ਸ਼ਿਵ ਮਿਨਹਾਸ ਦੀ ਰਿਪੋਰਟ ;
ਫਰੀਦਕੋਟ : ਬਹਿਬਲਕਲਾਂ ਗੋਲੀਕਾਂਡ (ਐੱਫ.ਆਈ.ਆਰ. ਨੰਬਰ 130 ਮਿਤੀ 25 ਅਕਤੂਬਰ 2015 ਥਾਣਾ ਬਾਜਾਖਾਨਾ) ਕੇਸ ਦੀ ਸ਼ੁੱਕਰਵਾਰ ਨੂੰ ਮਾਨਯੋਗ ਸੈਸ਼ਨ ਕੋਰਟ ਵਿੱਚ ਸੁਣਵਾਈ ਹੋਈ। ਇਸ ਮੌਕੇ ਸਾਬਕਾ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ ਚਰਨਜੀਤ ਸ਼ਰਮਾ, ਬਿਕਰਮਜੀਤ ਸਿੰਘ ਤਤਕਾਲੀ ਡੀ.ਐੱਸ.ਪੀ, ਸੁਹੇਲ ਬਰਾੜ ਅਤੇ ਕਾਰੋਬਾਰੀ ਪੰਕਜ ਬਾਂਸਲ ਪੇਸ਼ ਹੋਏ, ਜਦਕਿ ਮਾਨਯੋਗ ਹਾਈ ਕੋਰਟ ਵੱਲੋਂ 2022 ਤੱਕ ਦਿੱਤੀ ਗਈ ਰਾਹਤ ਦੇ ਚੱਲਦਿਆਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਗੁਰਦੀਪ ਸਿੰਘ ਪੰਧੇਰ ਤਤਕਾਲੀ ਐੱਸ.ਐੱਚ.ਓ. ਕੋਟਕਪੂਰਾ ਖ਼ਿਲਾਫ਼ ਅਜੇ ਚਲਾਨ ਪੇਸ਼ ਨਹੀਂ ਹੋਇਆ ਹੈ।
ਸੁਣਵਾਈ ਦੌਰਾਨ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਦੇਣ ਦੇ ਆਦੇਸ਼ ਦਿੱਤੇ । ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਅਕਤੂਬਰ ਨੂੰ ਹੋਵੇਗੀ ਅਤੇ ਸੰਭਾਵਨਾ ਹੈ, ਉਸੇ ਦਿਨ ਦੋਸ਼ੀਆਂ ‘ਤੇ ਦੋਸ਼ ਤੈਅ ਕੀਤੇ ਜਾ ਸਕਦੇ ਹਨ।
ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਹੇਠ ਜਦ ਬਹਿਬਲਕਲਾਂ ਗੋਲੀ ਕਾਂਡ ਦੀ ਜਾਂਚ ਲਈ ਪਹਿਲੀ ‘ਸਿਟ’ ਗਠਿਤ ਕੀਤੀ ਗਈ ਸੀ ਤਾਂ ਇਸ ਦੀ ਰਿਪੋਰਟ ’ਤੇ ਚਾਰ ਸਾਬਕਾ ਪੁਲਸ ਅਧਿਕਾਰੀਆਂ ਚਰਨਜੀਤ ਸ਼ਰਮਾ, ਬਿਕਰਮਜੀਤ ਸਿੰਘ, ਅਮਰਜੀਤ ਸਿੰਘ ਕੁਲਾਰ ਤੋਂ ਇਲਾਵਾ ਪ੍ਰਦੀਪ ਸਿੰਘ ਜੋ ਬਾਅਦ ਵਿੱਚ ਸਰਕਾਰੀ ਗਵਾਹ ਬਣ ਗਿਆ ਸੀ, ਨੂੰ ਨਾਮਜ਼ਦ ਕੀਤਾ ਗਿਆ। ਇਸ ਉਪਰੰਤ ਜਦ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਦੂਸਰੀ ‘ਸਿਟ’ ਗਠਿਤ ਕੀਤੀ ਗਈ ਇਸ ਦੀ ਰਿਪੋਰਟ ਵਿੱਚ ਉਕਤ ਤੋਂ ਇਲਾਵਾ ਸੁਹੇਲ ਬਰਾੜ, ਕਾਰੋਬਾਰੀ ਪੰਕਜ ਬਾਂਸਲ ਤੋਂ ਇਲਾਵਾ ਸਾਬਕਾ ਪੁਲਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਗੁਰਦੀਪ ਸਿੰਘ ਪੰਧੇਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ।