ਜੰਮੂ-ਕਸ਼ਮੀਰ: ਉੱਤਰੀ ਕਸ਼ਮੀਰ ਦੇ ਕੇਰਨ ਖੇਤਰ ਵਿੱਚ ਐਲਓਸੀ ਦੇ ਨੇੜੇ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ, ਜਿੱਥੇ ਦਿਲ ਦਾ ਦੌਰਾ ਪੈਣ ਨਾਲ ਇੱਕ ਉੱਚ ਅਧਿਕਾਰੀ ਦਾ ਦੇਹਾਂਤ ਹੋ ਗਿਆ। ਉਸ ਦੇ ਪਰਿਵਾਰਕ ਮੈਂਬਰ ਸਰਹੱਦ ਦੇ ਦੂਜੇ ਪਾਸੇ ਖੜ੍ਹ ਕੇ ਉਸ ਦੇ ਆਖਰੀ ਦਰਸ਼ਨ ਕਰਦੇ ਨਜ਼ਰ ਆਏ।
ਕੇਰਨ ਪਿੰਡ ਕੁਪਵਾੜਾ ਜ਼ਿਲ੍ਹੇ ਵਿੱਚ ਐਲਓਸੀ ਦੇ ਨਾਲ ਲੱਗਦਾ ਹੈ ਤੇ ਇਹ ਕਿਸ਼ਨਗੰਗਾ ਦਰਿਆ ਨਾਲ ਵੰਡਿਆ ਹੋਇਆ ਹੈ। ਪਾਕਿਸਤਾਨ ਵਾਲੇ ਪਾਸੇ ਇਸ ਦਰਿਆ ਨੂੰ ਨੀਲਮ ਕਿਹਾ ਜਾਂਦਾ ਹੈ।
ਪਿੰਡ ਵਾਸੀਆਂ ਮੁਤਾਬਕ ਲਿਆਕਤ ਅਲੀ ਖਾਨ, ਜੋ ਗੰਦਰਬਲ ਵਿੱਚ ਨਾਇਬ ਤਹਿਸੀਲਦਾਰ ਵਜੋਂ ਕੰਮ ਕਰ ਰਹੇ ਸਨ, ਕੁਝ ਦਿਨ ਪਹਿਲਾਂ ਦਿਲ ਦੇ ਦੌਰੇ ਦਾ ਸ਼ਿਕਾਰ ਹੋਏ ਸਨ ਅਤੇ ਸ੍ਰੀਨਗਰ ਦੇ ਹਸਪਤਾਲ ਵਿੱਚ ਜੇਰੇ ਇਲਾਜ ਸਨ। ਕਈ ਦਿਨਾਂ ਤੱਕ ਦਾਖ਼ਲ ਰਹਿਣ ਤੋਂ ਬਾਅਦ ਉਹਨਾਂ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ।
ਜਦੋਂ ਉਨ੍ਹਾਂ ਦੀ ਦੇਹ ਕੇਰਨ ਪਿੰਡ ਪਹੁੰਚੀ ਤਾਂ ਪਾਕਿਸਤਾਨ ਦੇ ਕਬਜ਼ੇ ਹੇਠ ਆਉਂਦੇ ਕਸ਼ਮੀਰ ਵਿੱਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਸਰਹੱਦ ਦੇ ਦੂਜੇ ਪਾਸੇ ਇਕੱਠੇ ਹੋ ਗਏ, ਤਾਂ ਜੋ ਉਹ ਆਖਰੀ ਵਾਰ ਉਹਨਾਂ ਨੂੰ ਦੇਖ ਸਕਣ।

ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਦ੍ਰਿਸ਼ ਬਹੁਤ ਹੀ ਦਰਦਨਾਕ ਸੀ। ਖਾਨ ਦੇ ਕਈ ਰਿਸ਼ਤੇਦਾਰ 1990 ਦੇ ਦਹਾਕੇ ਵਿੱਚ ਦੂਜੇ ਪਾਸੇ ਰਹਿ ਗਏ ਸਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਖਾਨ ਵੀ ਪਹਿਲਾਂ ਉੱਥੇ ਗਏ ਸਨ, ਪਰ ਬਾਅਦ ਵਿੱਚ ਵਾਪਸ ਆ ਕੇ ਕਸ਼ਮੀਰ ਵਿੱਚ ਰਹਿਣ ਲੱਗ ਪਏ। ਉਨ੍ਹਾਂ ਨੇ ਇੱਥੇ ਪੜ੍ਹਾਈ ਕੀਤੀ ਅਤੇ ਵਿਆਹ ਕਰਵਾਇਆ। ਉਹ ਆਪਣੇ ਪਿੱਛੇ ਪਤਨੀ ਅਤੇ ਚਾਰ ਬੱਚੇ ਛੱਡ ਗਏ ਹਨ।
ਉਨ੍ਹਾਂ ਦੇ ਜ਼ਿਆਦਾਤਰ ਰਿਸ਼ਤੇਦਾਰ ਇਸ ਵੇਲੇ ਸਰਹੱਦ ਦੇ ਦੂਜੇ ਪਾਸੇ ਰਹਿੰਦੇ ਹਨ, ਜਦਕਿ ਮਾਂ, ਚਾਚਾ ਅਤੇ ਕੁਝ ਹੋਰ ਰਿਸ਼ਤੇਦਾਰ ਕਸ਼ਮੀਰ ਵਿੱਚ ਹਨ।
ਪਿੰਡ ਦੇ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਕੁਝ ਸਮੇਂ ਲਈ ਦਰਿਆ ਦੇ ਨੇੜੇ ਰੱਖਿਆ ਗਿਆ, ਤਾਂ ਜੋ ਉੱਥੇ ਖੜ੍ਹੇ ਰਿਸ਼ਤੇਦਾਰ ਆਖਰੀ ਦਰਸ਼ਨ ਕਰ ਸਕਣ। ਇਸ ਤੋਂ ਬਾਅਦ ਉਹਨਾਂ ਨੂੰ ਸਪੁਰਦ ਏ ਖਾਕ ਕੀਤਾ ਗਿਆ।
ਇੱਕ ਹੋਰ ਪਿੰਡ ਵਾਸੀ ਨੇ ਕਿਹਾ ਕਿ ਇਹ ਮੰਜ਼ਰ ਵਿਛੋੜੇ ਦੇ ਡੂੰਘੇ ਦਰਦ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਖੜ੍ਹੇ ਰਿਸ਼ਤੇਦਾਰ ਰੋਂਦੇ ਰਹੇ ਅਤੇ ਦੂਰੋਂ ਹੀ ਅਲਵਿਦਾ ਕਹਿਣ ਲਈ ਮਜਬੂਰ ਸਨ।


