ਚੰਡੀਗੜ੍ਹ: ਪੰਜਾਬ ਵਿੱਚ 40 ਡਿਗਰੀ ਸੈਲਸੀਅਸ ਤੋਂ ਉੱਪਰ ਪਹੁੰਚੇ ਤਾਪਮਾਨ ਨੇ ਲੋਕਾਂ ਦੀ ਸਿਹਤ ‘ਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਸਿਹਤ ਵਿਭਾਗ ਦੀ ਤਾਜ਼ਾ ਰਿਪੋਰਟ ਮੁਤਾਬਕ ਪਿਛਲੇ ਚਾਰ ਮਹੀਨਿਆਂ ਦੌਰਾਨ ਤੇਜ਼ ਬੁਖਾਰ (ਐਕਿਊਟ ਫੈਬਰਾਈਲ ਇਲਨੈੱਸ) ਦੇ 5,840 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਰੀਜ਼ਾਂ ਦੇ ਇਲਾਜ ਲਈ ਪੰਜਾਬ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 1.31 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਭਾਵੇਂ ਅੱਜ ਸਵੇਰੇ ਮੌਸਮ ਵਿੱਚ ਆਈ ਤਬਦੀਲੀ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ ਹੈ, ਪਰ ਸਿਹਤ ਅਧਿਕਾਰੀਆਂ ਅਨੁਸਾਰ ਗਰਮੀ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ।
ਐਂਟਰੀਕ ਬੁਖਾਰ ਅਤੇ ਸਾਹ ਸਬੰਧੀ ਬਿਮਾਰੀਆਂ ਦੇ ਕੇਸ ਵਧੇ
ਰਾਜ ਸਿਹਤ ਏਜੰਸੀ (SHA) ਪੰਜਾਬ ਦੇ ਅੰਕੜਿਆਂ ਮੁਤਾਬਕ ਪਾਣੀ ਅਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਦੇ ਕਈ ਮਾਮਲੇ ਦਰਜ ਹੋਏ ਹਨ। ਐਂਟਰੀਕ ਬੁਖਾਰ ਦੇ 1,396 ਮਾਮਲੇ ਸਾਹਮਣੇ ਆਏ, ਜਿਨ੍ਹਾਂ ਦੇ ਇਲਾਜ ਲਈ 30.47 ਲੱਖ ਰੁਪਏ ਦੇ ਦਾਅਵੇ ਕੀਤੇ ਗਏ।
ਇਸੇ ਤਰ੍ਹਾਂ ਨਮੂਨੀਆ ਦੇ 377 ਮਾਮਲਿਆਂ ‘ਤੇ 11.06 ਲੱਖ ਰੁਪਏ ਅਤੇ ਐਕਿਊਟ ਬ੍ਰੌਨਕਾਈਟਿਸ ਦੇ 326 ਮਾਮਲਿਆਂ ‘ਤੇ 9.24 ਲੱਖ ਰੁਪਏ ਤੋਂ ਵੱਧ ਖਰਚ ਹੋਇਆ। ਸੂਬੇ ਭਰ ਵਿੱਚ ਡੇਂਗੂ ਦੇ 12, ਚਿਕਨਗੁਨੀਆ ਦੇ 6 ਅਤੇ ਮਲੇਰੀਆ ਦੇ 3 ਮਾਮਲੇ ਵੀ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਹੀਟ ਸਟ੍ਰੋਕ ਕਾਰਨ ਚਾਰ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ।
ਸਿਹਤ ਮਾਹਿਰਾਂ ਮੁਤਾਬਕ ਮੌਸਮੀ ਬਿਮਾਰੀਆਂ ਦਾ ਫੈਲਾਅ ਮੀਂਹ, ਮੱਛਰਾਂ ਦੀ ਗਿਣਤੀ ਵਿੱਚ ਵਾਧਾ ਅਤੇ ਸਫ਼ਾਈ ਦੀ ਸਥਿਤੀ ਨਾਲ ਜੁੜਿਆ ਹੁੰਦਾ ਹੈ।
ਬੱਚਿਆਂ ਲਈ ਖ਼ਾਸ ਸਾਵਧਾਨੀ ਦੀ ਲੋੜ
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਗਰਮੀਆਂ ਦੌਰਾਨ ਤੇਜ਼ ਬੁਖਾਰ, ਉਲਟੀਆਂ, ਦਸਤ, ਸਿਰ ਦਰਦ, ਸਾਹ ਦੀਆਂ ਲਾਗਾਂ ਅਤੇ ਚਮੜੀ ਜਾਂ ਅੱਖਾਂ ਦੀਆਂ ਐਲਰਜੀਆਂ ਦੇ ਮਾਮਲੇ ਵਧ ਜਾਂਦੇ ਹਨ। ਕਈ ਵਾਰ ਲੋਕ ਗਰਮੀ ਕਾਰਨ ਡਾਕਟਰੀ ਸਲਾਹ ਲੈਣ ਵਿੱਚ ਦੇਰੀ ਕਰਦੇ ਹਨ, ਜਿਸ ਨਾਲ ਹਾਲਤ ਹੋਰ ਵਿਗੜ ਸਕਦੀ ਹੈ।
ਬਾਲ ਰੋਗ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਵਜੰਮੇ ਅਤੇ ਛੋਟੇ ਬੱਚੇ ਇਨਫੈਕਸ਼ਨਾਂ ਲਈ ਵਧੇਰੇ ਸੰਵੇਦਨਸ਼ੀਲ ਹੁੰਦੇ ਹਨ। ਮਾਹਿਰਾਂ ਅਨੁਸਾਰ ਠੀਕ ਤਰ੍ਹਾਂ ਨਾ ਖਾਣਾ, ਵਾਰ-ਵਾਰ ਉਲਟੀਆਂ, ਤੇਜ਼ ਸਾਹ ਲੈਣਾ, ਡੀਹਾਈਡਰੇਸ਼ਨ, ਦੌਰੇ ਪੈਣਾ ਜਾਂ ਲਗਾਤਾਰ ਬੁਖਾਰ ਵਰਗੇ ਲੱਛਣਾਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਤਿੰਨ ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਨੂੰ ਬੁਖਾਰ ਹੋਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਸਿਹਤ ਯੋਜਨਾ ਤਹਿਤ 465 ਕਰੋੜ ਰੁਪਏ ਦਾ ਇਲਾਜ
ਅਧਿਕਾਰਤ ਅੰਕੜਿਆਂ ਅਨੁਸਾਰ ਪੰਜਾਬ ਸਰਕਾਰ ਦੀ ਫਲੈਗਸ਼ਿਪ ਸਿਹਤ ਯੋਜਨਾ ਤਹਿਤ ਸ਼ੁਰੂਆਤ ਤੋਂ ਤਿੰਨ ਮਹੀਨਿਆਂ ਅੰਦਰ ਹੀ 465.36 ਕਰੋੜ ਰੁਪਏ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ। ਹੁਣ ਤੱਕ 42 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਹੋ ਚੁੱਕੇ ਹਨ ਅਤੇ 2.77 ਲੱਖ ਮਰੀਜ਼ਾਂ ਨੂੰ ਪ੍ਰੀ-ਆਥੋਰਾਈਜ਼ੇਸ਼ਨ ਮਨਜ਼ੂਰੀਆਂ ਤੋਂ ਬਾਅਦ ਇਲਾਜ ਮਿਲ ਚੁੱਕਾ ਹੈ।
ਇਸ ਦੌਰਾਨ ਆਰਥੋਪੀਡਿਕ ਇਲਾਜਾਂ, ਖ਼ਾਸ ਕਰਕੇ ਗੋਡੇ ਬਦਲਣ ਵਾਲੀਆਂ ਸਰਜਰੀਆਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ ਅਤੇ ਹੁਣ ਤੱਕ ਕਰੀਬ 4,600 ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ।

