ਜਾ ਪਹੁੰਚਿਆ। ਗੁਰੂ ਜੀ ਬਿਲਕੁਲ ਸ਼ਾਂਤ-ਚਿੱਤ ਅਤੇ ਲਾਲਸਾ-ਰਹਿਤ ਮਨੋ ਦਸ਼ਾ ਵਿਚ ਅਕਾਲ ਪੁਰਖ ਦੇ ਚਰਨਾਂ ਵਿਚ ਲੀਨ ਸਨ, ਜਦੋਂ ਮੱਖਣ ਸ਼ਾਹ ਲੁਬਾਣੇ ਨੇ ਉਨ੍ਹਾਂ ਅੱਗੇ ਵੀ ਦੋ ਮੋਹਰਾਂ ਰੱਖ ਕੇ ਗੁਰੂ ਚਰਨਾਂ ਤੇ ਮੱਥਾ ਟੇਕ ਦਿੱਤਾ। ਘਟ-ਘਟ ਦੀਆਂ ਜਾਨਣ ਵਾਲੇ ਪਾਤਸ਼ਾਹ ਨੇ ਮੋਹਰਾਂ ਵੱਲ ਕੋਈ ਧਿਆਨ ਨਾ ਦਿੱਤਾ ਅਤੇ ਭਾਈ ਮੱਖਣ ਸ਼ਾਹ ਲੁਬਾਣੇ ਦੇ ਸਿਰ ਨੂੰ ਆਪਣੇ ਕਰ-ਕਮਲਾਂ ਨਾਲ ਆਸਰਾ ਦੇ ਕੇ ਉਤਾਂਹ ਕੀਤਾ । ਗੁਰਦੇਵ ਜੀ ਨੇ ਨੂਰੀ ਨੇਤਰਾਂ ਨਾਲ ਭਾਈ ਮੱਖਣ ਸ਼ਾਹ ਲੁਬਾਣੇ ਦੇ ਚਿਹਰੇ ਤੇ ਅਗੰਮੀ ਪ੍ਰਕਾਸ਼ ਪਾਇਆ ਤਾਂ ਉਸ ਦੀ ਭਾਲ ਪੂਰੀ ਹੋ ਗਈ। ਉਸਦਾ ਹਿਰਦਾ ਰੱਬੀ ਨੂਰ ਨਾਲ ਪ੍ਰਕਾਸ਼ਮਾਨ ਹੋ ਗਿਆ।ਸੱਚੇ ਗੁਰਦੇਵ ਜੀ ਦੀ ਭਾਲ ਤਣ-ਪੱਤਣ ਲੱਗ ਗਈ। ਮਾਨੋ ਰੂਹਾਨੀ ਪੂਰਨਮਾਸ਼ੀ ਦੇ ਚੰਨ ਦੇ ਨਿਰਮਲ ਨੂਰ ਨੇ ਦਿਨ ਵੇਲੇ ਹੀ ਜਗਤ ਦੀ ਫਿਜ਼ਾ ਨੂੰ ਅਧਿਆਤਮਕ ਦੁੱਧ ਨਾਲ ਪਵਿੱਤਰ ਕਰ ਦਿੱਤਾ ਹੋਵੇ। ਨਿਰਾਸ਼ਤਾ ਦੇ ਮੰਝਧਾਰ ਵਿਚ ਡੋਲਦੇ ਸ਼ਰਧਾ-ਸਿਦਕ ਦੇ ਬੇੜੇ ਨੂੰ ਸਤਿਗੁਰੂ ਨੇ ਕਿਨਾਰੇ ਲਾ ਦਿੱਤਾ। ਸੂਰਜ ਪੂਰੀ ਤਰ੍ਹਾਂ ਲਿਸ਼ਕਾਂ ਮਾਰ ਰਿਹਾ ਸੀ। ਉਸ ਨੇ ਖੁਸ਼ੀ ਖੁਸ਼ੀ ਕੋਠੇ ਉੱਤੇ ਚੜ੍ਹ ਕੇ ਢੰਡੋਰਾ ਦੇ ਦਿੱਤਾ,”ਗੁਰੂ ਲਾਧੋ ਰੇ—ਗੁਰੂ ਲਾਧੋ ਰੇ”। ਉਸ ਦੀ ਉੱਚੀ ਅਤੇ ਸਿੱਦਕ-ਸਿਰੜ੍ਹ ਭਰੀ ਆਵਾਜ਼ ਸੁਣ ਕੇ ਸਾਰੇ ਸਿੱਖ ਸ਼ਰਧਾਲੂ ਗੁਰੂ ਤੇਗ਼ ਬਹਾਦਰ ਜੀ ਦੇ ਚਰਨਾਂ ਵਿਚ ਹਾਜ਼ਰ ਹੋ ਗਏ। ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੀ ਅੰਸ਼-ਵੰਸ਼ ਵਿਚੋਂ ਪੰਜਵੀਂ ਪੀੜ੍ਹੀ ਦੇ ਭਾਈ ਗੁਰਦਿੱਤਾ ਜੀ ਨੇ ਗੁਰੂ ਤੇਗ਼ ਬਹਾਦਰ ਜੀ ਨੂੰ ਗੁਰਗੱਦੀ ਤਿਲਕ ਲਗਾ ਕੇ ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ। ਉਸ ਭਾਗਾਂ ਭਰੇ ਦਿਨ ਸਾਵਣ ਮਹੀਨੇ ਦੀ ਪੂਰਨਮਾਸ਼ੀ ਸੀ।

- Advertisement -

ਗੁਰਤਾ ਗੱਦੀ ਦੇ ਬਾਕੀ ਦਾਅਵੇਦਾਰ ਤਾਂ ਬਕਾਲਾ਼ ਛੱਡ ਕੇ ਚਲੇ ਗਏ, ਪ੍ਰੰਤੂ ਧੀਰ ਮੱਲ ਅਤੇ ਉਸ ਦੇ ਮਸੰਦਾਂ ਨੂੰ ਗੁਰੂ ਤੇਗ਼ ਬਹਾਦਰ ਜੀ ਦਾ ਗੁਰਗੱਦੀ ਤੇ ਸੁਸ਼ੋਭਿਤ ਹੋਣਾ ਬਰਦਾਸ਼ਤ ਨਾ ਹੋਇਆ।ਕੋ੍ਧ ਦੀ ਭੱਠੀ ਵਿਚ ਸੜਦਿਆਂ ਹੋਇਆਂ ਧੀਰ ਮੱਲ ਦੇ ਮਸੰਦ ਸੀ਼ਹੇ ਨੇ ਬੰਦੂਕ ਨਾਲ ਗੁਰੂ ਮਹਾਰਾਜ ਤੇ ਗੋਲ਼ੀ ਚਲਾ ਦਿੱਤੀ,ਪਰ ਨਿਸ਼ਾਨਾ ਖੁੰਝ ਜਾਣ ਕਰਕੇ ਬਚਾਅ ਹੋ ਗਿਆ। ਸੀ਼ਂਂਹੇ ਨੇ ਆਪਣੇ ਸਾਥੀਆਂ ਨਾਲ ਗੁਰੂ ਘਰ ਦਾ ਸਾਰਾ ਸਮਾਨ ਅਤੇ ਪੈਸੇ-ਟਕੇ ਲੁੱਟ ਕੇ ਕਰਤਾਰਪੁਰ ਨੂੰ ਚਲੇ ਗਏ। ਇਸ ਸਾਰੇ ਮਾਲ ਅਤੇ ਧਨ ਨੂੰ ਮੱਖਣ ਸ਼ਾਹ ਲੁਬਾਣੇ ਦੇ ਸਾਥੀਆਂ ਨੇ ਸਮੇਤ “ਆਦਿ ਬੀੜ” ਧੀਰ ਮੱਲ ਅਤੇ ਮਸੰਦਾਂ ਪਾਸੋਂ ਖੋਹ ਲਏ।ਪਰ ਦਿਆਲੂ ਸਤਿਗੁਰਾਂ ਨੇ ਸਾਰਾ ਮਾਲ-ਮੱਤਾ ਅਤੇ “ਆਦਿ ਬੀੜ” ਧੀਰ ਮੱਲ ਦੀ ਅਮਾਨਤ ਸਮਝ ਕੇ ਉਸ ਕੋਲ਼ ਵਾਪਿਸ ਭੇਜ ਦਿੱਤੀ।

ਸਾਵਣ ਦੀ ਪੂਰਨਮਾਸ਼ੀ ਵਾਲੇ ਦਿਨ ਹੀ ਭੈਣ-ਭਰਾ ਦੇ ਪਿਆਰ ਦਾ ਇਜ਼ਹਾਰ ਕਰਦਾ ਤਿਉਹਾਰ ਰੱਖੜੀ ਹੁੰਦਾ ਹੈ।”ਗੁਰੂ ਲਾਧੋ ਰੇ” ਦੇ ਇਤਿਹਾਸਕ ਦਿਵਸ ਨੂੰ ਸਮਰਪਿਤ ਗੁਰਪੁਰਬ ਮਨਾਉਣ ਲਈ ਸੰਗਤਾਂ ਹਰ ਸਾਲ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਹਾਜ਼ਰੀ ਭਰਕੇ ਗੁਰ-ਬਖਸੀ਼ਸ਼ ਸਦਕਾ ਨਿਹਾਲ ਹੁੰਦੀਆਂ ਹਨ।

ਸੰਪਰਕ :98158 40755

Share this Article
Leave a comment