ਭਾਰੀ ਮੀਂਹ ਨੇ ਸੂਤੇ ਕਿਸਾਨਾਂ ਦੇ ਸਾਹ, ਇਨ੍ਹਾਂ ਇਲਾਕਿਆਂ ‘ਚ ਹਾਲੇ ਨਹੀਂ ਮਿਲੇਗੀ ਰਾਹਤ

Prabhjot Kaur
2 Min Read

ਨਵੀਂ ਦਿੱਲੀ: ਮਾਨਸੂਨ ਸੀਜ਼ਨ ਦੇ ਆਖਰੀ ਪੜਾਅ ‘ਚ ਦੇਸ਼ ਦੇ ਕਈ ਹਿੱਸਿਆਂ ‘ਚ ਭਾਰੀ ਬਾਰਿਸ਼ ਜਾਰੀ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਰਾਜਸਥਾਨ, ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਮੀਂਹ ਕਾਰਨ ਪਾਰਾ ਕੁਝ ਡਿਗਰੀ ਤੱਕ ਡਿੱਗ ਤਾਂ ਗਿਆ ਪਰ ਇਸ ਕਾਰਨ ਕਿਸਾਨਾਂ ਦੀਆਂ ਫਸਲਾਂ ਖਾਸ ਕਰਕੇ ਝੋਨੇ ਅਤੇ ਕਪਾਹ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਿਸਾਨਾਂ ਦਾ ਹਜ਼ਾਰਾਂ ਏਕੜ ਰਕਬਾ ਮੀਂਹ ਦੀ ਮਾਰ ਕਾਰਨ ਬਰਬਾਦ ਹੋ ਗਿਆ।

ਮੌਸਮ ਵਿਗਿਆਨੀਆਂ ਮੁਤਾਬਕ ਫਿਲਹਾਲ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਤੇਜ਼ ਬਾਰਿਸ਼ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ, ਇਸ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਆਵੇਗੀ ਅਤੇ ਦਿਨ ਅਤੇ ਰਾਤ ਦਾ ਫਰਕ ਘੱਟ ਹੋਣ ਕਾਰਨ ਠੰਢ ਦਾ ਅਹਿਸਾਸ ਵੀ ਬਣਿਆ ਰਹੇਗਾ। ਅਗਲੇ 3 ਦਿਨਾਂ ਵਿੱਚ ਹਲਕੇ ਤੋਂ ਬੱਦਲਵਾਈ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਰਹੇਗੀ।

ਉੱਥੇ ਹੀ ਦਿੱਲੀ ‘ਚ ਸ਼ਨੀਵਾਰ ਨੂੰ ਲਗਾਤਾਰ ਤੀਜੇ ਦਿਨ ਮੀਂਹ ਕਾਰਨ ਕਈ ਥਾਵਾਂ ‘ਤੇ ਪਾਣੀ ਭਰ ਗਿਆ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਦਿੱਲੀ ਦੇ ਮੁੱਖ ਮੌਸਮ ਵਿਗਿਆਨ ਸਟੇਸ਼ਨ ਸਫਦਰਜੰਗ ਆਬਜ਼ਰਵੇਟਰੀ ‘ਚ ਸ਼ਨੀਵਾਰ ਸਵੇਰੇ 8.30 ਵਜੇ ਤੋਂ ਬਾਅਦ 6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਸ਼ਨੀਵਾਰ ਲਈ ‘ਯੈਲੋ’ ਅਲਰਟ ਵੀ ਜਾਰੀ ਕੀਤਾ ਸੀ, ਜਿਸ ਦੇ ਤਹਿਤ ਜ਼ਿਆਦਾਤਰ ਇਲਾਕਿਆਂ ‘ਚ ਹਲਕੀ ਬਾਰਿਸ਼ ਅਤੇ ਦਿੱਲੀ ‘ਚ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਸੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment