ਸੂਬੇ ‘ਚ ਹੁਣ ਸਾਰੇ ਸਿਹਤ ਕੇਂਦਰਾਂ ’ਚ ਹੋਵੇਗਾ ਕੋਵਿਡ-19 ਟੀਕਾਕਰਨ

TeamGlobalPunjab
2 Min Read

ਚੰਡੀਗੜ੍ਹ: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਵਿਚਾਲੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਟੀਕਾਕਰਨ ਨੂੰ ਲੈ ਕੇ ਨਵਾਂ ਐਲਾਨ ਕੀਤਾ ਹੈ। ਮੰਤਰੀ ਨੇ ਕਿਹਾ ਕਿ ਹੁਣ ਕੋਵਿਡ-19 ਟੀਕਾਕਰਨ ਸਾਰੇ ਸਿਹਤ ਤੇ ਤੰਦਰੁਸਤੀ ਕੇਂਦਰਾਂ, ਸਬ ਸੈਂਟਰਾਂ, ਹੋਮਿਓਪੈਥੀ ਅਤੇ ਆਯੁਰਵੈਦਿਕ ਡਿਸਪੈਂਸਰੀਆਂ ਵਿਖੇ ਕੀਤਾ ਜਾਵੇਗਾ।

ਟੀਕਾਕਰਨ ਦੀ ਸੁਵਿਧਾ 45 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਲਈ ਬਿਨਾਂ ਕਿਸੇ ਸ਼ਰਤ ਦੇ 1 ਅਪ੍ਰੈਲ ਤੋਂ ਸਾਰੇ ਸਰਕਾਰੀ ਸਿਹਤ ਕੇਂਦਰਾਂ ’ਤੇ ਉਪਲਬਧ ਹੋਵੇਗੀ। ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੱਕ ਤਕਰੀਬਨ 7 ਲੱਖ ਆਬਾਦੀ ਦਾ ਟੀਕਾਕਰਨ ਕੀਤਾ ਗਿਆ ਹੈ ਅਤੇ ਲੋਕਾਂ ਦੇ ਦਰ ’ਤੇ ਟੀਕਾਕਰਨ ਸੇਵਾਵਾਂ ਪ੍ਰਦਾਨ ਕਰਨ ਲਈ ਸਾਰੇ ਸਰਕਾਰੀ ਸਿਹਤ ਕੇਂਦਰਾਂ ਅਤੇ ਡਿਸਪੈਂਸਰੀਆਂ/ਹਸਪਤਾਲਾਂ ’ਚ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਸਾਰੇ ਸਿਵਲ ਸਰਜਨਾਂ ਨੂੰ ਜਲਦ ਤੋਂ ਜਲਦ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਅਜਿਹੇ ਕੇਂਦਰਾਂ ’ਚ ਟੀਕਾਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਜਾ ਸਕੇ ਅਤੇ ਵੱਧ ਤੋਂ ਵੱਧ ਯੋਗ ਵਿਅਕਤੀਆਂ ਨੂੰ ਮੁਹਿੰਮ ਅਧੀਨ ਕਵਰ ਕੀਤਾ ਜਾ ਸਕੇ।

ਟੀਕੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਦੇਸ਼ ਵਿਚ ਦੋ ਕੋਵਿਡ-19 ਟੀਕਿਆਂ ਅਰਥਾਤ ਕੋਵੀਸ਼ੀਲਡ ਅਤੇ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਦੋਵੇਂ ਟੀਕੇ ਸੁਰੱਖਿਅਤ ਹਨ। ਭਾਰਤ ਵਿਚ ਲਗਭਗ 40 ਮਿਲੀਅਨ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ, ਜਦੋਂਕਿ ਪੰਜਾਬ ਵਿਚ 27 ਮਾਰਚ ਤੱਕ ਕੁੱਲ 2,96,593 ਹੈਲਥਕੇਅਰ ਅਤੇ ਫਰੰਟਲਾਈਨ ਵਰਕਰਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਅਤੇ 98,496 ਨੂੰ ਦੂਜੀ ਖੁਰਾਕ ਦਿੱਤੀ ਗਈ ਹੈ। 60 ਸਾਲ ਤੋਂ ਵੱਧ ਉਮਰ ਅਤੇ ਹੋਰਨਾਂ ਬਿਮਾਰੀਆਂ ਤੋਂ ਪੀੜਤ 45 ਸਾਲ ਤੋਂ ਵੱਧ ਉਮਰ ਦੇ ਕੁੱਲ 3,92,415 ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਸਰਕਾਰੀ ਸਿਹਤ ਕੇਂਦਰਾਂ ਵਿਚ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਇੱਥੇ ਇਹ ਪੂਰੀ ਤਰ੍ਹਾਂ ਮੁਫ਼ਤ ਹੈ। ਪ੍ਰਾਈਵੇਟ ਹਸਪਤਾਲਾਂ ਲਈ ਸਰਕਾਰ ਨੇ ਟੀਕੇ ਦੀ ਹਰੇਕ ਖੁਰਾਕ ਲਈ ਵੱਧ ਤੋਂ ਵੱਧ 250 ਰੁਪਏ ਫ਼ੀਸ ਤੈਅ ਕੀਤੀ ਹੈ। ਕੋਈ ਵੀ ਯੋਗ ਨਾਗਰਿਕ ਟੀਕਾਕਰਨ ਲਈ ‘selfregistration.cowin.gov.in’ ਜਾਂ ਆਰੋਗਿਆ ਸੇਤੂ ਐਪ ’ਤੇ ਰਜਿਸਟਰ ਕਰ ਸਕਦਾ ਹੈ।

Share this Article
Leave a comment